ਫੈਕਟਰੀ 'ਚ ਨਾਬਾਲਗ ਲੜਕੇ ਦੀ ਮੌਤ, ਪਰਿਵਾਰ ਨੇ ਕੀਤਾ ਹੰਗਾਮਾ (ਵੀਡੀਓ)

06/20/2019 4:50:28 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਚਿੰਤਪੂਰਨੀ ਰੋਡ ਸਥਿਤ ਪਿੰਡ ਚੋਹਲ 'ਚ ਚੱਲ ਰਹੀ ਊਸ਼ਾ ਮਾਰਟਿਨ ਫੈਕਟਰੀ 'ਚ ਕੰਮ ਕਰ ਰਹੇ ਇਕ ਵਰਕਰ ਦੇ ਬੇਟੇ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕਰਨ ਦੇ ਰੂਪ 'ਚ ਹੋਈ ਹੈ। ਪਰਿਵਾਰ ਨੇ ਦੱਸਿਆ ਕਿ ਸਵੇਰ ਸਮੇਂ ਕਰਨ ਦੀ ਹਾਲਤ ਵਿਗੜ ਗਈ, ਜਿਸ ਨੂੰ ਇਲਾਜ ਲਈ ਫੈਕਟਰੀ 'ਚ ਬਣੇ ਮਿੰਨੀ ਹਸਪਤਾਲ 'ਚ ਲਿਆਂਦਾ ਗਿਆ, ਜਿੱਥੇ ਡਾਕਟਰ ਮੌਜੂਦ ਨਹੀਂ ਸੀ ਤਾਂ ਉਥੇ ਡਿਸਪੈਂਸਰੀ 'ਚ ਕੰਮ ਕਰ ਰਹੇ ਡਾਕਟਰ ਦੇ ਹੈਲਪਰਾਂ ਵੱਲੋਂ ਉਨ੍ਹਾਂ ਦੇ ਪੁੱਤਰ ਨੂੰ ਗਲਤ ਟੀਕਾ ਲਗਾ ਦਿੱਤਾ ਗਿਆ। ਇਸ ਦੌਰਾਨ ਉਸ ਦੀ ਮੌਤ ਹੋ ਗਈ। 

ਮ੍ਰਿਤਕ ਲੜਕੇ ਦੀ ਮਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਕਰਨ ਦੇ ਪੇਟ 'ਚ ਮਾਮੂਲੀ ਦਰਦ ਹੋਣ ਤੋਂ ਬਾਅਦ ਉਸ ਨੂੰ ਚੈਕਅਪ ਲਈ ਫੈਕਟਰੀ 'ਚ ਮਿੰਨੀ ਹਸਪਤਾਲ ਲਿਆਂਦਾ ਗਿਆ ਸੀ। ਇਥੇ ਟੀਕਾ ਲਗਾਉਣ ਤੋਂ ਬਾਅਦ ਬੇਹੋਸ਼ ਹੋ ਗਿਆ ਅਤੇ ਉਸ ਦੀ ਜਾਨ ਚਲੀ ਗਈ। ਜਦੋਂ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਤਾਂ ਫੈਕਟਰੀ ਮਾਲਕ ਅਤੇ ਸਕਿਊਰਿਟੀ ਗਾਰਡ ਵੱਲੋਂ ਉਨ੍ਹਾਂ ਨਾਲ ਕੁੱਟਮਾਰ ਵੀ ਕੀਤੀ ਗਈ, ਜਿਸ ਦੇ ਵਿਰੋਧ 'ਚ ਪਰਿਵਾਰ ਵੱਲੋਂ ਫੈਕਟਰੀ ਦੇ ਬਾਹਰ ਲਾਸ਼ ਰੱਖ ਕੇ ਰੋਡ ਜਾਮ ਕਰਕੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਮੌਕੇ 'ਤੇ ਪੁਹੰਚੀ ਪੁਲਸ ਵੱਲੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਗਿਆ ਅਤੇ ਫਿਰ ਪਰਿਵਾਰ ਨੇ ਸੜਕ ਤੋਂ ਜਾਮ ਹਟਾਇਆ ਅਤੇ ਹੰਗਾਮਾ ਕਰਦੇ ਹੋਏ ਫੈਕਟਰੀ ਦੇ ਗੇਟ ਅੱਗੇ ਲਾਸ਼ ਰੱਖ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ। 

ਪ੍ਰਦਰਸ਼ਨ ਤੋਂ ਬਾਅਦ ਮੌਕੇ 'ਤੇ ਪਹੁੰਚੇ ਡੀ. ਐੱਸ. ਪੀ. ਜਗਦੀਸ਼ ਅੱਤਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਫੈਕਟਰੀ ਦੇ ਹਸਪਤਾਲ ਪ੍ਰਬੰਧਕਾਂ 'ਤੇ ਦੋਸ਼ ਲਗਾ ਰਹੇ ਹਨ। ਉਨ੍ਹਾਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ। ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

shivani attri

This news is Content Editor shivani attri