ਸੂਰਜ ਛਿਪਦੇ ਹੀ ਹਨੇਰੇ ''ਚ ਡੁੱਬ ਜਾਂਦੈ ਸੀ. ਐੱਮ. ਦਾ ਸ਼ਹਿਰ (ਤਸਵੀਰਾਂ)

07/19/2017 12:06:44 PM


ਪਟਿਆਲਾ(ਬਲਜਿੰਦਰ)-ਸਮੁੱਚੇ ਪੰਜਾਬ ਨੂੰ ਜਗਮਗਾਉਣ ਦੀ ਜ਼ਿੰਮੇਵਾਰੀ ਜਿਸ ਸੀ. ਐੱਮ. ਦੇ ਮੋਢਿਆਂ 'ਤੇ ਹੈ, ਉਨ੍ਹਾਂ ਦਾ ਆਪਣਾ ਸ਼ਹਿਰ ਸੂਰਜ ਛਿਪਦੇ ਹੀ ਹਨੇਰੇ ਵਿਚ ਡੁੱਬ ਜਾਂਦਾ ਹੈ। 'ਜਗ ਬਾਣੀ' ਦੀ ਟੀਮ ਵੱਲੋਂ ਸਮੁੱਚੇ ਸ਼ਹਿਰ ਵਿਚ ਜਦੋਂ ਰਾਤ ਦੇ 9.30 ਵਜੇ ਦੌਰਾ ਕੀਤਾ ਗਿਆ ਤਾਂ ਆਊਟਰ ਖੇਤਰ ਤਾਂ ਦੂਰ, ਸ਼ਹਿਰ ਦੀਆਂ ਪ੍ਰਮੁੱਖ ਸੜਕਾਂ ਦੀਆਂ ਲਾਈਟਾਂ ਬੰਦ ਪਾਈਆਂ ਗਈਆਂ। ਇਹ ਹਾਲਾਤ 1-2 ਥਾਵਾਂ 'ਤੇ ਨਹੀਂ ਬਲਕਿ ਸ਼ਹਿਰ ਦੀਆਂ ਜ਼ਿਆਦਾਤਰ ਸੜਕਾਂ ਅਤੇ ਚੌਕਾਂ 'ਚ ਦੇਖੇ ਗਏ। ਬਦਤਰ ਹਾਲਤ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲਾਈਟ ਵੀ ਕੋਈ ਇਕ-ਦੋ ਨਹੀਂ ਬਲਕਿ ਪੂਰੀ ਲਾਈਨ ਵਿਚ 70 ਫੀਸਦੀ ਖਰਾਬ ਪਾਈਆਂ ਗਈਆਂ। ਭਾਵੇਂ ਜ਼ਿਲਾ ਪ੍ਰਸ਼ਾਸਨ ਵੱਲੋਂ ਹਾਲ ਹੀ ਵਿਚ ਸ਼ਹਿਰ ਦੀ ਬਿਊਟੀਫਿਕੇਸ਼ਨ, ਪਾਰਕਿੰਗ ਅਤੇ ਹੋਰ ਸਹੂਲਤਾਂ ਲਈ ਮਾਸਟਰ ਪਲਾਨ ਤਿਆਰ ਕੀਤਾ ਗਿਆ ਹੈ। ਇਸ ਸਮੇਂ ਸ਼ਹਿਰ ਦੀਆਂ ਸਟ੍ਰੀਟ ਲਾਈਟਾਂ ਦੀ ਹਾਲਤ ਕਾਫੀ ਖਸਤਾ ਨਜ਼ਰ ਆਈ।

