110 ਬੱਸਾਂ ਬੰਦ, 6.50 ਲੱਖ ਦਾ ਨੁਕਸਾਨ

07/17/2018 5:11:05 AM

ਮੋਗਾ(ਗੋਪੀ ਰਾਊਕੇ)-ਅੱਜ ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੀ ਪ੍ਰਧਾਨਗੀ ਮੰਡਲ ਦੇ ਹੁਕਮਾਂ ਅਨੁਸਾਰ ਤਿੰਨ ਦਿਨ ਦੀ ਹਡ਼ਤਾਲ ਆਰੰਭ ਹੋਈ। ਜਿਸ ਦੇ ਸਿੱਟੇ ਵਜੋਂ ਰੋਡਵੇਜ਼ ਡਿੱਪੂ ਮੋਗਾ ਅੰਦਰ ਵੀ ਰੋਸ ਵਜੋਂ ਠੇਕੇ ’ਤੇ ਕੰਮ ਕਰਦੇ ਮੁਲਾਜ਼ਮ ਕੰਮ ਛੱਡ ਕੇ ਧਰਨਾ ਲਾ ਕੇ ਬੈਠੇ ਰਹੇ ਅਤੇ ਸਿੱਟੇ ਵਜੋਂ ਬੱਸਾਂ ਦਾ ਚੱਕਾ ਜਾਮ ਰਿਹਾ। ਡਿੱਪੂ ਪ੍ਰਧਾਨ ਸੁਖਵਿੰਦਰ ਸਿੰਘ, ਸੈਕਟਰੀ ਲਖਵੀਰ ਸਿੰਘ ਨੇ ਦੱਸਿਆ ਕਿ ਪੰਜਾਬ ਰੋਡਵੇਜ਼/ਪਨਬੱਸ ਅੰਦਰ ਕੰਮ ਕਰਦੇ ਕਰਮਚਾਰੀਆਂ ਨੂੰ ਬਿਨਾਂ ਸ਼ਰਤ ਪੱਕਾ ਕੀਤਾ ਜਾਵੇ, ਮਾਣਯੋਗ ਸੁਪਰੀਮ ਕੋਰਟ ਦਾ ਫੈਸਲਾ ‘ਬਰਾਬਰ ਕੰਮ-ਬਰਾਬਰ ਤਨਖਾਹ’ ਲਾਗੂ ਕੀਤਾ ਜਾਵੇ, ਵਰਕਰਾਂ ਤੇ ਲਾਈਆਂ ਨਾਜਾਇਜ਼ ਸ਼ਰਤਾਂ ਮੁੱਢ ਤੋਂ ਖਤਮ ਕੀਤੀਆਂ ਜਾਣ, ਵਰਕਰਾਂ ਨੂੰ ਤੁਰੰਤ ਬਹਾਲ ਕੀਤਾ ਜਾਵੇ, ਟਰਾਂਸਪੋਰਟ ਮੰਤਰੀ ਵਰਕਰਾਂ ਪ੍ਰਤੀ ਬੋਲੀ ਭੱਦੀ ਸ਼ਬਦਾਵਲੀ ਲਈ ਮਾਫ਼ੀ ਮੰਗੇ। ਉਨ੍ਹਾਂ ਦੱਸਿਆ ਕਿ 16, 17, 18 ਜੁਲਾਈ 2018 ਦੀ ਹਡ਼ਤਾਲ ਦੌਰਾਨ 17 ਜੁਲਾਈ ਨੂੰ ਦੀਨਾ ਨਗਰ ਵਿਖੇ ਇਕ ਮਹਾਂ ਰੋਸ ਰੈਲੀ ਕੀਤੀ ਜਾਵੇਗੀ। ਇਸ ਮੌਕੇ ਜਸਵੀਰ ਸਿੰਘ ਲਾਡੀ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ ਮੱਲ੍ਹੀ, ਸੂਬਾ ਸਿੰਘ ਚੇਅਰਮੈਨ, ਟਹਿਲ ਸਿੰਘ ਮੀਤ ਪ੍ਰਧਾਨ, ਬਚਿੱਤਰ ਸਿੰਘ ਮੀਤ ਪ੍ਰਧਾਨ, ਸੁਖਪਾਲ ਸਿੰਘ, ਗੁਰਸੇਵਕ ਸਿੰਘ, ਜਗਤਾਰ ਸਿੰਘ, ਮਨਜੀਤ ਸਿੰਘ, ਜੱਗਾ ਬਾਬਾ, ਵਿਨੋਦ ਕੁਮਾਰ, ਸੰਤੋਖ ਸਿੰਘ ਆਦਿ ਵੀ ਹਾਜ਼ਰ ਸਨ।  ਪਨਬਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਤਿੰਨ ਦਿਨ ਦੀ ਬੱਸ ਸਟੈਂਡ ’ਤੇ ਹਡ਼ਤਾਲ ਦੇ ਪਹਿਲੇ ਦਿਨ ਜਿਥੇ ਪਨਬਸ ’ਚ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਪਨਬਸ ਕੰਪਨੀ ਦਾ ਵੀ ਕਾਫੀ ਨੁਕਸਾਨ ਹੋਇਆ। ਜਾਣਕਾਰੀ ਅਨੁਸਾਰ ਅੱਜ ਪਨਬਸ ਦੀ ਹਡ਼ਤਾਲ ਦੇ ਪਹਿਲੇ ਦਿਨ ਜਿਥੇ ਮੋਗਾ ਸ਼ਹਿਰ ’ਚ 110 ਦੇ ਕਰੀਬ ਬੱਸ ਬੰਦ ਰਹੀਅਾਂ, ਉਥੇ ਦੁਸਰੇ ਪਾਸੇ ਕੰਪਨੀ ਨੂੰ 6.50ਲੱਖ ਰੁਪਏ ਦੇ ਕਰੀਬ ਦਾ ਨੁਕਸਾਨ ਝੱਲਣਾ ਪਿਆ। ਜ਼ਿਕਰਯੋਗ ਹੈ ਕਿ ਉਕਤ ਹਡ਼ਤਾਲ ਅਗਲੇ ਦੋ ਦਿਨ ਵੀ ਜਾਰੀ ਰਹੇਗੀ।