ਬੀ.ਐੱਸ.ਐੱਫ. ਨੇ ਸਰਹੱਦੀ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ

06/30/2019 6:41:03 PM

ਫਾਜ਼ਿਲਕਾ(ਲੀਲਾਧਰ, ਨਾਗਪਾਲ)— ਬੀ.ਐੱਸ.ਐੱਫ. ਦੀ 181 ਬਟਾਲੀਅਨ ਅਬੋਹਰ ਦੇ ਡਿਪਟੀ ਕਮਾਂਡੈਂਟ ਨੇ ਭਾਰਤ-ਪਾਕਿਸਤਾਨ ਸਰਹੱਦ 'ਤੇ ਲੱਗੀ ਕੰਡੇਦਾਰ ਤਾਰ ਦੇ ਗੇਟਾਂ ਦੇ ਖੁੱਲ੍ਹਣ ਦੇ ਸਮੇਂ 'ਚ 2 ਘੰਟਿਆਂ ਦਾ ਵਾਧਾ ਕਰਦੇ ਹੋਏ ਭਾਰਤ ਵਾਲੇ ਪਾਸੇ ਨਰਮੇ ਤੇ ਕਪਾਹ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

ਵਰਣਨਯੋਗ ਹੈ ਕਿ ਇਸ ਤੋਂ ਪਹਿਲਾਂ ਕੰਡੇਦਾਰ ਤਾਰ ਦੇ ਪਾਕਿਸਤਾਨ ਵਾਲੇ ਪਾਸੇ ਤਾਂ ਬਿਲਕੁਲ ਨਹੀਂ ਪਰ ਭਾਰਤ ਵਾਲੇ ਪਾਸੇ 200 ਮੀਟਰ ਦੀ ਦੂਰੀ ਦੇ ਅੰਦਰ ਨਰਮਾ ਅਤੇ ਕਪਾਹ ਦੀ ਕਾਸ਼ਤ ਕਰਨ ਦੀ ਇਜਾਜ਼ਤ ਨਹੀਂ ਸੀ। ਸੁਭਾਸ਼ ਚੰਦਰ ਪ੍ਰਧਾਨ ਬਾਰਡਰ ਏਰੀਆ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਕਿਸਾਨਾਂ ਦਾ ਇਕ ਵਫਦ ਬਾਰਡਰ ਰੇਂਜ ਦੇ ਡੀ.ਆਈ.ਜੀ. ਨੂੰ ਆਪਣੀਆਂ ਮੁਸ਼ਕਲਾਂ ਸਬੰਧੀ ਜਾਣੂ ਕਰਵਾ ਚੁੱਕਾ ਸੀ। ਡੀ.ਆਈ.ਜੀ. ਵੱਲੋਂ 181 ਬਟਾਲੀਅਨ ਦੇ ਡਿਪਟੀ ਕਮਾਂਡੈਂਟ ਨੂੰ ਕਿਸਾਨਾਂ ਦੀ ਇਸ ਮੁਸ਼ਕਲ ਨੂੰ ਹੱਲ ਕਰਨ ਦੇ ਹੁਕਮ ਦਿੱਤੇ ਗਏ ਸਨ। ਇਸ ਨਾਲ ਸਰਹੱਦੀ ਕਿਸਾਨਾਂ ਨੂੰ ਵੱਡੀ ਰਾਹਤ ਮਿਲੀ ਹੈ। ਮੁਰਾਦ ਵਾਲਾ ਚੌਕੀ ਵਿਖੇ ਪਿੰਡ ਮੁਰਾਦ ਵਾਲਾ, ਸਿਵਾਨਾ, ਬਾਰੇਕਾਂ ਅਤੇ ਰੂਪ ਨਗਰ ਦੇ ਸਰਹੱਦੀ ਪੱਟੀ ਦੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਾਂਡੈਂਟ ਆਰ.ਐੱਮ. ਖਜ਼ੂਰ ਨੇ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦੀਆਂ ਜ਼ਮੀਨਾਂ ਦੀ ਕਾਸ਼ਤ ਕਰਨ 'ਚ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਡਿਪਟੀ ਕਮਾਂਡੈਂਟ ਸ਼੍ਰੀ ਖਜ਼ੂਰ ਨੇ ਇਹ ਵੀ ਸਾਫ ਕੀਤਾ ਕਿ ਕਿਸਾਨ ਕੰਡੇਦਾਰ ਤਾਰ ਦੇ ਭਾਰਤ ਵਾਲੇ ਪਾਸੇ ਨਰਮੇ ਅਤੇ ਕਪਾਹ ਦੀ ਕਾਸ਼ਤ ਕਰ ਸਕਦੇ ਹਨ ਅਤੇ ਅਜਿਹਾ ਕਰਦੇ ਸਮੇਂ ਉਨ੍ਹਾਂ ਨੂੰ ਇਸ ਗੱਲ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਇਸ ਸਰਹੱਦੀ ਪੱਟੀ 'ਤੇ ਕਿਸੇ ਵੀ ਸ਼ੱਕੀ ਵਿਅਕਤੀ ਨੂੰ ਕਿਸਾਨਾਂ ਵੱਲੋਂ ਵੇਖਿਆ ਜਾਂਦਾ ਹੈ ਤਾਂ ਉਹ ਤੁਰੰਤ ਬੀ.ਐੱਸ.ਐੱਫ. ਦੇ ਜਵਾਨਾਂ ਜਾਂ ਚੌਕੀ 'ਚ ਸੂਚਨਾ ਦੇਣ। ਇਸ ਤੋਂ ਪਹਿਲਾਂ ਸਰਹੱਦ 'ਤੇ ਲੱਗੀ ਕੰਡੇਦਾਰ ਤਾਰ ਦੇ ਪਾਕਿਸਤਾਨ ਵਾਲੇ ਪਾਸੇ ਪੈਂਦੀਆਂ ਜ਼ਮੀਨਾਂ 'ਤੇ ਕਾਸ਼ਤ ਕਰਨ ਵਾਲੇ ਕਿਸਾਨਾਂ ਲਈ ਸਵੇਰੇ 10 ਤੋਂ ਲੈ ਕੇ ਸ਼ਾਮ 5 ਵਜੇ ਤੱਕ ਹੀ ਕੰਮ ਕਰਨ ਲਈ ਗੇਟ ਖੁੱਲ੍ਹੇ ਰਹਿੰਦੇ ਸਨ, ਜਦਕਿ ਹੁਣ ਇਸ 'ਚ ਸਮੇਂ ਦੀ ਤਬਦੀਲੀ ਕਰਦੇ ਹੋਏ ਇਸ ਨੂੰ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਬੀ.ਐੱਸ.ਐੱਫ. ਦੇ ਜਵਾਨਾਂ ਦਾ ਸਹਿਯੋਗ ਦੇਣ ਲਈ ਵੀ ਕਿਹਾ। ਇਸ ਮੌਕੇ ਕਿਸਾਨਾਂ ਵੱਲੋਂ ਕੰਡੇਦਾਰ ਤਾਰ ਦੇ ਪਾਰ ਆਪਣੇ ਖੇਤਾਂ 'ਚ ਆਪਣੇ ਪੱਧਰ 'ਤੇ ਕੰਡੇਦਾਰ ਦੇ ਨਾਲ-ਨਾਲ ਝਟਕਾ ਤਾਰ ਲਾਉਣ ਸਬੰਧੀ ਵੀ ਬੀ.ਐੱਸ.ਐੱਫ. ਦੇ ਡਿਪਟੀ ਕਮਾਂਡੈਂਟ ਤੋਂ ਮੰਗ ਕੀਤੀ। ਕਿਸਾਨਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਆਪਣੇ ਖੇਤਾਂ 'ਚ ਵੱਧ ਤੋਂ ਵੱਧ ਰੁੱਖ ਲਾਉਣ ਦੀ ਇਜਾਜ਼ਤ ਦਿੱਤੀ ਜਾਵੇ।

