ਪ੍ਰਿੰਸੀਪਲ ਦੇ ਡਰੋਂ ਨੌਜਵਾਨ ਨੇ ਲਿਆ ਸੀ ਫਾਹ, ਇਨਸਾਫ ਲਈ ਮਾਂ ਖਾ ਰਹੀ ਦਰ-ਦਰ ਠੋਕਰਾਂ (ਤਸਵੀਰਾਂ)

07/28/2019 7:07:55 PM

ਹੁਸ਼ਿਆਰਪੁਰ (ਅਮਰੀਕ)— 12ਵੀਂ ਦੇ ਵਿਦਿਆਰਥੀ ਵੱਲੋਂ ਖੁਦਕੁਸ਼ੀ ਕਰਨ ਦੇ ਮਾਮਲੇ 'ਚ ਚੱਬੇਵਾਲ ਪੁਲਸ ਨੇ ਪ੍ਰਿੰਸੀਪਲ ਵਿਰੁੱਧ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿੰਡ ਰਾਮਪੁਰ ਸੈਣੀਆਂ ਦੇ ਸਰਕਾਰੀ ਸਮਾਰਟ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਦੇ ਵਿਦਿਆਰਥੀ ਨੇ ਪ੍ਰਿੰਸੀਪਲ ਦੇ ਡਰੋਂ ਖੁਦਕੁਸ਼ੀ ਕਰ ਲਈ ਸੀ। ਆਕਾਸ਼ਦੀਪ ਦੀ ਮਾਂ ਅਰੁਣਾ ਰਾਣੀ ਵਾਸੀ ਹਰਜੀਆਣਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਸੀ ਕਿ ਉਸ ਦਾ ਲੜਕਾ ਆਕਾਸ਼ਦੀਪ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ 'ਚ 12ਵੀਂ ਜਮਾਤ 'ਚ ਪੜ੍ਹਦਾ ਸੀ।

17 ਜੁਲਾਈ ਨੂੰ ਸਕੂਲ ਦੀ ਅੱਧੀ ਛੁੱਟੀ ਵੇਲੇ ਆਕਾਸ਼ਦੀਪ ਆਪਣੀ ਕਲਾਸ 'ਚ ਕਿਸੇ ਵਿਦਿਆਰਥਣ ਨਾਲ ਬੈਠਾ ਸੀ ਅਤੇ ਕਲਾਸ 'ਚ ਦੋ ਤਿੰਨ ਹੋਰ ਵਿਦਿਆਰਥੀ ਵੀ ਬੈਠੇ ਸਨ। ਇਸ ਦੀ ਸ਼ਿਕਾਇਤ ਕਿਸੇ ਲੜਕੇ ਨੇ ਪ੍ਰਿੰਸੀਪਲ ਮਲਕੀਤ ਕੌਰ ਨੂੰ ਲਗਾ ਦਿੱਤੀ। ਪ੍ਰਿੰਸੀਪਲ ਨੇ ਹਿਟਲਰਸ਼ਾਹੀ ਨੀਤੀ ਅਪਣਉਂਦੇ ਹੋਏ ਬਿਨਾਂ ਮਾਮਲੇ ਦੀ ਪੜਤਾਲ ਕੀਤੇ ਹੀ ਸ਼ਿਕਾਇਤਕਰਤਾ ਲੜਕੇ ਨੂੰ ਆਪਣਾ ਮੋਬਾਈਲ ਦੇ ਕੇ ਕਲਾਸ 'ਚ ਬੈਠੇ ਆਕਾਸ਼ਦੀਪ ਅਤੇ ਉਸ ਦੀ ਵਿਦਿਆਰਥਣ ਦੀਆਂ ਤਸਵੀਰਾਂ ਖਿੱਚਵਾ ਲਈਆਂ ਸਨ।