ਡੀ. ਸੀ. ਅਤੇ ਐੱਸ. ਐੱਸ. ਪੀ. ਦੇ ਘਰ ਸਾਹਮਣੇ ਦੀ ਨਹੀਂ ਜਗਦੀ ਬੱਤੀ
ਲੀਲਾ ਭਵਨ ਜਿਸ ਦੇ ਨੇੜੇ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਦੀ ਰਿਹਾਇਸ਼ ਵੀ ਹੈ, ਦੀ ਗੱਲ ਕੀਤੀ ਜਾਵੇ ਤਾਂ ਪੂਰੇ ਚੌਕ ਵਿਚ ਇਕ ਵੀ ਬੱਤੀ ਨਹੀਂ ਜਗ ਰਹੀ ਸੀ। ਜਿੰਨੀ ਰੌਸ਼ਨੀ ਸੀ, ਉਹ ਬੱਸ ਆਉਣ-ਜਾਣ ਵਾਲੇ ਵਾਹਨਾਂ ਦੀ ਹੀ ਸੀ। ਹੈਰਾਨ ਕਰਨ ਵਾਲੀ ਗੱਲ ਤਾਂ ਇਹ ਹੈ ਕਿ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਅਤੇ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਦੇ ਘਰ ਦੇ ਸਾਹਮਣੇ ਵਾਲੀਆਂ ਦੋਵੇਂ ਲਾਈਟਾਂ ਦਾ ਇੱਕ-ਇੱਕ ਹਿੱਸਾ ਜਗ ਰਿਹਾ ਸੀ। ਉਹ ਵੀ ਮਾਰਕੀਟ ਦੀ ਸਾਈਡ ਵਾਲਾ। ਡੀ. ਸੀ. ਅਤੇ ਐੱਸ. ਐੱਸ. ਪੀ. ਦੇ ਘਰ ਵਾਲੀ ਸਾਈਡ ਦੀਆਂ ਦੋਵੇਂ ਲਾਈਟਾਂ ਖਰਾਬ ਸਨ। ਅਜਿਹੇ ਵਿਚ ਸੀ. ਐੱਮ. ਸ਼ਹਿਰ ਦੇ ਬਾਕੀ ਲੋਕ ਕੀ ਉਮੀਦ ਰੱਖ ਸਕਦੇ ਹਨ? ਲੀਲਾ ਭਵਨ ਚੌਕ ਸ਼ਹਿਰ ਦੇ ਸਭ ਤੋਂ ਭੀੜ-ਭੜੱਕੇ ਵਾਲੇ ਖੇਤਰਾਂ ਵਿਚੋਂ ਇਕ ਹੈ, ਜਿੱਥੇ ਲਗਭਗ ਪੂਰੀ ਰਾਤ ਆਵਾਜਾਈ ਨਹੀਂ ਰੁਕਦੀ। ਇੰਨਾ ਹੀ ਨਹੀਂ, ਦੂਸਰੇ ਸ਼ਹਿਰ ਜਾਣ ਲਈ ਜ਼ਿਆਦਾਤਰ ਵਾਹਨ ਇਸੇ ਰਾਹ ਤੋਂ ਹੀ ਲੰਘਦੇ ਹਨ।

ਫੁਹਾਰਾ ਚੌਕ ਤੋਂ ਸ਼ੇਰਾਂਵਾਲਾ ਗੇਟ ਤੱਕ
ਸ਼ਹਿਰ ਦਾ ਦਿਲ ਆਖੇ ਜਾਣ ਵਾਲੇ ਫੁਹਾਰਾ ਚੌਕ ਤੋਂ ਸ਼ੇਰਾਂਵਾਲਾ ਗੇਟ ਤੱਕ ਦੀ ਹਾਲਤ ਦੀ ਗੱਲ ਕੀਤੀ ਜਾਵੇ ਤਾਂ ਫੁਹਾਰਾ ਚੌਕ ਅਤੇ ਸ਼ੇਰਾਂਵਾਲਾ ਗੇਟ 'ਤੇ ਇਕ ਵੀ ਲਾਈਟ ਜਗੀ ਦਿਖਾਈ ਨਹੀਂ ਦਿੱਤੀ। ਫੁਹਾਰਾ ਚੌਕ 'ਤੇ ਤਾਂ ਲਾਈਟ ਦੂਰ ਦੀ ਗੱਲ, ਇੱਥੋਂ ਦੀ ਲੀਲਾ ਭਵਨ ਨੂੰ ਜਾਂਦੀ ਸੜਕ, ਇਸ ਤੋਂ ਬਾਅਦ ਮਾਲ ਰੋਡ ਅਤੇ ਫਿਰ ਸ਼ੇਰਾਂਵਾਲਾ ਗੇਟ ਦੀ ਜ਼ਿਆਦਾਤਰ ਰੋਡ ਲਾਈਟ ਬੰਦ ਹੀ ਪਾਈ ਗਈ। ਇਹ ਖੇਤਰ ਵੀ ਭੀੜ-ਭੜੱਕੇ ਵਾਲਾ ਹੋਣ ਦੇ ਨਾਲ-ਨਾਲ ਸ਼ਹਿਰ ਦੇ ਸਭ ਤੋਂ ਵੱਧ ਖੂਬਸੂਰਤ ਖੇਤਰ ਮੰਨਿਆ ਜਾਂਦਾ ਹੈ। ਜੇਕਰ ਇੱਥੋਂ ਦੀ ਇਹ ਹਾਲਤ ਹੈ ਤਾਂ ਫਿਰ ਬਾਕੀ ਦਾ ਕੀ ਹੋਵੇਗਾ? ਅਜਿਹੇ ਹੀ ਹਾਲਾਤ ਅੱਗੇ ਕੈਪੀਟਲ ਸਿਨੇਮਾ ਵਾਲੇ ਚੌਕ ਦੇ ਦਿਖਾਈ ਦਿੱਤੇ।

