ਕੈਨੇਡਾ ਨਾ ਭੇਜਣ ''ਤੇ ਰੁੱਸੇ ਪੁੱਤ ਨੇ ਕੀਤੀ ਖੁਦਕੁਸ਼ੀ

05/30/2019 7:52:38 PM

ਖਰੜ, (ਸ਼ਸ਼ੀ, ਰਣਬੀਰ, ਅਮਰਦੀਪ)— ਪਿੰਡ ਗੜਾਂਗਾ ਦੇ ਨੌਜਵਾਨ ਗੁਰਤੇਜ ਸਿੰਘ ਨੇ ਉਸ ਨੂੰ ਵਿਦੇਸ਼ ਭੇਜਣ ਸਬੰਧੀ ਉਕਸਾਉਣ 'ਤੇ ਸਲਫਾਸ ਦੀਆਂ ਗੋਲੀਆਂ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ। ਖਰੜ ਸਦਰ ਪੁਲਸ ਨੇ ਇਸ ਸਬੰਧੀ ਗੌਰਵ ਅਤੇ ਕਾਕਾ ਸਿੰਘ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਸਪਾਲ ਸਿੰਘ ਵਾਸੀ ਪਿੰਡ ਮੜੌਲੀ ਨੇ ਪੁਲਸ ਨੂੰ ਦੱਸਿਆ ਕਿ ਉਸ ਦਾ ਭਾਣਜਾ ਗੁਰਤੇਜ ਸਿੰਘ 28 ਸਾਲ ਦਾ ਸੀ ਅਤੇ ਕੁਆਰਾ ਸੀ, ਉਸ ਦੀ ਦੋਸਤੀ ਗੌਰਵ ਕੁਮਾਰ ਵਾਸੀ ਮੋਰਿੰਡਾ ਅਤੇ ਕਾਕਾ ਸਿੰਘ ਵਾਸੀ ਗੜਾਂਗਾਂ ਨਾਲ ਸੀ। ਮੁਲਜ਼ਮ ਉਸ ਦੇ ਭਾਣਜੇ ਨੂੰ ਅਕਸਰ ਵਿਦੇਸ਼ ਜਾਣ ਲਈ ਉਕਸਾਉਂਦੇ ਰਹਿੰਦੇ ਸਨ। ਉਸ ਨੇ ਆਪਣੇ ਭਾਣਜੇ ਨੂੰ ਕਈ ਵਾਰ ਸਮਝਾਇਆ ਕਿ ਤੇਰੇ ਕੋਲ ਆਪਣੀ ਜਾਇਦਾਦ ਹੈ, ਵਿਦੇਸ਼ ਜਾ ਕੇ ਤੂੰ ਕੀ ਕਰਨਾ ਹੈ।
ਉਸ ਨੇ ਦੋਸ਼ ਲਗਾਇਆ ਕਿ ਬੁੱਧਵਾਰ ਗੁਰਤੇਜ ਸਿੰਘ ਨੇ ਪਹਿਲਾਂ ਉਕਤ ਵਿਅਕਤੀਆਂ ਨਾਲ ਮਿਲ ਕੇ ਮੋਰਿੰਡਾ ਵਿਖੇ ਸ਼ਰਾਬ ਪੀਤੀ ਅਤੇ ਫਿਰ ਉਸ ਨੂੰ ਵਿਦੇਸ਼ ਜਾਣ ਲਈ ਉਕਸਾਇਆ। ਇਸ ਉਪਰੰਤ ਗੌਰਵ ਕੁਮਾਰ ਨੇ ਦੁਕਾਨ ਤੋਂ ਸਲਫਾਸ ਦੀਆਂ ਗੋਲੀਆਂ ਲਿਆ ਕੇ ਗੁਰਤੇਜ ਸਿੰਘ ਨੂੰ ਦਿੱਤੀਆਂ ਤੇ ਕਿਹਾ ਕਿ ਜੇਕਰ ਉਸ ਦੇ ਮਾਤਾ-ਪਿਤਾ ਉਸ ਨੂੰ ਵਿਦੇਸ਼ ਨਹੀਂ ਭੇਜਦੇ ਤਾਂ ਉਹ ਆਪਣੀ ਮਾਂ ਨੂੰ ਡਰਾਵਾ ਦੇਵੇ ਕਿ ਉਹ ਜ਼ਹਿਰ ਦੀਆਂ ਗੋਲੀਆਂ ਖਾ ਲਵੇਗਾ। ਫਿਰ ਗੁਰਤੇਜ ਸਿੰਘ ਨੇ ਰਾਤ 8 ਵਜੇ ਸ਼ਰਾਬੀ ਹਾਲਤ 'ਚ ਘਰ ਜਾ ਕੇ ਜ਼ਹਿਰੀਲੀਆਂ ਗੋਲੀਆਂ ਖਾ ਲਈਆਂ। ਉਸ ਨੂੰ ਮੋਹਾਲੀ ਦੇ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।

KamalJeet Singh

This news is Content Editor KamalJeet Singh