ਜਲਾਲਾਬਾਦ ਦੀ ਉਪ ਚੋਣ ਲਈ ਰਮਿੰਦਰ ਆਵਲਾ ਹੋ ਸਕਦੇ ਹਨ ਉਮੀਦਵਾਰ

09/19/2019 4:56:05 PM

ਜਲਾਲਾਬਾਦ (ਸੇਤੀਆ, ਸੁਮਿਤ) - ਜਲਾਲਾਬਾਦ ਦੀ ਉਪ ਚੋਣ ਨੂੰ ਲੈ ਕੇ ਦਾਅਵੇਦਾਰੀਆਂ ਦੀ ਵੱਧਦੀ ਗਿਣਤੀ ਤੇ ਕਾਂਗਰਸ ਪਾਰਟੀ ਦੇ ਆਗੂਆਂ ਦੀ ਆਪਸੀ ਖਿੱਚੋਤਾਨ ਤੋਂ ਚਿੰਤਤ ਹਾਈਕਮਾਨ ਹੁਣ ਅਹਿਮ ਫੈਸਲਾ ਲੈਣ ਜਾ ਰਹੀ ਹੈ। ਜਲਾਲਾਬਾਦ ਦੀ ਸੀਟ ਨੂੰ ਲੈ ਕੇ ਪਹਿਲਾਂ ਇੰਝ ਲੱਗ ਰਿਹਾ ਸੀ ਜਿਵੇਂ ਪਾਰਟੀ ਹਾਈਕਮਾਨ ਇਸ ਸੀਟ ਨੂੰ ਲੈ ਕੇ ਗੰਭੀਰ ਨਹੀਂ ਹੈ ਪਰ ਬੀਤੇ ਦਿਨੀਂ ਸੂਬਾ ਪ੍ਰਧਾਨ ਸੁਨੀਲ ਜਾਖੜ ਵਲੋਂ ਮੁੜ ਅਹੁਦਾ ਸੰਭਾਲ ਲੈਣ ਮਗਰੋਂ ਉਪ ਚੋਣ ਨਾ ਲੜਣ ਸੰੰਬੰਧੀ ਸਪੱਸ਼ਟੀਕਰਨ ਦਿੱਤਾ ਗਿਆ ਹੈ। ਇਸ ਸਪੱਸ਼ਟੀਕਰਨ ਤੋਂ ਬਾਅਦ ਚੰਡੀਗੜ੍ਹ 'ਚ ਉਪ ਚੋਣਾਂ ਨੂੰ ਲੈ ਕੇ ਹੋਈ ਮੀਟਿੰਗ ਮਗਰੋਂ ਟਿਕਟ ਦੀ ਦਾਅਵੇਦਾਰੀ ਜਤਾਉਣ ਵਾਲੇ ਥੋੜੀ ਜਿਹੀ ਨਾਮੋਸ਼ੀ ਮਹਿਸੂਸ ਕਰਨ ਲੱਗ ਪਏ ਹਨ। ਭਰੋਸੇਯੋਗ ਸੂਤਰਾਂ ਮੁਤਾਬਕ ਇਸ ਸੀਟ ਲਈ ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਰਮਿੰਦਰ ਆਵਲਾ (ਗੁਰੂਹਰਸਹਾਏ) ਨੂੰ ਜਲਾਲਾਬਾਦ ਹਲਕੇ ਤੋਂ ਕੈਪਟਨ ਅਮਰਿੰਦਰ ਸਿੰਘ ਚੋਣ ਮੈਦਾਨ 'ਚ ਉਤਾਰਨ ਦੀ ਤਿਆਰੀ ਕਰ ਰਹੇ ਹਨ।