ਸੀ. ਐੱਮ. ਹਾਊਸ ਵੱਲ ਜਾਣ ਵਾਲੇ ਅੱਪਰ ਮਾਲ ਦੀਆਂ ਜ਼ਿਆਦਾਤਰ ਲਾਈਟਾਂ ਖਰਾਬ 
ਅਕਾਲੀ-ਭਾਜਪਾ ਦੇ ਰਾਜ ਵਿਚ ਵਿਰੋਧੀ ਧਿਰ ਦੀ ਸਭ ਤੋਂ ਸਭ ਤੋਂ ਵੱਧ ਮਾਰ ਝੱਲਣ ਵਾਲੇ ਅਪਰ ਮਾਲ ਦੇ ਵੀ ਦਿਨ ਨਹੀਂ ਸੁਧਰੇ। ਇਥੇ ਪੈਚ ਵਰਕ ਕਰ ਦਿੱਤਾ ਗਿਆ ਹੈ ਪਰ ਰੋਡ ਲਾਈਟ ਦੀ ਕੋਈ ਸਾਰ ਨਹੀਂ ਲੈ ਰਿਹਾ। ਅਪਰ ਮਾਲ ਸੜਕ ਸੀ. ਐੱਮ. ਕੈਪਟਨ ਅਮਰਿੰਦਰ ਸਿੰਘ ਦੇ ਨਾਲ-ਨਾਲ ਬ੍ਰਹਮ ਮਹਿੰਦਰਾ ਦੇ ਘਰ ਨੂੰ ਵੀ ਜਾਂਦੀ ਹੈ।

ਸੁਰੱਖਿਆ ਲਈ ਵੱਡੀ ਚੁਣੌਤੀ
ਸ਼ਹਿਰ ਵਿਚ ਰਾਤ ਵੇਲੇ ਰੋਡ ਲਾਈਟਾਂ ਦਾ ਖਰਾਬ ਹੋਣਾ ਸੁਰੱਖਿਆ ਦੇ ਮੱਦੇਨਜ਼ਰ ਵੱਡੀ ਚੁਣੌਤੀ ਹੈ। ਬਿਨਾਂ ਲਾਈਟਾਂ ਦੇ ਚੌਕਾਂ 'ਤੇ ਲਾਏ ਗਏ ਸੀ. ਸੀ. ਟੀ. ਵੀ. ਕੈਮਰੇ ਕਿਸੇ ਕੰਮ ਦੇ ਨਹੀਂ ਹਨ। ਇਸ ਤੋਂ ਇਲਾਵਾ ਕ੍ਰਾਈਮ ਕਰਨ ਵਾਲਿਆਂ ਲਈ ਹਨੇਰੇ ਵਿਚ ਦੌੜਨਾ ਕਾਫੀ ਸੌਖਾ ਰਹਿੰਦਾ ਹੈ। ਜ਼ਿਲਾ ਪ੍ਰਸ਼ਾਸਨ ਨੂੰ ਇਸ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਹਨੇਰੇ ਦਾ ਫਾਇਦਾ ਉਠਾ ਕੇ ਕੋਈ ਸ਼ਰਾਰਤੀ ਅਨਸਰ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਦੇਵੇ।

ਪੌਸ਼ ਇਲਾਕਾ ਭੁਪਿੰਦਰਾ ਰੋਡ ਵੀ ਹਨੇਰੇ ਦੀ ਲਪੇਟ 'ਚ 
ਸ਼ਹਿਰ ਦਾ ਸਭ ਤੋਂ ਪੌਸ਼ ਮੰਨਿਆ ਜਾਣ ਵਾਲਾ ਖੇਤਰ ਭੁਪਿੰਦਰਾ ਰੋਡ ਵੀ ਰਾਤ ਨੂੰ ਹਨੇਰੇ ਦੀ ਲਪੇਟ ਵਿਚ ਆ ਜਾਂਦਾ ਹੈ। ਥਾਣਾ ਸਿਵਲ ਲਾਈਨਜ਼ ਚੌਕ ਤੋਂ 22 ਨੰਬਰ ਫਾਟਕ ਓਵਰਬ੍ਰਿਜ ਤੋਂ ਲੰਘਦੇ ਹੋਏ ਜ਼ਿਆਦਾਤਰ ਪੁਆਇੰਟ ਖਰਾਬ ਹੀ ਦਿਖਾਈ ਦਿੱਤੇ। ਇਸ ਸੜਕ 'ਤੇ ਵੀ ਦੇਰ ਰਾਤ ਕਾਫੀ ਟ੍ਰੈਫਿਕ ਰਹਿੰਦਾ ਹੈ। ਇਹ ਰੋਡ ਸੰਗਰੂਰ ਰੋਡ ਨੂੰ ਨਾਭਾ ਅਤੇ ਭਾਦਸੋਂ ਨਾਲ ਵੀ ਜੋੜਦੀ ਹੈ।