ਬੀਬੀਆਂ ਦੇ ਹੌਂਸਲੇ ਬੁਲੰਦ, ''ਬ੍ਰਿਗੇਡ'' ਬਣ ਕੇ ਖੇਤਾਂ ਤੇ ਘਰਾਂ ਦੀ ਰਾਖੀ ਲਈ ਪਹਾੜ ਵਾਂਗ ਡਟੀਆਂ

12/04/2020 6:13:50 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਸ਼ੰਘਰਸ਼ ਕਰ ਰਹੇ ਕਿਸਾਨ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਧਰਨਿਆਂ 'ਤੇ ਡਟੇ ਹੋਏ ਹਨ।ਪਿੰਡਾਂ 'ਚੋਂ ਕਿਸਾਨ-ਮਜ਼ਦੂਰਾਂ ਦੇ ਪਰਿਵਾਰਾਂ ਦੇ ਲਗਭਗ ਸਾਰੇ ਮੈਂਬਰ ਵਹੀਰਾਂ ਘੱਤ ਕੇ ਦਿੱਲੀ ਗਏ ਹੋਏ ਹਨ ਤੇ ਪਿੱਛੇ ਉਨ੍ਹਾਂ ਦੇ ਘਰਾਂ 'ਚ ਇੱਕਾ-ਦੁੱਕਾ ਮੈਂਬਰ ਬੀਬੀਆਂ ਜੋ ਮਜਬੂਰੀ 'ਚ ਦਿੱਲੀ ਨਹੀਂ ਜਾ ਸਕੀਆਂ ਘਰਾਂ ਅਤੇ ਖ਼ੇਤਾਂ ਨੂੰ ਸੰਭਾਲ ਕੇ ਕਿਸਾਨੀ ਸੰਘਰਸ਼ 'ਚ ਆਪਣਾ ਯੋਗਦਾਨ ਪਾ ਰਹੀਆਂ ਸਨ ਤੇ ਹੁਣ ਕਿਸਾਨਾਂ ਦੇ ਪਰਿਵਾਰਾਂ ਦੀਆਂ ਬੀਬੀਆਂ ਆਪਣੀ ਅਤੇ ਪਰਿਵਾਰ ਦੀ ਰਾਖੀ ਲਈ 'ਮਹਿਲਾ ਬ੍ਰਿਗੇਡ' ਦੇ ਰੂਪ 'ਚ ਆ ਖੜ੍ਹੀਆਂ ਹੋਈਆਂ ਹਨ।

ਇਹ ਵੀ ਪੜ੍ਹੋ:  ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ 'ਆਪ' ਨੇ ਇਕੱਠੇ ਕੀਤੇ 10 ਲੱਖ

ਅਜਿਹਾ ਹੀ ਨਜ਼ਾਰਾ ਸਬ-ਡਵੀਜ਼ਨ ਭਵਾਨੀਗੜ੍ਹ ਦੇ ਪਿੰਡ ਬਾਲਦ ਕਲਾਂ 'ਚ ਦੇਖਣ ਨੂੰ ਮਿਲਿਆ, ਜਿੱਥੇ ਬੀਬੀਆਂ ਵਲੋਂ ਤਿਆਰ ਕੀਤੀ ਗਈ 'ਮਹਿਲਾ ਬ੍ਰਿਗੇਡ' ਰਾਤ ਨੂੰ ਹੱਥਾਂ 'ਚ ਡਾਂਗਾਂ ਸੋਟੇ ਫੜ ਕੇ ਪਿੰਡ ਦੇ ਗਲੀ ਮੁਹੱਲਿਆਂ 'ਚ ਪਹਿਰੇਦਾਰੀ ਕਰਦੀਆਂ ਹਨ ਤੇ ਇਕ ਦੂਜੇ ਨਾਲ ਕੇਂਦਰ ਵਲੋਂ ਧੱਕੇ ਨਾਲ ਥੋਪੇ ਗਏ ਕਾਲੇ ਖੇਤੀ ਕਾਨੂੰਨਾਂ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਲੈ ਕੇ ਨੁਕਤਾਚੀਨੀ ਵੀ ਕਰਦੀਆਂ ਹਨ।ਇਸ ਮੌਕੇ ਬੀਬੀਆਂ ਨੇ ਦੱਸਿਆ ਕਿ ਪਹਿਰੇ 'ਤੇ ਡਟਿਆ ਜਥਾ ਪਿੰਡ 'ਚ ਘਰ-ਘਰ ਜਾਂਦਾ ਹੈ ਤੇ ਬਾਕਾਇਦਾ ਤੌਰ 'ਤੇ ਉਨ੍ਹਾਂ ਦੇ ਦਰਵਾਜ਼ੇ ਖੜਕਾ ਕੇ ਪੁੱਛਦਾ ਹੈ ਕਿ ਕਿਸੇ ਨੂੰ ਕੋਈ ਤਕਲੀਫ ਤਾਂ ਨਹੀਂ ਜਾਂ ਕਿਸੇ ਚੀਜ਼ ਵਸਤੂ ਦੀ ਲੋੜ ਹੈ ਤਾਂ ਦੱਸੋ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਕੈਨੇਡਾ ਰਹਿੰਦੇ ਫਿਰੋਜ਼ਪੁਰ ਦੇ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ

ਇਸ ਤੋਂ ਇਲਾਵਾ ਬੀਬੀਆਂ ਨੇ ਦੱਸਿਆ ਕਿ ਉਹ ਦਿਨ 'ਚ ਖੇਤਾਂ ਦੀ ਰਾਖ਼ੀ ਅਤੇ ਫ਼ਸਲ ਦੀ ਦੇਖਭਾਲ ਵੀ ਕਰਦੀਆਂ ਹਨ ਤੇ ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਕਿਸਾਨਾਂ ਨੂੰ ਸਾਫ਼ ਤੌਰ 'ਤੇ ਕਹਿ ਦਿੱਤਾ ਹੈ ਕਿ ਹੁਣ ਤੁਸੀਂ ਤਕੜੇ ਹੋ ਕੇ ਲੜਾਈ ਲੜੋ ਤੁਹਾਨੂੰ ਪਿੱਛੇ ਆਪਣੇ ਘਰਾਂ ਜਾਂ ਫ਼ਸਲ ਦੀ ਫ਼ਿਕਰ ਕਰਨ ਦੀ ਲੋੜ ਨਹੀਂ ਤੇ ਹੁਣ ਤੁਸੀਂ ਦਿੱਲੀ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰ ਪਰਤਣਾ। ਬੀਬੀਆਂ ਦਾ ਆਖਣਾ ਹੈ ਕਿ ਜਿੰਨਾਂ ਸਮਾਂ ਕਿਸਾਨ ਦਿੱਲੀ 'ਚ ਡਟੇ ਰਹਿਣਗੇ ਉਹ ਵੀ ਪਿੰਡ 'ਚ ਸਰਦੀ ਗਰਮੀ ਦੀ ਪ੍ਰਵਾਹ ਕੀਤੇ ਬਿਨਾਂ ਇਕ 'ਬ੍ਰਿਗੇਡ' ਦੇ ਰੂਪ 'ਚ ਕੰਮ ਕਰਦੀਆਂ ਰਹਿਣਗੀਆ। ਉਨ੍ਹਾਂ ਦੇ ਹੌਂਸਲੇ ਬੁਲੰਦ ਹਨ ਤੇ ਉਹ ਹੁਣ ਪਿੱਛੇ ਮੁੜਨ ਵਾਲੀਆਂ ਨਹੀਂ ਹਨ।

ਇਹ ਵੀ ਪੜ੍ਹੋ: ਕਿਸਾਨੀ ਅੰਦੋਲਨ 'ਤੇ ਬੋਲੇ ਭਗਵੰਤ ਮਾਨ, ਕਿਹਾ ਜ਼ਮੀਨੀ ਹਕੀਕਤ ਤੋਂ ਭੱਜ ਰਹੀ ਮੋਦੀ ਸਰਕਾਰ

Shyna

This news is Content Editor Shyna