19 ਮਾਰਚ ਨੂੰ ਹੋ ਸਕਦੈ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ

03/01/2018 6:46:25 AM

ਚੰਡੀਗੜ੍ਹ (ਭੁੱਲਰ) - ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ 19 ਮਾਰਚ ਤੋਂ ਸ਼ੁਰੂ ਹੋ ਸਕਦਾ ਹੈ। ਪਹਿਲਾਂ ਇਹ ਸੈਸ਼ਨ 8 ਮਾਰਚ ਜਾਂ 12 ਮਾਰਚ ਤੋਂ ਸ਼ੁਰੂ ਕਰਨ ਦੇ ਪ੍ਰਸਤਾਵਾਂ 'ਤੇ ਵਿਚਾਰ ਕੀਤਾ ਜਾ ਰਿਹਾ ਸੀ ਪਰ ਮੰਤਰੀ ਮੰਡਲ ਦੇ ਆਉਣ ਵਾਲੇ ਦਿਨਾਂ 'ਚ ਸੰਭਾਵਿਤ ਵਿਸਥਾਰ ਅਤੇ ਕੈਪਟਨ ਸਰਕਾਰ ਦਾ ਇਕ ਸਾਲ ਪੂਰਾ ਹੋਣ 'ਤੇ ਕੀਤੇ ਜਾਣ ਵਾਲੇ ਵਿਸ਼ੇਸ਼ ਸਮਾਰੋਹ ਦੇ ਮੱਦੇਨਜ਼ਰ ਹੁਣ 19 ਮਾਰਚ ਤੋਂ ਸੈਸ਼ਨ ਬੁਲਾਉਣ 'ਤੇ ਵਿਚਾਰ ਹੋ ਰਿਹਾ ਹੈ। ਸੂਬੇ ਦੇ ਮੰਤਰੀ ਮੰਡਲ ਦੀ ਬੈਠਕ 7 ਮਾਰਚ ਨੂੰ ਸੱਦੀ ਗਈ ਹੈ, ਜਿਸ 'ਚ ਸੈਸ਼ਨ ਦੀਆਂ ਤਰੀਕਾਂ 'ਤੇ ਅੰਤਿਮ ਫੈਸਲਾ ਹੋਵੇਗਾ, ਜੇਕਰ ਇਹ ਸੈਸ਼ਨ 19 ਮਾਰਚ ਨੂੰ ਸ਼ੁਰੂ ਹੁੰਦਾ ਹੈ ਤਾਂ ਇਹ ਅਪ੍ਰੈਲ ਮਹੀਨੇ ਦੇ ਪਹਿਲੇ ਹਫਤੇ 'ਚ ਸਮਾਪਤ ਹੋਵੇਗਾ, ਕਿਉਂਕਿ ਬਜਟ ਸੈਸ਼ਨ ਦੀਆਂ ਘੱਟੋ-ਘੱਟ 10 ਤੋਂ 11 ਬੈਠਕਾਂ ਜ਼ਰੂਰੀ ਹਨ। ਜ਼ਿਕਰਯੋਗ ਹੈ ਕਿ ਬਜਟ 'ਤੇ ਸੁਝਾਅ ਲੈਣ ਲਈ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਨੇ 1 ਮਾਰਚ ਨੂੰ ਚੰਡੀਗੜ੍ਹ 'ਚ ਪਾਰਟੀ ਦੇ ਵਿਧਾਇਕਾਂ ਦੀ ਬੈਠਕ ਵੀ ਬੁਲਾਈ ਹੋਈ ਹੈ।
ਇਸ ਤਰ੍ਹਾਂ ਸਰਕਾਰ ਦੇ ਇਕ ਸਾਲ ਪੂਰਾ ਹੋਣ 'ਤੇ ਕੀਤੇ ਜਾਣ ਵਾਲਾ ਵਿਸ਼ੇਸ਼ ਪ੍ਰੋਗਰਾਮ 15 ਮਾਰਚ ਦੇ ਆਸ-ਪਾਸ ਹੋ ਸਕਦਾ ਹੈ ਅਤੇ ਇਸ ਦੇ ਸਥਾਨ ਦਾ ਫੈਸਲਾ ਹਾਲੇ ਨਹੀਂ ਹੋਇਆ। ਇਸ ਮੌਕੇ ਇਕ ਲੱਖ ਕਿਸਾਨਾਂ ਨੂੰ ਕਰਜ਼ਾ ਮੁਆਫੀ ਦੇ ਸਰਟੀਫਿਕੇਟ ਦਿੱਤੇ ਜਾਣ ਦੀ ਯੋਜਨਾ ਸਰਕਾਰ ਬਣਾ ਰਹੀ ਹੈ।