ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਪਾਕਿਸਤਾਨੀ ਨਾਬਾਲਿਗ ਮੁੰਡਾ ਗ੍ਰਿਫ਼ਤਾਰ

06/19/2022 12:51:42 PM

ਖੇਮਕਰਨ (ਸੋਨੀਆ) : ਬੀਤੀ ਰਾਤ 103 ਬਟਾਲੀਅਨ ਦੇ ਜਵਾਨਾਂ ਨੇ ਦਸ-ਬਾਰਾਂ ਸਾਲਾ ਨਾਬਾਲਿਗ ਲੜਕਾ ਬੀ.ਓ.ਪੀ ਕਲਸ, ਜਿਸ ਦੀ ਬੀ.ਐੱਸ.ਐੱਫ ਵਾੜ ਤੋਂ ਦੂਰੀ 120 ਮੀਟਰ ਅਤੇ ਆਈ.ਬੀ ਤੋਂ ਦੂਰੀ 80 ਮੀਟਰ, ਬੀ.ਓ.ਪੀ ਕਲਸ ਤੋਂ 600 ਮੀਟਰ, ਬੀ.ਪੀ ਨੰਬਰ 153/ਐੱਮ ਦੀ ਅਲਾਈਨਮੈਂਟ ਤੋਂ ਕਾਬੂ ਕੀਤਾ ਗਿਆ। ਬੀ.ਐੱਸ.ਐੱਫ ਬਟਾਲੀਅਨ 103 ਨੇ ਦੋ ਪਾਕਿਸਤਾਨੀ ਨਾਗਰਿਕਾਂ ਨੂੰ ਭਾਰਤੀ ਸਰਹੱਦ ਵਿਚ ਦਾਖ਼ਲ ਹੁੰਦੇ ਵੇਖਿਆ ਤਾਂ ਲਲਕਾਰਾ ਮਾਰਿਆ। ਉਨ੍ਹਾਂ ਵਿਚੋਂ ਇਕ 10-12 ਸਾਲ ਦਾ ਲੜਕਾ ਹਿੰਦੋਸਤਾਨ ਸਰਹੱਦ ਪਾਰ ਕਰ ਗਿਆ, ਜਿਸ ਨੂੰ ਬੀ.ਐੱਸ.ਐੱਫ ਦੇ ਜਵਾਨਾਂ ਵਲੋਂ ਕਾਬੂ ਕਰ ਲਿਆ ਗਿਆ। ਬੀ.ਐੱਸ.ਐੱਫ ਦੇ ਅਧਿਕਾਰੀਆਂ ਵਲੋਂ ਪੁੱਛਗਿੱਛ ਦੌਰਾਨ ਪਾਕਿਸਤਾਨੀ ਬੱਚੇ ਦੀ ਪਛਾਣ ਅੱਲ੍ਹਾ ਦਿੱਤਾ ਪੁੱਤਰ ਲਿਆਕਤ ਅਲੀ ਵਜੋਂ ਹੋਈ, ਉਸ ਨੇ ਦੱਸਿਆ ਕਿ ਉਸ ਦੇ ਨਾਲ ਉਸ ਦਾ ਚਚੇਰਾ ਭਰਾ ਬਿਲਾਲ ਵੀ ਸੀ, ਜੋ ਕਿ ਭਾਰਤੀ ਬੀ.ਐੱਸ.ਐੱਫ ਦੇ ਜਵਾਨਾਂ ਨੂੰ ਦੇਖ ਕੇ ਪਾਕਿਸਤਾਨੀ ਖੇਤਾਂ ਵੱਲ ਦੌੜ ਗਿਆ ਪਰ ਅੱਲ੍ਹਾ ਦਿੱਤਾ ਭਾਰਤੀ ਸਰਹੱਦ ’ਚ ਸਥਿਰ ਰਿਹਾ।

ਅੱਲ੍ਹਾ ਦਿੱਤਾ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਦਾ ਲੜਕਾ ਹੈ ਅਤੇ ਉਸ ਦੀ ਮਾਤਾ ਗੁਜ਼ਰ ਚੁੱਕੀ ਹੈ, ਘਰ ਵਿਚ ਉਸ ਦਾ ਛੋਟਾ ਭਰਾ ਅਤੇ ਉਸ ਦੇ ਪਿਤਾ ਹਨ, ਜੋ ਕਿ ਮਿਹਨਤ-ਮਜ਼ਦੂਰੀ ਕਰਦੇ ਹਨ, ਘਰ ਵਿਚ ਗਰੀਬੀ ਹੋਣ ਕਾਰਨ ਉਸ ਦੇ ਪਿਤਾ ਲਿਆਕਤ ਅਲੀ ਨੇ ਅੱਲ੍ਹਾ ਦਿੱਤਾ ਨੂੰ ਉਸ ਦੇ ਚਚੇਰੇ ਭਰਾ ਬਿਲਾਲ ਨਾਲ ਭੇਜਿਆ ਤਾਂ ਕਿ ਉਹ ਕੋਈ ਕੰਮ ਕਰ ਸਕੇ। ਬਿਲਾਲ ਨੇ ਉਸ ਨੂੰ ਕਸੂਰ (ਪਾਕਿਸਤਾਨ) ਗੱਤੇ ਦੀ ਫੈਕਟਰੀ ਵਿਚ ਕੰਮ ਕਰਨ ਲਈ ਲਿਆਂਦਾ ਅਤੇ ਉਹ ਆਸ-ਪਾਸ ਦੇ ਖੇਤਰਾਂ ਤੋਂ ਬਿਲਕੁਲ ਅਣਜਾਨ ਹੈ। ਬੀ.ਐੱਸ.ਐੱਫ ਦੇ ਜਵਾਨਾਂ ਨੂੰ ਪਾਕਿਸਤਾਨੀ ਬੱਚੇ ਦੀ ਤਲਾਸ਼ੀ ਦੌਰਾਨ ਕਿਸੇ ਕਿਸਮ ਦੀ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਫਿਲਹਾਲ ਬੱਚਾ ਖਬਰ ਲਿਖੇ ਜਾਣ ਤੱਕ ਬੀ. ਐੱਸ. ਐੱਫ. ਦੇ ਅਧਿਕਾਰੀਆਂ ਦੀ ਦੇਖ-ਰੇਖ ਹੇਠ ਸੀ।

 

Gurminder Singh

This news is Content Editor Gurminder Singh