ਪੰਜਾਬ 'ਚ ਮੁੜ ਦਿਖੇਗੀ ਬੈਲਗੱਡੀਆਂ ਦੀ ਦੌੜ, ਸੁਪਰੀਮ ਕੋਰਟ ਨੇ ਸੁਣਾਇਆ ਫ਼ੈਸਲਾ

05/19/2023 3:57:07 PM

ਖੰਨਾ (ਵਿਪਨ) : ਪੰਜਾਬ 'ਚ ਹੁਣ ਮੁੜ ਤੋਂ ਬੈਲਗੱਡੀਆਂ ਦੀ ਦੌੜ ਦੇਖਣ ਨੂੰ ਮਿਲੇਗੀ ਕਿਉਂਕਿ ਸੁਪਰੀਮ ਕੋਰਟ ਵਲੋਂ ਬੈਲ ਦੌੜਾਕਾਂ ਨੂੰ ਵੱਡੀ ਰਾਹਤ ਦਿੰਦਿਆਂ ਬੈਲ ਦੌੜਾਂ 'ਤੇ ਲਾਈ ਰੋਕ ਨੂੰ ਹਟਾ ਦਿੱਤਾ ਗਿਆ ਹੈ। ਅਦਾਲਤ ਦੇ ਫ਼ੈਸਲੇ ਦੀ ਜਾਣਕਾਰੀ ਮਾਲਵਾ, ਦੋਆਬਾ ਦੀ ਬੈਲ ਦੌੜਾਕ ਕਮੇਟੀ ਪੰਜਾਬ ਵੱਲੋਂ ਦਿੱਤੀ ਗਈ ਅਤੇ ਖ਼ੁਸ਼ੀ 'ਚ ਲੱਡੂ ਵੰਡੇ ਗਏ। ਇਸ ਦੇ ਨਾਲ ਹੀ 25 ਮਈ ਨੂੰ ਪਾਇਲ ਦੇ ਪਿੰਡ ਧੌਲਮਾਜਰਾ ਵਿਖੇ ਬੈਲ ਦੌੜਾਂ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਦੀਆਂ ਮਿੰਨੀ ਓਲੰਪਿਕ ਖੇਡਾਂ ਵਜੋਂ ਜਾਣੇ ਜਾਂਦੇ ਕਿਲ੍ਹਾ ਰਾਏਪੁਰ ਖੇਡ ਮੇਲੇ 'ਤੇ ਮੌਕੇ ਦੀਆਂ ਸਰਕਾਰਾਂ ਵੱਲੋਂ 29 ਜਨਵਰੀ, 2010 ਨੂੰ ਬੈਲਗੱਡੀਆਂ ਦੀਆਂ ਦੌੜਾਂ ਅਤੇ ਹੋਰ ਜਾਨਵਰਾਂ ਦੀਆਂ ਦੌੜਾਂ ਵੀ ਬੰਦ ਕਰਵਾ ਦਿੱਤੀਆਂ ਗਈਆਂ ਸਨ। ਉਸ ਸਮੇਂ ਤੋਂ ਹੀ ਬੈਲ ਦੌੜਾਕਾਂ ਵੱਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਿੰਗਲ ਅਤੇ ਡਬਲ ਬੈਂਚ ਵਿਖੇ ਲੰਬੀ ਕਾਨੂੰਨੀ ਲੜਾਈ ਲੜ ਕੇ ਸੰਨ 2012 ਵਿਚ ਜਿੱਤ ਪ੍ਰਾਪਤ ਕਰ ਲਈ ਗਈ ਸੀ। ਇਸ ਤੋਂ ਬਾਅਦ ਪੀਟਾ ਅਤੇ ਹੋਰ ਐੱਨ. ਜੀ. ਓਜ਼. ਨੇ ਮਿਲ ਕੇ ਹਾਈਕੋਰਟ ਦੇ ਇਸ ਫ਼ੈਸਲੇ ਨੂੰ 2014 ਵਿੱਚ ਸੁਪਰੀਮ ਕੋਰਟ ਵਿਖੇ ਚੁਣੌਤੀ ਦਿੱਤੀ ਸੀ ਅਤੇ ਇਸ 'ਤੇ ਸਟੇਅ ਲੱਗ ਗਈ ਸੀ।

ਇਹ ਵੀ ਪੜ੍ਹੋ : ਪੰਜਾਬ ਦੇ ਸਾਬਕਾ ਮੰਤਰੀ ਧਰਮਸੌਤ ਨੂੰ ਮਿਲੀ ਜ਼ਮਾਨਤ, ਨਾਭਾ ਜੇਲ੍ਹ ’ਚੋਂ ਆਏ ਬਾਹਰ

