ਜ਼ਮੀਨ ਦੀ ਲੜਾਈ ਵਿਚ ਭਰਾ ਨੇ ਭਰਾ ਦੀ ਲਈ ਜਾਨ

04/25/2018 8:11:02 PM

ਕਾਹਨੂੰਵਾਨ (ਬਿਊਰੋ)- ਇਥੋਂ ਦੇ ਇਲਾਕਾ ਕਾਹਨੂੰਵਾਨ ਪੁਲਸ ਸਟੇਸ਼ਨ ਅਧੀਨ ਪੈਂਦੇ ਪਿੰਡ ਛੋੜੀਆ ਵਿਚ ਜ਼ਮੀਨੀ ਝਗੜੇ ਨੂੰ ਲੈ ਕੇ ਦੋ ਭਰਾਵਾਂ ਵਿਚ ਲੜਾਈ ਇੰਨੀ ਜ਼ਿਆਦਾ ਵੱਧ ਗਈ ਕਿ ਇਕ ਭਰਾ ਨੇ ਦੂਜੇ ਭਰਾ ਨੂੰ ਜਾਨੋਂ ਮਾਰ ਦਿੱਤਾ। ਪੁਲਸ ਵਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਰਦੀਪ ਸਿੰਘ ਅਤੇ ਸਰਵਣ ਸਿੰਘ ਪੁੱਤਰ ਮਹਿੰਦਰ ਸਿੰਘ ਦੋਵਾਂ ਭਰਾਵਾਂ ਵਿਚ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਹਰਦੀਪ ਸਿੰਘ ਆਰਮੀ ਵਿਚ ਤਾਇਨਾਤ ਹੈ ਜਦੋਂ ਕਿ ਦੂਜਾ ਭਰਾ ਸਰਵਣ ਸਿੰਘ ਬੀ.ਐਸ.ਐਫ. ਵਿਚ ਸੇਵਾਵਾਂ ਨਿਭਾਅ ਰਿਹਾ ਹੈ। ਇਹ ਦੋਵੇਂ ਭਰਾ ਛੁੱਟੀ ਉੱਤੇ ਘਰ ਆਏ ਹੋਏ ਸਨ ਅਤੇ ਜ਼ਮੀਨ ਨੂੰ ਲੈ ਕੇ ਇਨ੍ਹਾਂ ਦੋਹਾਂ ਭਰਾਵਾਂ ਵਿਚ ਬਹਿਸਬਾਜ਼ੀ ਹੋ ਗਈ, ਬਹਿਸਬਾਜ਼ੀ ਬਾਅਦ ਵਿਚ ਖੂਨੀ ਲੜਾਈ ਵਿਚ ਬਦਲ ਗਈ ਜਿਸ ਕਾਰਨ ਹਰਦੀਪ ਸਿੰਘ ਦੀ ਮੌਕੇ ਉੱਤੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਤੋਂ ਹੀ ਸਰਵਣ ਸਿੰਘ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਸ ਇੰਚਾਰਜ ਸੁਰਿੰਦਰ ਪਾਲ ਸਿੰਘ ਨੇ ਸਰਵਣ ਸਿਂਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਅਤੇ ਸਰਵਣ ਸਿੰਘ ਦੀ ਭਾਲ ਕੀਤੀ ਜਾ ਰਹੀ ਹੈ।