ਸੰਵਿਧਾਨ ਦੇ ਮੰਦਰ ਸੰਸਦ ’ਚ ਪਹਿਲੇ ਦਿਨ ਹੀ ਹੋਈ ‘ਮਰਿਆਦਾ ਭੰਗ’

06/20/2019 8:15:11 PM

ਜਲੰਧਰ (ਜਸਬੀਰ ਵਾਟਾਂ ਵਾਲੀ) 17ਵੀਂ ਲੋਕ ਸਭਾ 2019 ਦੇ ਸਹੁੰ ਚੁੱਕ ਸਮਾਗਮ ਦੌਰਾਨ ਅਜੀਬੋ-ਗਰੀਬ ਡਰਾਮਾ ਦੇਖਣ ਨੂੰ ਮਿਲਿਆ। ਇਸ ਦੌਰਾਨ ਸਹੁੰ ਚੁੱਕ ਸਮਾਗਮ ਦੀ ਮਰਿਯਾਦ ਭੰਗ ਹੋਣ ਦਾ ਮਾਮਲਾ ਸਾਹਮਣੇ ਆਇਆ। ਲੋਕ ਸਭਾ ਸੈਸ਼ਨ ਦੇ ਦੂਜੇ ਦਿਨ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਸਿਅਸਤਦਾਨ ਧਰਮਾ ਅਤੇ ਜਾਤਾ-ਪਾਤਾਂ ਦੀ ਪੈਰਵਾਈ ਕਰਦੇ ਨਜਰ ਆਏ। ਦਰਅਸਲ ਜਦੋਂ ਹੈਦਰਾਬਾਦ ਤੋਂ ਸੰਸਦ ਮੈਂਬਰ ਚੁਣੇ ਗਏ ਅਸਦੁਦੀਨ ਓਵੈਸੀ ਲੋਕ ਸਭਾ ਮੈਂਬਰ ਵਜੋਂ ਸਹੁੰ ਚੁੱਕਣ ਲਈ ਉੱਠੇ ਤਾਂ ਭਾਜਪਾ ਕੁਝ ਸੰਸਦ ਮੈਂਬਰਾਂ ਨੇ ਸ਼ਰਾਰਤ ਅਤੇ ਖੁੰਦਕਬਾਜੀ ਦੇ ਮਿਜਾਜ ਵਿਚ ਜੈ ਸ਼੍ਰੀਰਾਮ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਇਸ ਸਭ ਦੇ ਮੱਦੇਨਜ਼ਰ ਉਕਸਾਵੇ ਵਿਚ ਆਏ ਓਵੈਸੀ ਨੇ ਵਿਰੋਧ ਵਜੋਂ ਸਹੁੰ ਚੁੱਕਣ ਮਗਰੋਂ ਜੈ ਭੀਮ, ਜੈ ਮੀਮ, ਅੱਲ੍ਹਾ-ਹੂ-ਅਕਬਰ ਅਤੇ ਜੈ ਹਿੰਦ ਦਾ ਨਾਅਰਾ ਲਾ ਦਿੱਤਾ। ਇੱਥੇ ਹੀ ਬੱਸ ਨਹੀਂ ਸਹੁੰ ਚੁੱਕਣ ਮੌਕੇ ਕਈ ਸੰਸਦ ਮੈਂਬਰਾਂ ਵੱਲੋਂ ਇਸ ਤਰ੍ਹਾਂ ਹੀ ਜੈ ਭੀਮ, ਜੈ ਮਮਤਾ, ਭਾਰਤ ਮਾਤਾ ਕੀ ਜੈ, ਇਨਕਲਾਬ ਜਿੰਦਾਬਾਦ, ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਦਿ ਨਾਅਰੇ ਲਗਾਏ ਗਏ। ਇਸੇ ਤਰ੍ਹਾਂ ਉੱਤਰ ਪ੍ਰਦੇਸ਼ ਦੀ ਸੰਭਲ ਸੀਟ ਤੋਂ ਚੁਣੇ ਗਏ ਸਪਾ ਦੇ ਮੈਂਬਰ ਸ਼ਫੀਕੁਰ ਰਹਿਮਾਨ ਬਰਕ ਨੇ ਰਾਸ਼ਟਰੀ ਗੀਤ 'ਵੰਦੇ ਮਾਤਰਮ' ਨੂੰ ਲੈ ਕੇ ਵੀ ਇਸ ਦੌਰਾਨ ਇਤਰਾਜ਼ ਜਾਹਰ ਕੀਤਾ। ਇਹ ਸਮੁੱਚਾ ਘਟਨਾਕ੍ਰਮ ਸਹੁੰ ਚੁੱਕ ਸਮਾਗਮ ਦੀ ਸਾਲਾਂ ਪੁਰਾਣੀ ਮਰਿਯਾਦਾ ਨੂੰ ਭੰਗ ਕਰਨ ਵਾਲਾ ਸੀ। ਆਜਾਦੀ ਤੋਂ ਬਾਅਦ ਇਹ ਪਹਿਲਾ ਮੌਕਾ ਸੀ ਕਿ ਸਹੁੰ ਚੁੱਕ ਸਮਾਗਮ ਵਿਚ ਸਹੁੰ ਚੁੱਕਣ ਵਾਲਿਆਂ ਨੇ ਇਸ ਤਰ੍ਹਾਂ ਦੇ ਨਾਅਰੇ ਲਗਾਏ ਗਏ ਹੋਣ।