ਕਿਸਾਨਾਂ ਦੀ ਇਸ ਮੰਗ ਸਬੰਧੀ ਆਪਣੀ ਗੰਭੀਰਤਾ ਵਿਖਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਹ ਇਸ ਦੀ ਪ੍ਰਵਾਨਗੀ ਅਧਿਕਾਰੀਆਂ ਨੂੰ ਸੂਚਿਤ ਕਰਨ ਤੋਂ ਬਾਅਦ ਹੀ ਦੇ ਸਕਦੇ ਹਨ। ਸ਼੍ਰੀ ਖਜ਼ੂਰ ਦੇ ਨਾਲ ਕੰਪਨੀ ਕਮਾਂਡੈਂਟ ਕੇ. ਚਿਨ ਅਤੇ ਇੰਸਪੈਕਟਰ ਐੱਸ.ਕੇ. ਦਹੀਆ ਮੌਜੂਦ ਸਨ। ਕਿਸਾਨਾਂ ਦੇ ਵਫਦ 'ਚ ਸੁਭਾਸ਼ ਚੰਦਰ ਪ੍ਰਧਾਨ ਬਾਰਡਰ ਏਰੀਆ ਸੰਘਰਸ਼ ਕਮੇਟੀ, ਤੇਜਾ ਰਾਮ, ਜਗਦੀਸ਼ ਸਰਪੰਚ ਪਿੰਡ ਸਿਵਾਨਾ, ਸਾਹਿਬ ਰਾਮ, ਵਿਕ੍ਰਾਂਤ ਕੁਮਾਰ, ਵਿਕਰਮਜੀਤ, ਵਿਨੋਦ ਕੁਮਾਰ, ਰਮੇਸ਼ ਕੁਮਾਰ, ਸੁਨੀਲ ਕੁਮਾਰ, ਵਿਕਰਮ ਕੁਮਾਰ, ਅਰਵਿੰਦਰ ਕੁਮਾਰ, ਪ੍ਰਿਥੀ ਰਾਮ ਤੋਂ ਇਲਾਵਾ ਵੱਡੀ ਗਿਣਤੀ 'ਚ ਹੋਰ ਕਿਸਾਨ ਹਾਜ਼ਰ ਸਨ।

Baljit Singh

This news is Content Editor Baljit Singh