ਬ੍ਰਹਮ ਮਹਿੰਦਰਾ ਵਲੋਂ ਸਰਕਾਰੀ ਕਰਮਚਾਰੀਆਂ ਨੂੰ ਵੱਡੀ ਰਾਹਤ

11/29/2019 10:36:18 AM

ਚੰਡੀਗੜ੍ਹ (ਰਮਨਜੀਤ)—ਸੂਬੇ ਦੇ ਕਰਮਚਾਰੀਆਂ ਦੀ ਲੰਮੇ ਸਮੇਂ ਤੋਂ ਚਲੀ ਆ ਰਹੀ ਮੰਗ ਨੂੰ ਧਿਆਨ 'ਚ ਰੱਖਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮੋਹਿੰਦਰਾ ਨੇ ਅੱਜ ਸੂਬਾ ਸਰਕਾਰ ਦੇ ਕਰਮਚਾਰੀਆਂ ਅਤੇ ਹੋਰਨਾਂ ਲਈ ਪਲਾਟਾਂ ਅਤੇ ਫਲੈਟਾਂ 'ਚ 3 ਫੀਸਦੀ ਰਾਖਵੇਂਕਰਨ ਦਾ ਐਲਾਨ ਕੀਤਾ ਹੈ। ਇਸ ਸਬੰਧੀ ਉਨ੍ਹਾਂ ਦੁਹਰਾਇਆ ਕਿ ਕੈ. ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਕਰਮਚਾਰੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸ ਉਪਰਾਲੇ ਨਾਲ ਮੁਲਾਜ਼ਮਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰ ਖੇਤਰ ਵਿਚਲੇ ਪਲਾਟ ਅਤੇ ਫਲੈਟ ਲੈਣ ਦਾ ਮੌਕਾ ਮਿਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸੂਬੇ ਦੀ ਮਲਕੀਅਤ ਅਤੇ ਨਿਯੰਤਰਣ ਅਧੀਨ ਬੋਰਡ ਅਤੇ ਕਾਰਪੋਰੇਸ਼ਨਾਂ, ਸਹਿਕਾਰਤਾ ਵਿਭਾਗ ਦੇ ਨਿਯੰਤਰਨ ਅਧੀਨ ਉਚ ਸੰਸਥਾਵਾਂ ਜਿਵੇਂ ਮਾਰਕਫੈੱਡ, ਮਿਲਕਫੈੱਡ, ਪੰਜਾਬ ਰਾਜ ਸਹਿਕਾਰੀ ਬੈਂਕ, ਹਾਊਸਫੈੱਡ ਇਸ ਨੀਤੀ ਤਹਿਤ ਯੋਗ ਹਨ।

ਮੰਤਰੀ ਨੇ ਕਿਹਾ ਕਿ ਬਿਨੈਕਾਰ ਨੇ ਰੈਗੂਲਰ ਸਰਵਿਸ ਦੇ ਘੱਟੋ-ਘੱਟ 5 ਸਾਲ ਪੂਰੇ ਕੀਤੇ ਹੋਣ ਜਾਂ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਦੀ ਮਿਤੀ ਤੋਂ ਪਿਛਲੇ 5 ਸਾਲਾਂ ਦੇ ਅੰਦਰ ਸੇਵਾਮੁਕਤ ਹੋਇਆ ਹੋਵੇ ਯੋਗ ਹੋਣਗੇ। ਬ੍ਰਹਮ ਮੋਹਿੰਦਰਾ ਨੇ ਕਿਹਾ ਕਿ ਬਿਨੈਕਾਰ ਨੂੰ ਕਦੇ ਵੀ ਇਖਤਿਆਰੀ ਕੋਟੇ ਤਹਿਤ ਜਾਂ ਕਿਸੇ ਵੀ ਯੋਜਨਾ 'ਚ ਤਰਜੀਹ ਦੇ ਆਧਾਰ 'ਤੇ ਰਿਹਾਇਸ਼ੀ ਪਲਾਟ ਜਾਂ ਮਕਾਨ ਅਲਾਟ ਨਾ ਹੋਇਆ ਹੋਵੇ। ਉਨ੍ਹਾਂ ਕਿਹਾ ਕਿ ਬਿਨੈਕਾਰ ਨੂੰ ਬਿਨੈ-ਪੱਤਰ 'ਤੇ ਜੁਆਇਨਿੰਗ ਜਾਂ ਸੇਵਾ ਮੁਕਤੀ ਦੀ ਮਿਤੀ ਦਰਸਾ ਕੇ ਵਿਭਾਗ ਦੇ ਸਬੰਧਤ ਡੀ. ਡੀ. ਓ. ਤੋਂ ਤਸਦੀਕ ਕਰਵਾਉਣ ਉਪਰੰਤ ਬਿਨੈ-ਪੱਤਰ ਜਮ੍ਹਾ ਕਰਵਾਉਣਾ ਲਾਜ਼ਮੀ ਹੋਵੇਗਾ।

Shyna

This news is Content Editor Shyna