ਉਨ੍ਹਾਂ ਅੱਗੇ ਦੱਸਿਆ ਕਿ ਉਸ ਤੋਂ ਬਾਅਦ ਪ੍ਰਿੰਸੀਪਲ ਨੇ ਕਲਾਸ ਅਧਿਆਪਕ, ਸਕੂਲ ਦੇ ਖੇਡ ਅਧਿਆਪਕ ਅਤੇ ਹੋਰ ਦੋ ਤਿੰਨ ਅਧਿਆਪਕਾਂ ਨੂੰ ਬੁਲਾ ਕੇ ਲੜਕੇ ਨੂੰ ਡਾਂਟਿਆ ਅਤੇ ਖਿੱਚੀਆਂ ਗਈਆਂ ਤਸਵੀਰਾਂ ਦਾ ਡਰਾਵਾ ਦੇ ਦਿੱਤਾ। ਪਰਿਵਾਰਕ ਮੈਂਬਰਾਂ ਅਨੁਸਾਰ ਸਕੂਲ ਦੇ ਖੇਡ ਅਧਿਆਪਕ ਨੇ ਵੀ ਲੜਕੇ ਨੂੰ ਬੁਰੀ ਤਰ੍ਹਾਂ ਝਿੜਕਾਂ ਮਾਰੀਆਂ ਸਨ। ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਛੁੱਟੀ ਤੋਂ ਬਾਅਦ ਆਕਸ਼ਦੀਪ ਨੇ ਘਰ ਜਾ ਕੇ ਸਾਰੀ ਕਹਾਣੀ ਆਪਣੀ ਮਾਤਾ ਨੂੰ ਦੱਸੀ ਅਤੇ ਪਸ਼ੂਆਂ ਦੇ ਵਾੜੇ 'ਚ ਜਾ ਕੇ ਗਾਡਰ ਨਾਲ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਅੰਤਿਮ ਸਸਕਾਰ ਕਰਨ ਤੋਂ ਇਨਕਾਰ ਕਰਦੇ ਹੋਏ ਸਕੂਲ ਜਾ ਕੇ ਮਾਮਲੇ ਦੀ ਪੜਤਾਲ ਕੀਤੀ ਅਤੇ ਪੁਲਸ ਨੂੰ ਬਿਆਨ ਦਿੱਤੇ ਜਦਕਿ ਸਕੂਲ ਪ੍ਰਿੰਸੀਪਲ ਦਫਤਰ ਛੱਡ ਕੇ ਚੋਰ ਦਰਵਾਜ਼ੇ ਰਾਹੀਂ ਰਫੂ-ਚੱਕਰ ਹੋ ਗਈ ਸੀ।

ਉਨ੍ਹਾਂ ਕਿਹਾ ਕਿ ਥਾਣਾ ਚੱਬੇਵਾਲ ਦੀ ਪੁਲਸ ਨੇ ਸਕੂਲ ਦੀ ਪ੍ਰਿੰਸੀਪਲ ਮਲਕੀਤ ਕੌਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕਰਨੇ ਦੀ ਗੱਲ ਕੀਤੀ ਪਰ 10 ਦਿੰਨ ਗੁਜਰ ਜਾਣ ਦੇ ਬਾਬਜੂਦ ਪੁਲਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਇਨਸਾਫ ਲਈ ਪੁਲਸ ਥਾਣਿਆਂ ਦੇ ਚੱਕਰ ਲਗਾ ਥੱਕ ਚੁੱਕੇ ਹਨ। ਅੱਜ ਉਹ ਪਿੰਡ ਵਾਸੀਆਂ ਨੂੰ ਲੈ ਕੇ ਜ਼ਿਲਾ ਪੁਲਸ ਅਫਸਰ ਨੂੰ ਮਿਲੇ ਅਤੇ ਦੋਸ਼ੀ ਅਧਿਆਪਕ ਨੂੰ ਜਲਦ ਫੜਨ ਦੀ ਮੰਗੀ ਕੀਤੀ। ਆਕਾਸ਼ਦੀਪ ਦੀ ਮਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਪੁਲਸ ਮੁਲਜ਼ਮ ਨਾਲ ਮਿਲੀਭੁਗਤ ਹੋਣ ਕਰਕੇ ਨਹੀਂ ਫੜ ਰਹੀ। 

shivani attri

This news is Content Editor shivani attri