ਨਾਭਾ ਤੋਂ ਜੌੜੇਪੁਲ ਸੜਕ ’ਤੇ ਦਰਜਨ ਦੇ ਕਰੀਬ ਮਰੇ ਹੋਏ ਸਾਨ੍ਹ ਮਿਲੇ, ਜਾਂਚ ’ਚ ਜੁਟੀ ਪੁਲਸ

08/01/2022 5:25:57 PM

ਨਾਭਾ (ਖੁਰਾਣਾ) : ਨਾਭਾ ਵਿਖੇ ਰੂਹ ਕੰਬਾਊ ਘਟਨਾ ਵੇਖਣ ਨੂੰ ਮਿਲੀ ਜਿੱਥੇ ਨਾਭਾ-ਜੌੜੇ ਪੁਲ ਸੜਕ ਤੇ ਦੂਰ-ਦੂਰ ਤੱਕ ਦਰਜਨ ਦੇ ਕਰੀਬ ਸਾਨ੍ਹਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਹਨ। ਇਹ ਸਾਨ੍ਹ ਵੱਡੀ ਮਾਤਰਾ ਵਿਚ ਇੱਥੇ ਕਿਵੇਂ ਆਏ ਅਤੇ ਕਿਉਂ ਸੁੱਟਿਆ ਗਿਆ ਇਹ ਪੁਲਸ ਦੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ। ਮੌਕੇ ’ਤੇ ਪਟਿਆਲਾ ਦੇ ਐੱਸ.ਐੱਸ.ਪੀ ਦੀਪਕ ਪਾਰਿਕ ਅਤੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਕਿਉਂਕਿ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਸਖ਼ਤ ਕਾਨੂੰਨ ਨਹੀਂ ਬਣਾਏ ਗਏ ਅਤੇ ਤਾਂ ਹੀ ਤਸਕਰਾਂ ਦੇ ਹੌਸਲੇ ਲਗਾਤਾਰ ਬੁਲੰਦ ਹਨ।

ਇਸ ਮੌਕੇ ’ਤੇ ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਕ੍ਰਿਸ਼ਨ ਪਵਾਰ ਨੇ ਕਿਹਾ ਕਿ ਜਦੋਂ ਸਾਨੂੰ ਸਵੇਰੇ ਪਤਾ ਲੱਗਿਆ ਅਤੇ ਮੌਕੇ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ ਕਿਉਂਕਿ ਸਾਨੂੰ ਸੂਚਨਾ ਸੀ ਕਿ ਗਊ ਤਸਕਰ ਵੱਡੀ ਮਾਤਰਾ ਵਿਚ ਇੱਥੋਂ ਸਾਨ੍ਹਾਂ ਨੂੰ ਲੈ ਕੇ ਜਾ ਰਹੇ ਹਨ। ਅਸੀਂ ਕਈ ਥਾਵਾਂ ’ਤੇ ਨਾਕੇ ਵੀ ਲਗਾਏ ਹੋਏ ਸਨ ਅਤੇ ਗਊ ਤਸਕਰਾਂ ਵੱਲੋਂ ਇਨ੍ਹਾਂ ਸਾਨ੍ਹਾਂ ਨੂੰ ਟੀਕੇ ਲਗਾ ਕੇ ਮੌਤ ਦੇ ਘਾਟ ਉਤਾਰਿਆ ਗਿਆ ਲੱਗਦਾ ਹੈ ਅਤੇ ਜਾਂਦੇ-ਜਾਂਦੇ ਟਰੱਕ ਵਿੱਚੋਂ ਬਾਹਰ ਸੁੱਟਿਆ ਗਿਆ ਹੈ।

ਹਰੀਸ਼ ਸਿੰਗਲਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਗਊ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਲਈ ਪੱਤਰ ਵੀ ਸਰਕਾਰ ਨੂੰ ਭੇਜਿਆ ਹੈ ਪਰ ਸਰਕਾਰ ਵੱਲੋਂ ਅਜੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ ਗਿਆ ਅਤੇ ਉਸ ਵਿੱਚ ਮੰਗ ਕੀਤੀ ਗਈ ਸੀ ਕਿ ਜੋ ਵੀ ਗਊ ਤਸਕਰ ਜਦੋਂ ਫੜਿਆ ਜਾਵੇ। ਉਸ ਨੂੰ 10 ਸਾਲ ਦੀ ਸਜ਼ਾ ਕੀਤੀ ਜਾਵੇ ਪਰ ਸਰਕਾਰਾਂ ਵੱਲੋਂ ਅਜੇ ਤੱਕ ਕੋਈ ਗੰਭੀਰ ਨੋਟਿਸ ਨਹੀਂ ਲਿਆ ਗਿਆ। ਉਨ੍ਹਾਂ ਕਿਹਾ ਕਿ ਅਸੀਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਨੋਟੀਫਿਕੇਸ਼ਨ ਜਾਰੀ ਕਰਕੇ ਇਨ੍ਹਾਂ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਪਟਿਆਲਾ ਦੇ ਐੱਸ.ਐੱਸ.ਪੀ ਦੀਪਕ ਪਾਰਿਕ ਨੇ ਕਿਹਾ ਕਿ ਸਾਨੂੰ ਪਤਾ ਲੱਗਾ ਸੀ ਕਿ ਅਨੇਕਾਂ ਸਾਨ੍ਹ ਸੜਕ ’ਤੇ ਮਰੇ ਹੋਏ ਪਾਏ ਗਏ ਹਨ। ਅਸੀਂ ਮੌਕੇ ’ਤੇ ਪਹੁੰਚੇ ਹਾਂ ਅਤੇ ਦੋਸ਼ੀਆਂ ਖ਼ਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ਦੀ ਪੁਲਸ ਵਲੋਂ ਵੱਖ-ਵੱਖ ਪਹਿਲੂਆਂ ’ਤੇ ਜਾਂਚ ਕੀਤੀ ਜਾ ਰਹੀ ਹੈ, ਇਸ ਤੋਂ ਇਲਾਵਾ ਸੀਸੀਟੀਵੀ ਵੀ ਖੰਗਾਲੀ ਜਾ ਰਹੀ ਹੈ। 

Gurminder Singh

This news is Content Editor Gurminder Singh