ਪਾਰਟੀ ਹਾਈਕਮਾਨ ਨੇ ਦਾਅਵੇਦਾਰੀ ਜਤਾਉਣ ਵਾਲਿਆਂ ਨਾਲ ਗੁਪਤ ਮੀਟਿੰਗਾਂ ਵੀ ਕੀਤੀਆਂ, ਜਿਸ ਦੌਰਾਨ ਉਨ੍ਹਾਂ ਨੇ ਇਹ ਭਰੋਸਾ ਲੈਣ ਦੀ ਕੋਸ਼ਿਸ਼ ਕੀਤੀ ਕਿ ਜੇਕਰ ਉਕਤ ਵਿਅਕਤੀ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਂਦਾ ਹੈ ਤਾਂ ਉਨ੍ਹਾਂ ਦਾ ਰਵੱਈਆ ਪਾਰਟੀ ਪ੍ਰਤੀ ਕਿਸ ਤਰ੍ਹਾਂ ਦਾ ਹੋਵੇਗਾ। ਦੱਸਣਯੋਗ ਹੈ ਕਿ ਜਲਾਲਾਬਾਦ ਹਲਕੇ ਤੋਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਅੱਧੀ ਦਰਜਨ ਤੋਂ ਵੱਧ ਆਗੂਆਂ ਨੇ ਟਿਕਟ ਨੂੰ ਲੈ ਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ, ਜਿਸ 'ਚ ਰਾਜ ਬਖਸ਼ ਕੰਬੋਜ਼, ਬੀ.ਐੱਸ. ਭੁੱਲਰ, ਕਾਕਾ ਕੰਬੋਜ਼, ਗੋਲਡੀ ਕੰਬੋਜ਼, ਹੰਸ ਰਾਜ ਜੋਸਨ, ਮਲਕੀਤ ਸਿੰਘ ਹੀਰਾ, ਡਾ. ਬੀਡੀ ਕਾਲੜਾ, ਮਦਨ ਕਾਠਗੜ੍ਹ, ਡਾ. ਮੋਹਨ ਸਿੰਘ ਫਲੀਆਂਵਾਲਾ ਸ਼ਾਮਲ ਸਨ। ਵੱਖ-ਵੱਖ ਵਰਗਾ ਵਲੋਂ ਪੇਸ਼ ਕੀਤੀਆਂ ਗਈਆਂ ਦਾਅਵੇਦਾਰੀਆਂ ਤੋਂ ਬਾਅਦ ਪਾਰਟੀ ਹਾਈਕਮਾਨ ਅਜਿਹੇ ਚਿਹਰੇ ਦੀ ਤਲਾਸ਼ 'ਚ ਸੀ, ਜੋ ਸਾਰੇ ਵਰਗ ਦੀਆਂ ਬਿਰਾਦਰੀਆਂ ਤੇ ਕਾਂਗਰਸੀ ਦਾਅਵੇਦਾਰੀਆਂ ਜਤਾਉਣ ਵਾਲਿਆਂ ਨੂੰ ਨਾਲ ਲੈ ਕੇ ਚਲੇ। ਇਹ ਤਲਾਸ਼ ਹੁਣ ਸੰਭਾਵੀ ਤੌਰ 'ਤੇ ਰਮਿੰਦਰ ਆਵਲਾ ਦੇ ਆਉਣ ਮਗਰੋਂ ਖਤਮ ਹੁੰਦੀ ਜਾਪ ਰਹੀ ਹੈ। ਦੂਜੇ ਪਾਸੇ ਦਾਅਵੇਦਾਰੀਆਂ ਪੇਸ਼ ਕਰਨ ਵਾਲੇ ਕਈ ਲੀਡਰ ਹਾਮੀ ਭਰ ਰਹੇ ਹਨ ਕਿ ਪਾਰਟੀ ਹਾਈਕਮਾਨ ਇਸ ਸੀਟ ਨੂੰ ਲੈ ਕੇ ਰਮਿੰਦਰ ਆਵਲਾ ਨੂੰ ਉਮੀਦਵਾਰ ਬਣਾ ਲੈਣ।

ਦੱਸ ਦੇਈਏ ਕਿ ਰਮਿੰਦਰ ਆਵਲਾ ਇਕ ਉੱਘੇ ਸਮਾਜ ਸੇਵੀ ਤੇ ਉਦਯੋਗਪਤੀ ਹਨ। ਰਮਿੰਦਰ ਆਵਲਾ ਨੇ 1997 ਤੋਂ 2004 ਤੱਕ ਗੁਰੂਹਰਸਹਾਏ ਤੇ ਫਿਰੋਜ਼ਪੁਰ ਲਈ ਯੂਥ ਕਾਂਗਰਸ ਦੇ ਵੱਖ-ਵੱਖ ਅਹੁਦਿਆਂ ਦੀ ਨੁਮਾਇੰਦਗੀ ਕੀਤੀ, ਜਿਸ ਸਦਕਾ ਉਨ੍ਹਾਂ ਨੂੰ ਫਰਵਰੀ 2004 ਤੋਂ 2006 ਤੱਕ ਯੂਥ ਕਾਂਗਰਸ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਆਵਲਾ ਪਰਿਵਾਰ ਦੀ ਦਿੱਲੀ ਹਾਈਕਮਾਨ ਅਤੇ ਪੰਜਾਬ ਹਾਈਕਮਾਨ 'ਚ ਚੰਗੀ ਪਕੜ ਹੈ। ਸਵ. ਬਲਰਾਮ ਜਾਖੜ ਅਤੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨਾਲ ਵੀ ਉਨ੍ਹਾਂ ਦੇ ਪੁਰਾਣੇ ਅਤੇ ਨਿੱਘੇ ਸੰਬੰਧ ਹਨ। ਜੇਕਰ ਪਾਰਟੀ ਹਾਈਕਮਾਨ ਉਨ੍ਹਾਂ ਨੂੰ ਟਿਕਟ ਦਿੰਦੀ ਹੈ ਤਾਂ 2007 ਤੋਂ ਜਲਾਲਾਬਾਦ ਸੀਟ 'ਤੇ ਕਾਬਜ਼ ਅਕਾਲੀ ਭਾਜਪਾ ਦਾ ਕਿਲ੍ਹਾ ਕਾਂਗਰਸ ਪਾਰਟੀ ਢਾਹ ਲਾਉਣ 'ਚ ਸਫਲ ਹੋ ਸਕਦੀ ਹੈ।

rajwinder kaur

This news is Content Editor rajwinder kaur