ਬੱਸ ਤੇ ਕੈਂਟਰ ਦੀ ਆਹਮੋ-ਸਾਹਮਣੇ ਟੱਕਰ; ਬੱਸ ਚਾਲਕ ਜ਼ਖਮੀ

09/24/2017 1:39:25 AM

ਸ੍ਰੀ ਕੀਰਤਪੁਰ ਸਾਹਿਬ/ਰੂਪਨਗਰ,  (ਬਾਲੀ/ਵਿਜੇ)-  ਅੱਜ ਸਵੇਰੇ ਰਾਸ਼ਟਰੀ ਮਾਰਗ ਨੰਬਰ 21(205) 'ਤੇ ਪਿੰਡ ਹਜ਼ਾਰਾ ਨੇੜੇ ਇਕ ਐੱਚ. ਆਰ. ਟੀ. ਸੀ. ਦੀ ਬੱਸ ਤੇ ਇਕ ਕੈਂਟਰ ਦੀ ਆਹਮੋ-ਸਾਹਮਣੇ ਟੱਕਰ ਹੋ ਜਾਣ ਕਾਰਨ ਬੱਸ ਚਾਲਕ ਜ਼ਖਮੀ ਹੋ ਗਿਆ, ਜਦਕਿ ਕੁਝ ਸਵਾਰੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਜਾਣਕਾਰੀ ਅਨੁਸਾਰ ਬੁੰਗਾ ਸਾਹਿਬ ਨੇੜੇ ਸੜਕ ਦਾ ਨਿਰਮਾਣ ਕਰਨ ਵਾਲੀ ਕੰਪਨੀ ਨੇ ਚਾਰਮਾਰਗੀ ਸੜਕ ਦੇ ਇਕ ਪਾਸੇ ਦੀ ਮੁਰੰਮਤ ਕਰਨ ਲਈ ਉਸ ਨੂੰ ਬੰਦ ਕਰ ਕੇ ਸੜਕ ਦੇ ਦੂਜੇ ਪਾਸੇ ਹੀ ਦੋਵੇਂ ਸਾਈਡਾਂ ਦੀ ਟ੍ਰੈਫ਼ਿਕ ਚਲਾਈ ਹੋਈ ਹੈ। ਅੱਜ ਸਵੇਰੇ ਜਦੋਂ ਹਿਮਾਚਲ ਪ੍ਰਦੇਸ਼ ਰੋਡਵੇਜ਼ ਦੀ ਬੱਸ ਸਵਾਰੀਆਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਤੋਂ ਰੋਪੜ ਜਾ ਰਹੀ ਸੀ ਤਾਂ ਪਿੰਡ ਹਜ਼ਾਰਾ ਨੇੜੇ ਭਰਤਗੜ੍ਹ ਵਾਲੇ ਪਾਸਿਓਂ ਬੁੰਗਾ ਸਾਹਿਬ ਵੱਲ ਆ ਰਹੇ ਇਕ ਕੈਂਟਰ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ ਕਾਰਨ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਬੱਸ ਚਾਲਕ ਸ਼ਾਮ ਲਾਲ ਜ਼ਖਮੀ ਹੋ ਗਿਆ। ਘਟਨਾ ਤੋਂ ਤੁਰੰਤ ਬਾਅਦ ਕੈਂਟਰ ਚਾਲਕ ਫਰਾਰ ਹੋ ਗਿਆ। ਸੂਚਨਾ ਮਿਲਣ 'ਤੇ ਮੌਕੇ 'ਤੇ ਪੁੱਜੀ ਹਾਈਵੇ ਪੈਟਰੋਲਿੰਗ ਪਾਰਟੀ ਨੰਬਰ 12 ਦੇ ਹੌਲਦਾਰ ਸੰਤੋਖ ਸਿੰਘ, ਹੌਲਦਾਰ ਬਲਜਿੰਦਰ ਸਿੰਘ ਤੇ ਅਮਰਚੰਦ ਨੇ ਸਵਾਰੀਆਂ ਨੂੰ ਬੱਸ 'ਚੋਂ ਕੱਢਿਆ ਤੇ ਜ਼ਖਮੀ ਬੱਸ ਚਾਲਕ ਨੂੰ ਮੁੱਢਲਾ ਸਿਹਤ ਕੇਂਦਰ ਸ੍ਰੀ ਕੀਰਤਪੁਰ ਸਾਹਿਬ ਪਹੁੰਚਾਇਆ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ।