ਨੇਪਾਲੀ ਨੌਕਰ ਕਾਰੋਬਾਰੀ ਦੇ ਘਰੋਂ 100 ਤੋਲੇ ਸੋਨਾ, 10 ਲੱਖ ਕੈਸ਼ ਤੇ ਕਾਰ ਲੈ ਕੇ ਫਰਾਰ

08/10/2018 2:55:38 AM

ਲੁਧਿਆਣਾ,  (ਰਿਸ਼ੀ)-  ਟਰੈਕਟਰ ਪਾਰਟਸ ਕਾਰੋਬਾਰੀ ਵਲੋਂ 10 ਦਿਨ ਪਹਿਲਾਂ ਪੁਲਸ ਵੈਰੀਫਿਕੇਸ਼ਨ ਕਰਵਾਏ ਬਿਨਾਂ ਗੁਰਦੇਵ ਨਗਰ ਦੇ ਇਕ ਘਰ ’ਚ ਰੱਖਿਆ ਨੇਪਾਲੀ ਨੌਕਰ ਦਿਨ-ਦਿਹਾਡ਼ੇ ਘਰ ਵਿਚ ਪਿਆ 10 ਲੱਖ ਕੈਸ਼ ਤੇ 100 ਤੋਲੇ ਸੋਨਾ ਦੇ ਗਹਿਣੇ ਚੋਰੀ ਕਰ ਕੇ ਕਾਰੋਬਾਰੀ ਦੀ ਇਟਯੋਸ ਕਾਰ ਲੈ ਕੇ ਫਰਾਰ ਹੋ ਗਿਆ। ਪਤਾ ਲੱਗਣ ’ਤੇ ਮੌਕੇ ’ਤੇ ਪੁੱਜੀ ਥਾਣਾ ਡਵੀਜ਼ਨ ਨੰ. 5 ਦੀ ਪੁਲਸ ਜਾਂਚ ’ਚ ਜੁਟ ਗਈ।
ਥਾਣਾ ਇੰਚਾਰਜ ਇੰਸ. ਜਤਿੰਦਰ ਕੁਮਾਰ ਅਨੁਸਾਰ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਘਰ ਦੇ ਮਾਲਕ ਮਧੂ ਨੇ ਦੱਸਿਆ ਕਿ ਉਨ੍ਹਾਂ ਦੀ ਇੰਡਸਟਰੀਅਲ ਏਰੀਏ ’ਚ ਟਰੈਕਟਰ ਪਾਰਸ ਬਣਾਉਣ ਵਾਲੀ ਫੈਕਟਰੀ ਹੈ। ਦੁਪਹਿਰ ਲਗਭਗ 12.45 ਵਜੇ ਉਹ ਕਿਚਲੂ ਨਗਰ ਸਥਿਤ ਆਪਣੇ ਕਿਸੇ ਜਾਣ-ਪਛਾਣ ਵਾਲੇ ਦੀ ਕਿਰਿਆ ’ਤੇ ਗਏ ਸਨ, ਉਸ ਸਮੇਂ ਘਰ ’ਚ ਇਕੱਲਾ ਨੇਪਾਲੀ ਨੌਕਰ ਸੀ। ਦੁਪਹਿਰ ਲਗਭਗ 3 ਵਜੇ ਉਨ੍ਹਾਂ ਦੀ ਬਹੂ ਜਦੋਂ ਘਰ ਵਾਪਸ ਆਈ ਤਾਂ ਮੇਨ ਗੇਟ ਖੁੱਲ੍ਹਾ ਹੋਇਆ ਸੀ। ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਾਮਾਨ ਖਿੱਲਰਿਆ ਪਿਆ ਸੀ। ਉਸ ਨੇ ਤੁਰੰਤ ਫੋਨ ਕਰ ਕੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ, ਜਿਸ ਦੇ ਬਾਅਦ ਪੁਲਸ ਕੰਟਰੋਲ ਰੂਮ ’ਤੇ ਫੋਨ ਕੀਤਾ ਗਿਆ।
ਪੁਲਸ ਅਨੁਸਾਰ ਜਾਂਚ ’ਚ ਸਾਹਮਣੇ ਆਇਆ ਹੈ ਕਿ 10 ਦਿਨ ਪਹਿਲਾਂ ਕਾਰੋਬਾਰੀ ਨੇ ਨੇਪਾਲੀ ਨੌਕਰ ਰੱਖਿਆ ਸੀ, ਜਿਸ ਨੇ ਖੁਦ ਦਾ ਨਾਂ ਵਿਕਰਮ (18) ਦੱਸਿਆ ਸੀ। ਕਾਰੋਬਾਰੀ ਵਲੋਂ ਨੌਕਰ ਦੀ ਪੁਲਸ ਵੈਰੀਫਿਕੇਸ਼ਨ ਨਹੀਂ ਕਰਵਾਈ ਗਈ ਸੀ। ਇਸੇ ਗੱਲ ਦਾ ਫਾਇਦਾ ਉਠਾ ਕੇ ਉਹ ਘਰ ’ਤੇ ਹੱਥ ਸਾਫ ਕਰ ਗਿਆ। ਪੁਲਸ ਅਨੁਸਾਰ ਚੋਰ ਘਰ ਵਿਚ ਪਿਆ 10 ਲੱਖ ਕੈਸ਼, 100 ਤੋਲੇ ਸੋਨੇ ਦੇ ਗਹਿਣੇ ਅਤੇ ਘਰ ਦੇ ਬਾਹਰ ਖਡ਼੍ਹੀ ਇਟਯੋਸ ਕਾਰ ਲੈ ਕੇ ਫਰਾਰ ਹੋ ਗਿਆ।
ਦੋਸਤ ਨੇ ਰਖਵਾਇਆ ਨੌਕਰ
ਪੁਲਸ ਅਨੁਸਾਰ ਮਾਲਕ ਨੇ ਦੱਸਿਆ ਕਿ ਉਕਤ ਨੌਕਰ ਉਨ੍ਹਾਂ ਕੋਲ ਉਨ੍ਹਾਂ ਦੇ ਇਕ ਦੋਸਤ ਰਾਹੀਂ ਆਇਆ ਸੀ, ਹੁਣ ਉਸੇ ਨੌਕਰ ਦੇ ਪਰਿਵਾਰ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਇਲਾਕੇ ਦੇ ਕੈਮਰੇ ਚੈੱਕ ਕਰ ਰਹੀ ਪੁਲਸ
ਪੁਲਸ ਘਰ ਦੇ ਆਲੇ-ਦੁਆਲੇ ਲੱਗੇ ਹੋਰ ਸਮਾਰਟ ਸਿਟੀ ਦੇ ਕੈਮਰਿਆਂ ਨੂੰ ਚੈੱਕ ਕਰ ਰਹੀ ਹੈ। ਸੂਤਰਾਂ ਅਨੁਸਾਰ ਪੁਲਸ ਦੇ ਹੱਥ ਕਈ ਸੁਰਾਗ ਲੱਗੇ ਹਨ, ਜਿਸ ਨਾਲ ਪੁਲਸ ਚੋਰ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਸ ਅਨੁਸਾਰ ਚੋਰ ਪੱਖੋਵਾਲ ਰੋਡ ਵੱਲ ਭੱਜਿਆ ਹੈ, ਉਸ ਦੇ ਮੋਬਾਇਲ ਦੀ ਆਖਰੀ ਲੁਕੇਸ਼ਨ ਫਿਰੋਜ਼ਗਾਂਧੀ ਮਾਰਕੀਟ ਨੇਡ਼ੇ ਆਈ ਹੈ।