ਇਸ ਉਪਰੰਤ ਪੰਜਾਬ, ਮਹਾਂਰਾਸ਼ਟਰ, ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲਾ ਸਮੇਤ ਹੋਰ ਸੂਬਿਆਂ ਦੇ ਬੈਲ ਦੌੜਾਕਾਂ ਅਤੇ ਹੋਰ ਜਾਨਵਰਾਂ ਦੀਆਂ ਖੇਡਾਂ ਨਾਲ ਜੁੜੇ ਖੇਡ ਪ੍ਰੇਮੀਆਂ ਨੇ ਇਕੱਠੇ ਹੋ ਕੇ ਮਾਣਯੋਗ ਸੁਪਰੀਮ ਕੋਰਟ ਵਿੱਚ ਚੱਲਦੇ ਇਸ ਕੇਸ ਦੀ ਪੈਰਵਾਈ ਕੀਤੀ। ਇਸੇ ਦੌਰਾਨ 2017 ਵਿਚ ਕੁੱਝ ਸੂਬਿਆਂ ਦੀਆਂ ਸਰਕਾਰਾਂ ਅਤੇ ਖੇਡ ਪ੍ਰੇਮੀਆਂ ਨੇ ਰਾਸ਼ਟਰਪਤੀ ਤੋਂ ਮਨਜ਼ੂਰੀ ਲੈ ਕੇ ਇਨ੍ਹਾਂ ਖੇਡਾਂ ਨੂੰ ਜਾਰੀ ਰੱਖਿਆ। ਇਸੇ ਦੌਰਾਨ ਮਾਲਵਾ-ਦੋਆਬਾ ਬੈਲ ਦੌੜਾਕ ਕਮੇਟੀ ਰਜਿ. ਪੰਜਾਬ ਨੇ 23 ਫਰਵਰੀ, 2022 ਨੂੰ ਹੋਰਨਾਂ ਸੂਬਿਆਂ ਵਾਂਗ ਮਾਣਯੋਗ ਸੁਪਰੀਮ ਕੋਰਟ ਤੋਂ ਮਨਜ਼ੂਰੀ ਲੈਣ ਲਈ ਪਟੀਸ਼ਨ ਦਾਇਰ ਕੀਤੀ। ਇਸ ਦੀ ਸੁਣਵਾਈ 23 ਦਸੰਬਰ, 2022 ਨੂੰ ਹੋਈ। ਇਸ ਰਿੱਟ ਪਟੀਸ਼ਨ 'ਤੇ ਸੁਪਰੀਮ ਕੋਰਟ ਨੇ 18 ਮਈ, 2023 ਨੂੰ ਆਪਣਾ ਫ਼ੈਸਲਾ ਸੁਣਾਇਆ, ਜਿਸ ਵਿੱਚ ਬੈਲ ਦੌੜਾਂ ਸਮੇਤ ਹੋਰਨਾਂ ਜਾਨਵਰਾਂ ਦੀਆਂ ਦੌੜਾਂ 'ਤੇ ਲਗਾਈ ਗਈ ਪਾਬੰਦੀ ਨੂੰ ਹਟਾ ਦਿੱਤਾ ਗਿਆ। ਇਸ ਫ਼ੈਸਲੇ ਮਗਰੋਂ ਦੇਸ਼ ਭਰ ਦੇ ਬੈਲ ਦੌੜਾਕਾਂ ਅਤੇ ਹੋਰ ਜਾਨਵਰਾਂ ਦੀਆਂ ਖੇਡਾਂ ਕਰਵਾਉਣ ਵਾਲੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

ਇਹ ਵੀ ਪੜ੍ਹੋ : ਮੰਤਰੀ ਧਾਲੀਵਾਲ ਨੇ ਇਨ੍ਹਾਂ ਲੋਕਾਂ ਨੂੰ ਦਿੱਤਾ 31 ਮਈ ਤੱਕ ਦਾ ਅਲਟੀਮੇਟਮ, ਸੁਖਬੀਰ 'ਤੇ ਵੀ ਸਾਧਿਆ ਨਿਸ਼ਾਨਾ

ਮਾਲਵਾ ਦੋਆਬਾ ਬੈਲ ਦੌੜਾਕ ਕਮੇਟੀ ਪੰਜਾਬ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਨੇ ਕਿਹਾ ਕਿ ਉਨ੍ਹਾਂ ਨੇ ਲੰਬੀ ਕਾਨੂੰਨੀ ਲੜਾਈ ਮਗਰੋਂ ਇਹ ਦਿਨ ਦੇਖਿਆ ਹੈ, ਜਿਸ ਦਾ ਉਨ੍ਹਾਂ ਨੂੰ ਵਿਆਹ ਜਿੰਨਾ ਚਾਅ ਹੈ ਕਿਉਂਕਿ ਬੈਲ ਦੌੜਾਂ ਵਿਰਾਸਤੀ ਖੇਡਾਂ ਹਨ। ਇਨ੍ਹਾਂ ਤੋਂ ਪਾਬੰਦੀ ਹਟਾਉਣ ਨਾਲ ਹੁਣ ਨਸ਼ਿਆਂ ਦਾ ਖ਼ਾਤਮਾ ਵੀ ਹੋਵੇਗਾ ਅਤੇ ਖੇਡ ਪ੍ਰੇਮੀ ਕਈ ਤਰ੍ਹਾਂ ਦੀ ਬੀਮਾਰੀਆਂ ਤੋਂ ਬਚਣਗੇ। ਚੇਅਰਮੈਨ ਸੁਰਿੰਦਰ ਸਿੰਘ ਘੁਡਾਣੀ ਨੇ ਕਿਹਾ ਕਿ ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੇ ਕਾਨੂੰਨੀ ਲੜਾਈ ਲਈ ਬੈਲ ਦੌੜਾਕਾਂ ਦਾ ਸਾਥ ਦਿੱਤਾ ਪਰ ਪੰਜਾਬ ਅੰਦਰ ਕਿਸੇ ਵੀ ਸਿਆਸੀ ਪਾਰਟੀ ਨੇ ਬੈਲ ਦੌੜਾਕਾਂ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਨੂੰ ਆਪਣੇ ਦਮ 'ਤੇ ਕਾਨੂੰਨੀ ਲੜਾਈ ਲੜਨੀ ਪਈ। ਉਹ ਅਦਾਲਤ ਦੇ ਫ਼ੈਸਲੇ ਦਾ ਸੁਆਗਤ ਕਰਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita