26 ਨੂੰ ਗੁਰਦਾਸਪੁਰ ''ਚ ਅਕਾਲੀ-ਭਾਜਪਾ ਦੀ ਰੈਲੀ, ਸੀਨੀਅਰ ਲੀਡਰਸ਼ਿਪ ਰਹੇਗੀ ਮੌਜੂਦ

09/24/2017 7:41:10 PM

ਗੁਰਦਾਸਪੁਰ : ਵਿਨੋਦ ਖੰਨਾ ਦੀ ਮੌਤ ਤੋਂ ਬਾਅਦ ਖਾਲ੍ਹੀ ਹੋਈ ਗੁਰਦਾਸਪੁਰ ਦੀ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣ ਦੀ ਤਾਰੀਕ ਦਾ ਐਲਾਨ ਹੁੰਦੇ ਹੀ ਪੰਜਾਬ 'ਚ ਚੋਣ ਪਾਰਾ ਫਿਰ ਤੋਂ ਚੜ੍ਹ ਗਿਆ ਹੈ। ਬੀਤੇ ਦਿਨੀਂ ਜਿੱਥੇ ਕਾਂਗਰਸ ਵਲੋਂ ਗੁਰਦਾਸਪੁਰ 'ਚ ਰੈਲੀ ਕਰਕੇ ਸ਼ਕਤੀ ਪ੍ਰਦਰਸ਼ਨ ਕੀਤਾ ਗਿਆ, ਉਥੇ ਹੀ ਹੁਣ ਅਕਾਲੀ-ਭਾਜਪਾ ਗਠਜੋੜ ਵੀ 26 ਸਤੰਬਰ ਨੂੰ ਗੁਰਦਾਸਪੁਰ 'ਚ ਰੈਲੀ ਕਰਨ ਜਾ ਰਿਹਾ ਹੈ। ਭਰੋਸੇਯੋਗ ਸੂਤਰਾਂ ਮੁਤਾਬਕ ਗਠਜੋੜ ਦੀ ਇਸ ਰੈਲੀ ਵਿਚ ਅਕਾਲੀ-ਭਾਜਪਾ ਲੀਡਰਸ਼ਿਪ ਤੋਂ ਇਲਾਵਾ ਭਾਜਪਾ ਦੀ ਕੇਂਦਰੀ ਸੀਨੀਅਰ ਲੀਡਰਸ਼ਿਪ ਵੀ ਮੌਜੂਦ ਰਹੇਗੀ। ਇਸ ਰੈਲੀ ਵਿਚ ਕੇਂਦਰੀ ਗ੍ਰਹਿਮੰਤਰੀ ਰਾਜਨਾਥ ਸਿੰਘ ਦੇ ਆਉਣ ਦੇ ਕਿਆਸ ਵੀ ਲਗਾਏ ਜਾ ਰਹੇ ਹਨ।
ਪੰਜਾਬ ਦੀਆਂ ਤਿੰਨੇ ਮੁੱਖ ਪਾਰਟੀਆਂ ਅਕਾਲੀ-ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਵਲੋਂ ਜਿੱਥੇ ਪੂਰੀ ਵਾਹ ਲਗਾਈ ਜਾ ਰਹੀ ਹੈ, ਉਥੇ ਹੀ ਇਸ ਜ਼ਿਮਨੀ ਚੋਣ ਨੂੰ ਮੈਦਾਨ 'ਚ ਉਤਰੇ ਸਿਆਸੀ ਆਗੂਆਂ ਦੇ ਭਵਿੱਖ ਨੂੰ ਤੈਅ ਕਰਨ ਵਜੋਂ ਵੀ ਦੇਖਿਆ ਜਾ ਰਿਹਾ ਹੈ।