ਹੋਟਲ 'ਚ ASI ਦੇ ਪੁੱਤ ਨੇ ਕੀਤੀ ਖੁਦਕੁਸ਼ੀ, ਵੀਡੀਓ ਜ਼ਰੀਏ ਦੱਸੀ ਸੱਚਾਈ

07/22/2019 10:43:01 AM

ਜਲੰਧਰ (ਕਮਲੇਸ਼)— ਮਾਇਆ ਹੋਟਲ ਦੇ ਕਮਰੇ 'ਚ ਇਕ ਨੌਜਵਾਨ ਨੇ ਸਲਫਾਸ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਬਾਰਾਂਦਰੀ ਥਾਣੇ ਦੇ ਐੱਸ. ਐੱਚ. ਓ. ਬਿਕਰਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਅਮਿਤ ਕੁਮਾਰ ਪੁੱਤਰ ਰਾਕੇਸ਼ ਕੁਮਾਰ ਵਾਸੀ ਖਾਨਪੁਰ ਜ਼ਿਲਾ ਹੁਸ਼ਿਆਰਪੁਰ ਵਜੋਂ ਹੋਈ ਹੈ। ਅਮਿਤ ਦਾ ਪਿਤਾ ਰਾਕੇਸ਼ ਕੁਮਾਰ ਪੰਜਾਬ ਪੁਲਸ 'ਚ ਏ. ਐੱਸ. ਆਈ. ਹੈ ਅਤੇ ਜਲੰਧਰ ਪੀ. ਏ. ਪੀ. 'ਚ ਤਾਇਨਾਤ ਹੈ।

ਮਿਲੀ ਜਾਣਕਾਰੀ ਮੁਤਾਬਕ ਅਮਿਤ ਨੇ ਮਾਇਆ ਹੋਟਲ 'ਚ ਬੀਤੇ ਦਿਨ ਕਮਰਾ ਨੰਬਰ 206 ਲਿਆ ਹੋਇਆ ਸੀ। ਅਮਿਤ ਦੇ ਸੁਸਾਈਡ ਦਾ ਖੁਲਾਸਾ ਉਸ ਦੇ ਮੋਬਾਇਲ ਤੋਂ ਹੋਇਆ। ਅਮਿਤ ਨੇ ਸੁਸਾਈਡ ਲਈ ਸਲਫਾਸ ਖਾਧਾ ਸੀ ਅਤੇ ਇਹ ਸਾਰੀ ਵੀਡੀਓ ਉਸ ਨੇ ਆਪਣੇ ਆਪ ਹੀ ਬਣਾਈ ਸੀ। ਵੀਡੀਓ 'ਚ ਅਮਿਤ ਇਹ ਕਹਿੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਉਹ ਸ਼ੇਅਰ ਬਾਜ਼ਾਰ 'ਚ ਲੱਖਾਂ ਰੁਪਏ ਹਾਰ ਗਿਆ ਸੀ ਅਤੇ ਇਸ ਕਾਰਨ ਉਹ ਬਹੁਤ ਹੀ ਤਣਾਅ 'ਚ ਸੀ। ਅਮਿਤ ਦੇ ਪਿਤਾ ਦਾ ਏ. ਟੀ. ਐੱਮ. ਵੀ ਉਸ ਦੇ ਕੋਲ ਹੀ ਹੁੰਦਾ ਸੀ ਅਤੇ ਆਪਣੇ ਪਿਤਾ ਦੇ ਅਕਾਊਂਟ ਤੋਂ ਹੀ ਉਸ ਨੇ ਬਿਨਾਂ ਉਨ੍ਹਾਂ ਨੂੰ ਦੱਸੇ ਪੈਸੇ ਸ਼ੇਅਰ ਬਾਜ਼ਾਰ 'ਚ ਲਗਾ ਦਿੱਤੇ ਸਨ।

23 ਸਾਲ ਦੇ ਅਮਿਤ ਨੇ 1 ਸਾਲ ਪਹਿਲਾਂ ਹੀ ਬੀ. ਏ. ਦੀ ਪੜ੍ਹਾਈ ਪੂਰੀ ਕੀਤੀ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਗੜ੍ਹਸ਼ੰਕਰ ਦੀ ਰਹਿਣ ਵਾਲੀ ਮੁਟਿਆਰ ਨਾਲ ਹੋਇਆ ਸੀ। ਅਮਿਤ ਨੇ ਵੀਡੀਓ 'ਚ ਇਹ ਵੀ ਕਿਹਾ ਹੈ ਕਿ ਉਹ ਆਪਣੇ ਸਹੁਰਾ-ਘਰ ਵਾਲਿਆਂ ਤੋਂ ਵੀ ਲੱਖਾਂ ਰੁਪਏ ਕਰਜ਼ਾ ਲੈ ਚੁੱਕਾ ਸੀ। ਸਾਰੇ ਪੈਸੇ ਬਰਬਾਦ ਹੋਣ ਤੋਂ ਬਾਅਦ ਉਹ ਕਿਸੇ ਨੂੰ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਸੀ ਅਤੇ ਇਸ ਕਾਰਨ ਉਸ ਨੇ ਇਹ ਦਾ ਕਦਮ ਚੁੱਕਿਆ। ਅਮਿਤ ਬੇਰੋਜ਼ਗਾਰ ਸੀ ਅਤੇ ਇਸ ਕਾਰਨ ਪਿਤਾ ਦਾ ਏ. ਟੀ. ਐੱਮ. ਉਸ ਕੋਲ ਰਹਿੰਦਾ ਸੀ ਅਤੇ ਉਸੇ ਤੋਂ ਉਨ੍ਹਾਂ ਦੇ ਘਰ ਦਾ ਖਰਚਾ ਚੱਲਦਾ ਸੀ। ਪਿਛਲੇ 2 ਮਹੀਨਿਆਂ ਤੋਂ ਅਕਾਊਂਟ 'ਚ ਪੈਸੇ ਖਤਮ ਹੋਣ ਤੋਂ ਬਾਅਦ ਘਰ ਦਾ ਖਰਚਾ ਚੁੱਕਣਾ ਵੀ ਮੁਸ਼ਕਿਲ ਹੋ ਰਿਹਾ ਸੀ ਅਤੇ ਇਹ ਗੱਲ ਕਿਸੇ ਨਾਲ ਕਰਨ ਦੀ ਉਸ ਦੀ ਹਿੰਮਤ ਵੀ ਨਹੀਂ ਹੋ ਰਹੀ ਸੀ।

ਅਮਿਤ ਵੀਡੀਓ ਦੇ ਅੰਤ 'ਚ ਇਹ ਕਹਿੰਦਾ ਵੀ ਨਜ਼ਰ ਆ ਰਿਹਾ ਹੈ ਕਿ ਉਸ ਦੀ ਇਹ ਵੀਡੀਓ ਕਿਸੇ ਨਾਲ ਸ਼ੇਅਰ ਨਾ ਕੀਤੀ ਜਾਵੇ। ਪੁਲਸ ਨੇ ਅਮਿਤ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ 'ਚ ਰਖਵਾ ਦਿੱਤੀ ਹੈ। ਮੌਕੇ 'ਤੇ ਪਹੁੰਚੇ ਅਮਿਤ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਪਤਾ ਨਹੀਂ ਸੀ ਕਿ ਉਨ੍ਹਾਂ ਦਾ ਪੁੱਤਰ ਅਜਿਹਾ ਕਦਮ ਉਠਾ ਲਵੇਗਾ। ਅਮਿਤ ਆਸਟ੍ਰੇਲੀਆ ਜਾਣ ਦਾ ਵੀ ਇਛੁੱਕ ਸੀ।

shivani attri

This news is Content Editor shivani attri