ਸਹੁੰ ਦੀ ਪਰੰਪਰਾ ਅਤੇ ਮਰਿਆਦਾ
ਦੇਸ਼ ਆਜਾਦੀ ਤੋਂ ਬਾਅਦ ਜਿੱਥੇ ਦੇਸ਼ ਦੇ ਵਿਦਵਾਨਾ ਵੱਲੋਂ ਸੰਵਿਧਾਨ ਦਾ ਨਿਰਮਾਣ ਕੀਤਾ ਗਿਆ ਉਥੇ ਇਸ ਦੇ ਨਾਲ-ਨਾਲ ਪਾਰਲੀਮੈਂਟ ਨੂੰ ਚਲਾਉਣ ਦੀ ਮਰਿਯਾਦਾ ਵੀ ਤੈਅ ਕੀਤੀ ਗਈ। ਇਸ ਮਰਿਆਦਾ ਵਿਚ ਇਹ ਵੀ ਯਕੀਨੀ ਬਣਾਇਆ ਗਿਆ ਕਿ ਦੇਸ਼ ਦਾ ਕਾਰਜਭਾਰ ਸੰਭਾਲਣ ਤੋਂ ਪਹਿਲਾਂ ਹਰ ਆਗੂ ਦੇਸ਼ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਰੱਖਣ ਦੀ ਸਹੁੰ ਵੀ ਚੁੱਕੇਗਾ। ਇਸ ਵਿਚ ਸਹੁੰ ਚੁੱਕਣ ਦੇ ਸਕੰਲਪ ਵੀ ਕਲਮਬਧ ਕੀਤੇ ਗਏ। ਜੋ ਮੌਜੂਦਾ ਸਮੇਂ ਵਿਚ ਇਸ ਪ੍ਰਕਾਰ ਹਨ।

‘ਮੈਂ .............ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ, ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਕਨੂੰਨ ਰਾਹੀਂ ਸਥਾਪਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ, ਭਾਰਤ ਦੀ ਸਰਬ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸਦੇ ਕਰਤਵਾਂ ਨੂੰ ਮੈਂ ਸ਼ਰਧਾ ਪੂਰਵਕ ਨਿਭਾਵਾਂਗਾ’


 ਸਹੁੰ ਦੇ ਮੌਜੂਦਾ ਲਿਖਤੀ ਸੰਕਲਪ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਰਜਕਾਲ ਦੌਰਾਨ ਹੋਂਦ ਵਿਚ ਆਏ ਸਨ। ਇਸ ਤੋਂ ਪਹਿਲਾਂ ਸਹੁੰ ਦੇ ਲਿਖਤੀ ਸੰਕਲਪਾਂ ਵਿਚ ‘ਭਾਰਤ ਦੀ ਸਰਬ ਸਮਰੱਥ ਅਤੇ ਅਖੰਡਤਾ’ ਨੂੰ ਕਾਇਮ ਰੱਖਣ ਵਾਲੇ ਸ਼ਬਦ ਮੌਜੂਦ ਨਹੀਂ ਸਨ।

