ਲੁਧਿਆਣਾ ''ਚ ਗੁੰਡਾਰਾਜ , ਹਵਾ ''ਚ ਲਹਿਰਾਈਆਂ ਨੰਗੀਆਂ ਤਲਵਾਰਾਂ ਦੋ ਵਿਅਕਤੀਆਂ ਨੂੰ ਬੇਰਹਿਮੀ ਨਾਲ ਵੱਢਿਆ

05/30/2017 11:41:14 AM

ਲੁਧਿਆਣਾ(ਮਹੇਸ਼)-ਬਸੰਤ ਸਿਟੀ ਇਲਾਕੇ ਵਿਚ ਦਿਨ-ਦਿਹਾੜੇ ਹੋਈ ਗੁੰਡਾਗਰਦੀ ਦਾ ਮਾਮਲਾ ਅਜੇ ਸੁਰਖੀਆਂ ਵਿਚ ਹੈ ਕਿ ਸੋਮਵਾਰ ਨੂੰ ਡਾਬਾ ਦੇ ਮਾਨ ਸਿੰਘ ਨਗਰ ਇਲਾਕੇ ਵਿਚ 2 ਦਰਜਨ ਦੇ ਕਰੀਬ ਹਥਿਆਰਬੰਦ ਬਦਮਾਸ਼ਾਂ ਨੇ ਖੁੱਲ੍ਹੇਆਮ ਦਹਿਸ਼ਤਗਰਦੀ ਫੈਲਾਉਂਦੇ ਹੋਏ ਦੋ ਭਰਾਵਾਂ ''ਤੇ ਜਾਨਲੇਵਾ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ। ਗੁੰਡਾਗਰਦੀ ਦਾ ਇਹ ਨੰਗਾ ਨਾਚ ਕਰੀਬ ਅੱਧੇ ਘੰਟੇ ਤੱਕ ਚੱਲਿਆ। ਇਸ ਦੇ ਬਾਅਦ ਬਦਮਾਸ਼ ਹਵਾ ਵਿਚ ਤਲਵਾਰਾਂ ਲਹਿਰਾਉਂਦੇ ਹੋਏ ਮੌਕੇ ''ਤੋਂ ਫਰਾਰ ਹੋ ਗਏ। ਉਧਰ ਘਟਨਾ ਦੀ ਸੂਚਨਾ ਪਾ ਕੇ ਉੱਚ ਅਧਿਕਾਰੀਆਂ ਸਮੇਤ ਥਾਣਾ ਮੁਖੀ ਇੰਸਪੈਕਟਰ ਗੁਰਬਿੰਦਰ ਸਿੰਘ ਭਾਰੀ ਪੁਲਸ ਫੋਰਸ ਨਾਲ ਘਟਨਾ ਸਥਾਨ ''ਤੇ ਪਹੁੰਚੇ, ਜਿਸ ਦੇ ਬਾਅਦ ਖੂਨ ਨਾਲ ਲੱਥਪੱਥ ਦੋਵਾਂ ਭਰਾਵਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ, ਜਿਨ੍ਹਾਂ ਦੀ ਪਛਾਣ ਅਮਿਤ ਕੁਮਾਰ ਤੇ ਉਸ ਦੀ ਭੂਆ ਦੇ ਬੇਟੇ ਅਤਿੰਦਰ ਕੁਮਾਰ ਦੇ ਰੂਪ ਵਿਚ ਹੋਈ ਹੈ, ਜਿਨ੍ਹਾਂ ਦੀ ਹਾਲਤ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰ ਲਿਆ ਗਿਆ ਹੈ। ਦੋਵੇਂ ਭਰਾ ਮੈਡੀਕਲ ਕੰਪਨੀ ਦੇ ਰੀਪ੍ਰਜ਼ੈਂਟੇਟਿਵ (ਐੱਮ. ਆਰ.) ਹਨ। ਇਲਾਕੇ ਦੇ ਲੋਕਾਂ ਦਾ ਦੋਸ਼ ਹੈ ਕਿ ਪੁਲਸ ਦੀ ਸੁਸਤੀ ਕਾਰਨ ਹੀ ਗੁੰਡੇ ਬਦਮਾਸ਼ਾਂ ਦੇ ਹੌਸਲੇ ਬੁਲੰਦ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਜਿਨ੍ਹਾਂ ਲੜਕਿਆਂ ਨੇ ਦੋਵਾਂ ਭਰਾਵਾਂ ''ਤੇ ਹਮਲਾ ਕੀਤਾ ਹੈ, ਉਹ ਇਲਾਕੇ ਵਿਚ ਆਪਣੀ ਦਹਿਸ਼ਤ ਕਾਇਮ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਇਕ ਭਰਾ ਮਰਡਰ ਦੇ ਕੇਸ ਵਿਚ ਜੇਲ ਵਿਚ ਬੰਦ ਹੈ। ਇਸ ਤੋਂ ਪਹਿਲਾਂ ਉਹ ਕਈ ਲੋਕਾਂ ''ਤੇ ਜਾਨਲੇਵਾ ਹਮਲਾ ਕਰ ਚੁੱਕੇ ਹਨ ਪਰ ਰਾਜਨੀਤਕ ਸਰਪ੍ਰਸਤੀ ਪ੍ਰਾਪਤ ਹੋਣ ਕਾਰਨ ਪੁਲਸ ਅੱਜ ਤੱਕ ਉਨ੍ਹਾਂ ਦਾ ਕੁਝ ਨਹੀਂ ਵਿਗਾੜ ਸਕੀ।
ਉਨ੍ਹਾਂ ਨੇ ਦੋ ਭਰਾਵਾਂ ਦਾ ਨਾਂ ਲੈਂਦੇ ਹੋਏ ਦੱਸਿਆ ਕਿ ਅੱਜ ਉਹ ਆਪਣੇ ਦੋ ਦਰਜਨ ਦੇ ਕਰੀਬ ਹਥਿਆਰਬੰਦ ਸਾਥੀਆਂ ਨਾਲ ਵੱਖ-ਵੱਖ ਵਾਹਨਾਂ ''ਤੇ ਸਵਾਰ ਹੋ ਕੇ ਆਏ, ਜਿਨ੍ਹਾਂ ਦੇ ਹੱਥਾਂ ਵਿਚ ਨੰਗੀਆਂ ਕਿਰਪਾਨਾਂ, ਦਾਤਰ, ਗੰਡਾਸੇ ਤੇ ਹੋਰ ਹਥਿਆਰ ਸਨ। ਉਨ੍ਹਾਂ ''ਚੋਂ ਕੁਝ ਲੜਕੇ ਅਮਿਤ ਨੂੰ ਉਸ ਦੇ ਘਰ ''ਚੋਂ ਬੁਲਾਉਣ ਲਈ ਗਏ। ਜਿਉਂ ਹੀ ਅਮਿਤ ਬਾਹਰ ਆਇਆ ਤਾਂ ਉਹ ਉਸ ਨੂੰ ਖਿੱਚ ਕੇ ਆਪਣੇ ਸਾਥੀਆਂ ਦੇ ਝੁੰਡ ਵੱਲ ਲੈ ਗਏ। ਇਸ ਦੇ ਬਾਅਦ ਬਦਮਾਸ਼ਾਂ ਨੇ ਅਮਿਤ ''ਤੇ ਤਾਬੜਤੋੜ ਵਾਰ ਕਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ। ਇਹ ਦੇਖ ਕੇ ਜਦੋਂ ਅਤਿੰਦਰ ਆਪਣੇ ਭਰਾ ਨੂੰ ਬਚਾਉਣ ਗਿਆ ਤਾਂ ਬਦਮਾਸ਼ਾਂ ਦਾ ਇਕ ਝੁੰਡ ਉਸ ''ਤੇ ਟੁੱਟ ਪਿਆ ਅਤੇ ਅਤਿੰਦਰ ''ਤੇ ਉਹ ਉਦੋਂ ਤਕ ਹਮਲਾ ਕਰਦੇ ਰਹੇ, ਜਦੋਂ ਤੱਕ ਉਹ ਬੇਹੋਸ਼ ਨਹੀਂ ਹੋ ਗਿਆ। 
ਰੌਲਾ ਰੱਪਾ ਸੁਣ ਕੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਪੁਲਸ ਨੂੰ ਕਾਲ ਕੀਤਾ। ਗੁੰਡਾਗਰਦੀ ਦਾ ਨੰਗਾ ਨਾਚ ਕਰੀਬ ਅੱਧੇ ਘੰਟੇ ਤੱਕ ਚੱਲਿਆ। ਪੁਲਸ ਦੇ ਪਹੁੰਚਣ ਤੋਂ ਪਹਿਲਾਂ ਹੀ ਸਾਰੇ ਬਦਮਾਸ਼ ਲਲਕਾਰੇ ਮਾਰਦੇ ਹਵਾ ਵਿਚ ਹਥਿਆਰ ਲਹਿਰਾਉਂਦੇ ਹੋਏ ਮੌਕੇ ''ਤੋਂ ਫਰਾਰ ਹੋ ਗਏ। ਲੋਕਾਂ ਦਾ ਦੋਸ਼ ਹੈ ਕਿ ਗੁੰਡਾਗਰਦੀ ਕਰਨ ਵਾਲੇ ਦੋਵਾਂ ਭਰਾਵਾਂ ਨੇ ਇਸ ਤੋਂ ਪਹਿਲਾਂ ਵੀ ਅਮਿਤ ਨਾਲ ਝਗੜਾ ਕਰਦੇ ਹੋਏ ਉਸ ਨੂੰ ਦੇਖ ਲੈਣ ਦੀ ਧਮਕੀ ਦਿੱਤੀ ਸੀ। ਉਧਰ ਇੰਸਪੈਕਟਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਹ ਆਪਣੇ ਇਲਾਕੇ ਵਿਚ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਬਰਦਾਸ਼ਤ ਨਹੀਂ ਕਰਨਗੇ। ਦੋਸ਼ੀ ਚਾਹੇ ਕਿੰਨੇ ਵੀ ਤਾਕਤਵਰ ਕਿਉ ਨਾ ਹੋਣ, ਉਨ੍ਹਾਂ ਨੂੰ ਕਿਸੇ ਵੀ ਕੀਮਤ ''ਤੇ ਬਖਸ਼ਿਆ ਨਹੀਂ ਜਾਵੇਗਾ। ਖ਼ਬਰ ਲਿਖੇ ਜਾਣ ਤੱਕ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਸੀ।