ਰੂਪਨਗਰ 'ਚ ਦਿਨ-ਦਿਹਾੜੇ ਨੌਜਵਾਨ ਦਾ ਗੋਲੀ ਮਾਰ ਕੇ ਕੀਤਾ ਕਤਲ

05/13/2019 4:33:35 PM

ਸ੍ਰੀ ਕੀਰਤਪੁਰ ਸਾਹਿਬ/ਨੂਰਪੁਰਬੇਦੀ,(ਬਾਲੀ/ਭੰਡਾਰੀ)— ਪਿੰਡ ਹੇਠਲਾ ਸ਼ਾਹਪੁਰ ਬੇਲਾ ਵਿਖੇ ਆਪਸੀ ਰੰਜਿਸ਼ ਕਾਰਣ ਇਕ 24 ਸਾਲਾ ਨੌਜਵਾਨ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਪੁਲਸ ਵੱਲੋਂ ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ (24) ਦੇ ਪਿਤਾ ਰਾਮ ਸਿੰਘ ਸਾਬਕਾ ਸਰਪੰਚ ਹੇਠਲਾ ਸ਼ਾਹਪੁਰ ਬੇਲਾ ਪੁੱਤਰ ਮੰਗਲ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਪਿੰਡ ਦੇ ਹੀ ਨੌਜਵਾਨ ਹਰਮੋਲ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਮਹਾ ਸਿੰਘ ਅਤੇ ਕੁਝ ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮ੍ਰਿਤਕ ਦੇ ਪਿਤਾ ਰਾਮ ਸਿੰਘ ਪੁੱਤਰ ਮੰਗਲ ਸਿੰਘ ਨੇ ਆਪਣੇ ਬਿਆਨਾਂ ਵਿਚ ਦੱਸਿਆ ਕਿ ਉਹ ਅਤੇ ਉਨ੍ਹਾਂ ਦਾ ਭਾਣਜਾ ਘਰ ਬੈਠੇ ਸਨ ਤੇ ਉਨ੍ਹਾਂ ਦਾ ਪੁੱਤਰ ਆਪਣੇ ਖੇਤਾਂ ਵਿਚ ਕੰਮ ਕਰ ਰਿਹਾ ਸੀ ਤਾਂ ਉਨ੍ਹਾਂ ਨੂੰ ਫਾਇਰ ਦੀ ਆਵਾਜ਼ ਸੁਣਾਈ ਦਿੱਤੀ ਜਿਸ ਤੋਂ ਬਾਅਦ ਉਨ੍ਹਾਂ ਨੇ ਖੇਤਾਂ ਵਿਚ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਪੁੱਤਰ ਛਾਤੀ ਭਾਰ ਪਿਆ ਹੋਇਆ ਸੀ। ਉਨ੍ਹਾਂ ਉਸ ਨੂੰ ਜਾ ਕੇ ਚੁੱਕਿਆ ਤਾਂ ਉਸ ਨੇ ਸਾਨੂੰ ਦੱਸਿਆ ਕਿ ਉਸ ਨੂੰ ਪਿੰਡ ਦੇ ਨੌਜਵਾਨ ਹਰਮੋਲ ਸਿੰਘ ਪੁੱਤਰ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਮਹਾ ਸਿੰਘ ਵੱਲੋਂ ਅਣਪਛਾਤੇ ਵਿਅਕਤੀਆਂ ਦੀ ਮਦਦ ਨਾਲ ਗੋਲੀ ਮਾਰੀ ਗਈ ਹੈ ਜਿਸ ਤੋਂ ਬਾਅਦ ਉਹ ਆਪਣੇ ਪੁੱਤਰ ਨੂੰ ਸਰਕਾਰੀ ਹਸਪਤਾਲ ਸਿੰਘ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਰਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਦੀ ਕੁਝ ਦਿਨ ਪਹਿਲਾਂ ਹਰਮੋਲ ਸਿੰਘ ਨਾਲ ਆਪਸੀ ਤਕਰਾਰਬਾਜ਼ੀ ਹੋਈ ਸੀ ਜਿਸ ਤੋਂ ਬਾਅਦ ਅੱਜ ਉਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ ਤੇ ਉਨ੍ਹਾਂ ਦੇ ਪੁੱਤਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਥਾਣਾ ਸ੍ਰੀ ਕੀਰਤਪੁਰ ਸਾਹਿਬ ਦੇ ਐੱਸ.ਐੱਚ.