ਕਿਉਂ ਕੀਤੀ ਭਾਜਪਾ ਦੇ ਸੰਸਦ ਮੈਂਬਰਾਂ ਨੇ ਇਹ ਹਰਕਤ
ਸੰਸਦ ਅੰਦਰ ਲਗਾਏ ਗਏ ਇਹ ਨਾਅਰੇ ਇਸ ਗੱਲ ਦਾ ਸੰਕੇਤ ਹਨ ਕਿ ਦੇਸ਼ ਦੀ ਮੌਜੂਦਾ ਲੀਡਰਸ਼ਿਪ ਧਰਮ ਨਿਰਪੱਖਤਾ ਦੇ ਸੰਕਲਪ ਤੋਂ ਕੋਹਾਂ ਦੂਰ ਜਾ ਚੁੱਕੀ ਹੈ, ਜਦਕਿ ਭਾਰਤ ਸੰਵਿਧਾਨ ਉਨ੍ਹਾਂ ਨੂੰ ਧਰਮ ਨਿਰਪੱਖ ਰਹਿਣ ਦਾ ਸੰਦੇਸ਼ ਦਿੰਦਾ ਹੈ। ਇਸ ਘਟਨਾਕ੍ਰਮ ਦੌਰਾਨ ਸਭ ਤੋਂ ਵਧੇਰ ਨਾਅਰੇ ਜੈ ਸ਼੍ਰੀ ਰਾਮ ਦੇ ਲਗਾਏ ਗਏ। ਇਸ ਦੀ ਮੁੱਖ ਵਜ੍ਹਾ ਭਾਜਪਾਈ ਸੰਸਦ ਮੈਂਬਰਾਂ ਦੇ ਬਹੁਗਿਣਤੀ ਵਿਚ ਹੋਣਾ ਸੀ। ਭਾਜਪਾ ਲੀਡਰਸ਼ਿਪ ਵੱਲੋਂ ਕੀਤੀ ਗਈ ਇਹ ਸ਼ਰਾਰਤ ਇਸ ਗੱਲ ਦਾ ਸੰਕੇਤ ਹੈ ਕਿ ਦੂਜੀ ਵਾਰ ਜਿੱਤਣ ਤੋਂ ਬਾਅਦ ਉਹ ਸੱਤਾ ਦੇ ਨਸ਼ੇ ਵਿਚ ਹੈ ਅਤੇ ਘੱਟ ਗਿਣਤੀਆਂ ਨੂੰ ਹਿੰਦੂਤਵ ਦੀ ਚੜ੍ਹਤ ਦਾ ਅਹਿਸਾਸ ਕਰਵਾਉਣਾ ਚਾਹੁੰਦੀ ਹੈ। ਭਾਜਪਾ ਦਾ ਇਸ ਵਿਚ ਵੱਡਾ ਫਾਇਦਾ ਇਹ ਹੈ ਕਿ ਇਸ ਤਰ੍ਹਾਂ ਕਰਨ ਨਾਲ ਉਹ ਹਿੰਦੂ ਵੋਟ ਦਾ ਪੋਲਰਾਈਜੇਸ਼ਨ ਕਰਨ ਵਿਚ ਸਫਲ ਹੋਣਗੇ। ਇਸ ਘਟਨਾਕ੍ਰਮ ਦੇ ਸਬੰਧੀ ਵਿਚਾਰ ਪ੍ਰਗਟ ਕਰਦਿਆਂ ਮਾਹਰਾਂ ਨੇ ਕਿਹਾ ਕਿ ਇਹ ਕਾਰਵਾਈ ਮੰਦਭਾਗੀ ਹੈ ਅਤੇ ਇਸ ਨਾਲ ਫਿਰਕੂ ਭਾਵਨਾਵਾਂ ਨੂੰ ਹਵਾ ਮਿਲੇਗੀ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭਾਜਪਾ ਨੇ ਇਹ ਸੰਕੇਤ ਦੇਣ ਦੇ ਯਤਨ ਕੀਤੇ ਹਨ ਭਾਰਤ ਸਿਰਫ ਇਕ ਹਿੰਦੂ ਰਾਸ਼ਟਰ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਮੁੱਢਲੀ ਕਾਰਵਾਈ ਦੌਰਾਨ ਹੀ ਭਾਜਪਾ ਨੇ ਹਿੰਦੂਤਵ ਅਤੇ ਬਹੁਗਿਣਤੀਵਾਦ ਨੂੰ ਹੁਲਾਰਾ ਦਿੱਤਾ ਹੈ, ਜੋ ਕਿ ਘੱਟਗਿਣਤੀਆਂ ਲਈ ਚਿੰਤਾਜਨਕ ਹੈ। ਉਨ੍ਹਾਂ ਮੰਨਣਾ ਹੈ ਕਿ ਜੈ ਸ਼੍ਰੀ ਰਾਮ ਦਾ ਨਾਅਰਾ ਮੰਦਰਾਂ ਤੱਕ ਤਾਂ ਠੀਕ ਸੀ ਪਰ ਭਾਜਪਾ ਵੱਲੋਂ ਇਸ ਨਾਅਰੇ ਨੂੰ ਸੰਸਦ ਵਿਚ ਵਰਤਣ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਭਾਰਤ ਵੰਨਸੁਵੰਨਤਾ ਅਤੇ ਬਹੁਭਾਤੀ ਧਰਮਾਂ ਵਾਲਾ ਦੇਸ਼ ਹੈ, ਜਿਸ ਕਾਰਨ ਸੰਸਦ ਵਿਚ ਅਜਿਹੀਆਂ ਹਰਕਤਾਂ ਨਿੰਦਣਯੋਗ ਹਨ।

jasbir singh

This news is News Editor jasbir singh