ਸੀ. ਐੱਲ. ਯੂ. ਘਪਲੇ ''ਚ ਸ਼ਾਮਲ ਅਧਿਕਾਰੀਆਂ ਦੀ ਪਛਾਣ ਕਰੇਗੀ ਸਰਕਾਰ

09/24/2017 8:41:32 AM

ਜਲੰਧਰ (ਰਵਿੰਦਰ ਸ਼ਰਮਾ)-ਸੀ. ਐੱਲ. ਯੂ. ਘਪਲੇ ਵਿਚ ਸਰਕਾਰ ਦਾ ਵੱਡਾ ਫੈਸਲਾ ਆਇਆ ਹੈ। ਸੀ. ਐੱਲ. ਯੂ. ਘਪਲੇ ਵਿਚ ਸ਼ਾਮਲ ਅਧਿਕਾਰੀਆਂ ਦੀ ਸਰਕਾਰ ਪਛਾਣ ਕਰੇਗੀ। ਜਗ ਬਾਣੀ ਵਿਚ ਸੀ. ਐੱਲ. ਯੂ. ਘਪਲੇ ਦਾ ਪਰਦਾਫਾਸ਼ ਹੋਣ ਤੋਂ ਬਾਅਦ ਸਥਾਨਕ ਲੋਕਲ ਬਾਡੀਜ਼ ਮੰਤਰਾਲਾ ਨੇ ਇਹ ਫੈਸਲਾ ਲਿਆ ਹੈ। 
ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਇਸ ਮਾਮਲੇ ਵਿਚ ਕਿਸੇ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹਨ। ਉਨ੍ਹਾਂ ਲੋਕਲ ਬਾਡੀ ਡਾਇਰੈਕਟਰ ਕੋਲੋਂ ਇਸ ਸੰਬੰਧ ਵਿਚ ਰਿਪੋਰਟ ਮੰਗੀ ਹੈ। ਸਰਕਾਰ ਇਹ ਵੀ ਪਤਾ ਲਗਾਵੇਗੀ ਕਿ ਪਿਛਲੇ 5 ਸਾਲਾਂ ਵਿਚ ਬਿਨਾਂ ਸੀ. ਐੱਲ. ਯੂ. ਦੇ ਕਿਹੜੀ-ਕਿਹੜੀ ਬਿਲਡਿੰਗ ਬਣੀ ਤੇ ਕਿਸ-ਕਿਸ ਬਿਲਡਿੰਗ ਦੀ ਕਿਸ ਅਧਿਕਾਰੀ ਨੇ ਕਿੰਨੀ ਰਕਮ ਵਸੂਲੀ। ਸਰਕਾਰ ਦੇ ਇਨ੍ਹਾਂ ਹੁਕਮਾਂ ਤੋਂ ਬਾਅਦ ਹੁਣ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਵਿਚ ਤਾਇਨਾਤ ਅਧਿਕਾਰੀਆਂ ਨੂੰ ਭਾਜੜਾਂ ਪੈ ਗਈਆਂ ਹਨ ਤੇ ਉਹ ਖੁਦ ਨੂੰ ਬਚਾਉਣ ਲਈ ਹੱਥ-ਪੈਰ ਮਾਰਨ ਲੱਗੇ ਹਨ। 
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀਆਂ ਹੱਦਾਂ ਵਿਚ ਬਿਨਾਂ ਸੀ. ਐੱਲ. ਯੂ. ਕਰਵਾਏ ਨਕਸ਼ੇ ਪਾਸ ਕਰਵਾਉਣ ਦੀ ਖੇਡ ਵਿਚ ਕਈ ਵੱਡੇ ਅਧਿਕਾਰੀਆਂ ਦੇ ਨਾਂ ਸਾਹਮਣੇ ਆ ਰਹੇ ਹਨ। ਜ਼ਿਲੇ ਦੀਆਂ ਸਾਰੀਆਂ ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਦੀਆਂ ਹੱਦਾਂ ਵਿਚ ਬਿਨਾਂ ਚੇਂਜ ਲੈਂਡ ਯੂਜ਼ (ਸੀ. ਐੱਲ. ਯੂ.) ਦੇ ਕਈ ਸਾਲਾਂ ਤੋਂ ਵਪਾਰਕ ਤੇ ਕਮਰਸ਼ੀਅਲ ਬਿਲਡਿੰਗਾਂ ਦੇ ਨਕਸ਼ੇ ਪਾਸ ਕੀਤੇ ਜਾ ਰਹੇ ਸਨ। ਇਹ ਖੇਡ ਪਿਛਲੇ ਲੰਮੇ ਸਮੇਂ ਤੋਂ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਚੱਲ ਰਹੀ ਸੀ। ਜਗ ਬਾਣੀ ਨੇ ਇਸ ਘਪਲੇ ਦਾ ਆਪਣੇ ਸ਼ੁੱਕਰਵਾਰ ਦੇ ਅੰਕ ਵਿਚ ਪਰਦਾਫਾਸ਼ ਕੀਤਾ ਸੀ। 
ਜ਼ਿਕਰਯੋਗ ਹੈ ਕਿ ਕਿਸੇ ਵੀ ਬਿਲਡਿੰਗ ਨੂੰ ਰਿਹਾਇਸ਼ੀ ਇਲਾਕੇ ਵਿਚ ਤਬਦੀਲ ਕਰਨ ਤੋਂ ਪਹਿਲਾਂ ਸੀ. ਐੱਲ. ਯੂ. ਜ਼ਰੂਰੀ ਹੁੰਦਾ ਹੈ। ਸ਼ਹਿਰ ਦੀਆਂ ਹੱਦਾਂ ਵਿਚ ਕਾਫੀ ਹੱਦ ਤੱਕ ਇਸ ਦੀ ਪਾਲਣਾ ਹੋ ਰਹੀ ਹੈ। 
ਉਥੇ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਦੀ ਹੱਦ ਵਿਚ ਵੱਡੇ ਪੱਧਰ 'ਤੇ ਘਪਲਾ ਕੀਤਾ ਜਾ ਰਿਹਾ ਹੈ ਤੇ ਅਜਿਹਾ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਜਾ ਰਿਹਾ ਹੈ।