ਖੂਨ ਬਣਿਆ ਪਾਣੀ, 4 ਕਨਾਲਾ ਜ਼ਮੀਨ ਦੀ ਵੰਡ ਪਿੱਛੇ ਸਕਾ ਭਰਾ ਵੱਢਿਆ

04/26/2020 7:38:08 PM

ਮਖੂ (ਵਾਹੀ) : ਪੁਲਸ ਥਾਣਾ ਮਖੂ ਵਿਚ ਪੈਂਦੇ ਪਿੰਡ ਪੁਰਾਣਾ ਮਖੂ ਵਿਖੇ 4 ਕਨਾਲ ਜ਼ਮੀਨ ਵਿਚੋਂ ਆਪਣਾ ਹਿੱਸਾ ਮੰਗਣ ਨੂੰ ਲੈ ਕੇ ਹੋਈ ਪਰਿਵਾਰਕ ਲੜਾਈ ਵਿਚ ਸਕੇ ਭਰਾਵਾਂ ਨੇ ਪਿਤਾ ਦੇ ਸਹਿਯੋਗ ਨਾਲ ਆਪਣੇ ਹੀ ਭਰਾ ਨੂੰ ਵੱਢ ਸੁੱਟਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਪੁਰਾਣਾ ਮਖੂ ਦੇ ਛਿੰਦਾ ਸਿੰਘ ਪੁੱਤਰ ਬਹਾਦਰ ਸਿੰਘ ਦੇ ਤਿੰਨ ਲੜਕੇ ਰੇਸ਼ਮ ਸਿੰਘ, ਪ੍ਰੇਮ ਅਤੇ ਤਰਸੇਮ ਸਿੰਘ ਹਨ। ਇਨ੍ਹਾਂ ਵਿਚੋਂ ਰੇਸ਼ਮ ਸਿੰਘ ਅਤੇ ਪ੍ਰੇਮ ਸਿੰਘ ਵਿਆਹੇ ਹੋਏ ਹਨ ਅਤੇ ਤਰਸੇਮ ਸਿੰਘ ਕੁਆਰਾ ਹੈ। ਪ੍ਰੇਮ ਅਤੇ ਰੇਸ਼ਮ ਸਿੰਘ ਘਰੋਂ ਵੱਖ ਹਨ। ਵਿਚਕਾਰਲਾ ਲੜਕਾ ਪ੍ਰੇਮ ਪਿਤਾ ਦੀ 4 ਕਨਾਲ ਜ਼ਮੀਨ ਵਿਚੋਂ ਹਿੱਸਾ ਮੰਗਦਾ ਸੀ, ਬੀਤੀ ਰਾਤ ਵੀ ਜਦੋਂ ਕੰਬਾਇਨ ਖੇਤ ਵਿਚੋਂ ਕਣਕ ਕੱਟ ਕੇ ਹਟੀ ਤਾਂ ਪ੍ਰੇਮ ਨੇ ਖੇਤ ਵਿਚ ਪਹੁੰਚ ਕਿ ਆਪਣੇ ਪਿਤਾ ਤੋਂ ਜ਼ਮੀਨ 'ਚੋਂ ਹਿਸਾ ਮੰਗਿਆ ਤਾਂ ਇਨ੍ਹਾਂ ਵਿਚਾਲੇ ਲੜਾਈ ਹੋ ਗਈ। 

ਇਹ ਵੀ ਪੜ੍ਹੋ : ਕਰਫਿਊ ਦੌਰਾਨ ਹੁਸ਼ਿਆਰਪੁਰ ''ਚ ਵੱਡੀ ਵਾਰਦਾਤ, ਹੱਥ-ਪੈਰ ਬੰਨ੍ਹ ਕੇ ਵਕੀਲ ਦਾ ਕਤਲ    

ਰੇਸ਼ਮ ਸਿੰਘ, ਤਰਸੇਮ ਸਿੰਘ ਨੇ ਪਿਤਾ ਛਿੰਦਾਂ ਸਿੰਘ ਸਮੇਤ ਪ੍ਰੇਮ 'ਤੇ ਕਿਰਪਾਨ, ਗੰਡਾਂਸਿਆਂ ਅਤੇ ਡਾਂਗ ਨਾਲ ਹਮਲਾ ਕਰ ਦਿੱਤਾ। ਇਸ ਦੌਰਾਨ ਪ੍ਰੇਮ ਦੀ ਪਤਨੀ ਨੇ ਰੌਲਾ ਪਾ ਦਿੱਤਾ। ਰੌਲਾ ਸੁਣ ਕੇ ਪਿੰਡ ਦੇ ਕੁਝ ਲੋਕ ਆ ਗਏ ਤਾਂ ਹਮਲਾਵਰ ਫਰਾਰ ਹੋ ਗਏ। ਇਸ ਦੌਰਾਨ ਜ਼ਖਮੀ ਪ੍ਰੇਮ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ ਅਤੇ ਹਾਲਤ ਗੰਭੀਰ ਹੋਣ 'ਤੇ ਫਰੀਦਕੋਟ ਰੈਫਰ ਕੀਤਾ ਗਿਆ। ਫਰੀਦਕੋਟ ਪਹੁੰਚਣ ਤੋਂ ਪਹਲਾਂ ਹੀ ਪ੍ਰੇਮ ਸਿੰਘ ਦੀ ਮੌਤ ਹੋ ਗਈ।  
ਮ੍ਰਿਤਕ ਪ੍ਰੇਮ ਦੀ ਪਤਨੀ ਦੇ ਬਿਆਨਾਂ 'ਤੇ ਪੁਲਸ ਨੇ ਰੇਸ਼ਮ ਸਿੰਘ, ਤਰਸੇਮ ਸਿੰਘ ਅਤੇ ਛਿੰਦਾ ਸਿੰਘ ਖਿਲਾਫ ਕਤਲ ਦਾ ਮੁਕਦਮਾ ਦਰਜ ਕੀਤਾ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਪ੍ਰੇਮ ਦੀਆਂ ਤਿੰਨ ਲੜਕੀਆਂ ਹਨ ਅਤੇ ਪਰਿਵਾਰ ਦਾ ਗੁਜ਼ਾਰਾ ਪ੍ਰੇਮ ਦੀ ਮਜਦੂਰੀ ਨਾਲ ਹੀ ਚੱਲਦਾ ਸੀ।

ਇਹ ਵੀ ਪੜ੍ਹੋ : ਬੀ. ਐੱਸ. ਐੱਫ. ਦੇ ਜਵਾਨਾਂ ਵਲੋਂ ਪਾਕਿਸਤਾਨੀ ਘੁਸਪੈਠੀਆ ਢੇਰ 

Gurminder Singh

This news is Content Editor Gurminder Singh