ਓ. ਜਤਿਨ ਕਪੂਰ ਨੇ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਹਰਮੋਲ ਸਿੰਘ ਅਤੇ ਜਸਵੀਰ ਸਿੰਘ ਪੁੱਤਰ ਮਹਾ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਦੀ ਲਾਸ਼ ਦਾ ਅੱਜ ਪੋਸਟਮਾਰਟਮ ਕਰਵਾਉਣ ਲਈ ਸਿਵਲ ਹਸਪਤਾਲ ਸ੍ਰੀ ਅਨੰਦਪੁਰ ਸਾਹਿਬ ਦੇ ਮੁਰਦਾ ਘਰ ਵਿਚ ਰੱਖ ਦਿੱਤਾ ਗਿਆ ਹੈ। ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ।
ਦੋ ਸਾਲ ਪਹਿਲਾਂ ਹੋਇਆ ਸੀ ਵਿਆਹ
ਮ੍ਰਿਤਕ ਸੁਖਵਿੰਦਰ ਸਿੰਘ ਬਲਾਕ ਸੰਮਤੀ ਨੂਰਪੁਰਬੇਦੀ ਦੀ ਸਾਬਕਾ ਚੇਅਰਮੈਨ ਮਨਜੀਤ ਕੌਰ ਪਤਨੀ ਦਰਬਾਰਾ ਸਿੰਘ ਬਾਲਾ ਦਾ ਭਤੀਜਾ ਸੀ। ਮ੍ਰਿਤਕ ਦਾ ਦੋ ਸਾਲ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਆਪਣੇ ਪਿੱਛੇ ਮਾਤਾ-ਪਿਤਾ ਤੋਂ ਇਲਾਵਾ ਪਤਨੀ ਅਤੇ ਇਕ-ਦੋ ਮਹੀਨੇ ਦੀ ਛੋਟੀ ਬੱਚੀ ਛੱਡ ਗਿਆ ਹੈ।
ਹੱਤਿਆ ਦੇ ਮਾਮਲੇ ਦੀ ਤਫਤੀਸ਼ ਥਾਣੇ ਦੀ ਹੱਦ ਜਾਣਨ 'ਚ ਉਲਝੀ
ਬਲਾਕ ਨੂਰਪੁਰਬੇਦੀ ਦੇ ਪਿੰਡ ਸ਼ਾਹਪੁਰ ਬੇਲਾ ਵਿਖੇ ਅੱਜ ਸਵੇਰੇ ਨੌਜਵਾਨ ਸੁਖਵਿੰਦਰ ਸਿੰਘ ਪੁੱਤਰ ਰਾਮ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੇ ਮਾਮਲੇ ਦੀ ਪੁਲਸ ਤਫਤੀਸ਼ ਸਮੁੱਚਾ ਦਿਨ ਪੁਲਸ ਥਾਣੇ ਦੀ ਹੱਦ ਜਾਣਨ ਦੀ ਦਿਸ਼ਾ 'ਚ ਭਟਕੀ ਰਹੀ। ਦੱਸਣਯੋਗ ਹੈ ਕਿ ਉਕਤ ਹੱਤਿਆ ਦੀ ਵਾਰਦਾਤ ਸਵੇਰੇ ਕਰੀਬ 11 ਵਜੇ ਵਾਪਰੀ। ਭਾਵੇਂ ਉਕਤ ਪਿੰਡ ਪੁਲਸ ਥਾਣਾ ਨੂਰਪੁਰਬੇਦੀ ਅਧੀਨ ਪੈਂਦਾ ਹੈ ਪਰ ਪਿੰਡ ਦੀ ਵਾਰਦਾਤ ਵਾਲੀ ਥਾਂ ਥਾਣਾ ਸ੍ਰੀ ਕੀਰਤਪੁਰ ਸਾਹਿਬ ਦੀ ਹੱਦਬਸਤ ਅੰਦਰ ਪੈਂਦੀ ਹੈ। ਪੁਲਸ ਕਰੀਬ 6 ਘੰਟਿਆਂ ਤੱਕ ਇਹ ਜਾਣਨ ਲਈ ਹੀ ਜੁਟੀ ਰਹੀ ਕਿ ਵਾਰਦਾਤ ਵਾਲੀ ਥਾਂ ਥਾਣਾ ਨੂਰਪੁਰਬੇਦੀ ਅਧੀਨ ਪੈਂਦੀ ਹੈ ਜਾਂ ਸ੍ਰੀ ਕੀਰਤਪੁਰ ਸਾਹਿਬ ਅਧੀਨ। ਸਮੁੱਚਾ ਦਿਨ ਚੱਲੀ ਕਾਰਵਾਈ ਤੋਂ ਬਾਅਦ ਸ਼ਾਮ ਕਰੀਬ 5 ਵਜੇ ਮੌਕੇ 'ਤੇ ਸੱਦੇ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਸਹਾਇਤਾ ਨਾਲ ਤੈਅ ਹੋ ਸਕਿਆ ਕਿ ਉਕਤ ਜਗ੍ਹਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਅਧੀਨ ਪੈਂਦੀ ਹੈ ਜਿਸ ਤੋਂ ਬਾਅਦ ਇਹ ਮਾਮਲਾ ਥਾਣਾ ਸ੍ਰੀ ਕੀਰਤਪੁਰ ਸਾਹਿਬ ਨੂੰ ਜਾਂਚ ਲਈ ਸੌਂਪਿਆ ਗਿਆ।

shivani attri

This news is Content Editor shivani attri