ਤੇਲ ਫੈਕਟਰੀ ''ਚ ਨਹੀਂ ਹੋਇਆ ਬੰਬ ਧਮਾਕਾ

11/18/2017 7:18:41 AM

ਪਟਿਆਲਾ, (ਬਲਜਿੰਦਰ)- ਬੀਤੇ ਕੱਲ ਸ਼ਹਿਰ ਦੀ ਪੁਰਾਣੀ ਮਿਰਚ ਮੰਡੀ ਵਿਚ ਇਕ ਤੇਲ ਫੈਕਟਰੀ 'ਚ ਹੋਏ ਬਲਾਸਟ ਦੀ ਜਾਂਚ ਕਰਨ ਲਈ ਅੱਜ ਚੰਡੀਗੜ੍ਹ ਤੋਂ ਪੰਜ ਮੈਂਬਰੀ ਬਲਾਸਟਿਕ ਐਕਸਪਰਟ ਦੀ ਟੀਮ ਪਟਿਆਲਾ ਪਹੁੰਚੀ। ਉਨ੍ਹਾਂ ਲਗਾਤਾਰ 3 ਘੰਟਿਆਂ ਤੱਕ ਵੱਖ-ਵੱਖ ਪਹਿਲੂਆਂ ਤੋਂ ਇਸ ਗੱਲ ਦੀ ਜਾਂਚ ਕੀਤੀ ਕਿ ਬੀਤੇ ਕੱਲ ਹੋਏ ਬਲਾਸਟ ਵਿਚ ਕਿਸੇ ਤਰ੍ਹਾਂ ਦਾ ਕੋਈ ਐਕਸਪਲੋਸਿਵ ਯਾਨੀ ਕਿ ਬਾਰੂਦ ਜਾਂ ਆਰ. ਡੀ. ਐਕਸ ਆਦਿ ਦਾ ਇਸਤੇਮਾਲ ਤਾਂ ਨਹੀਂ ਹੋਇਆ? ਸਾਢੇ 3 ਘੰਟਿਆਂ ਦੀ ਜਾਂਚ ਤੋਂ ਬਾਅਦ 5 ਮੈਂਬਰੀ ਟੀਮ ਵੱਲੋਂ ਕਿਸੇ ਤਰ੍ਹਾਂ ਦਾ ਬੰਬ ਧਮਾਕਾ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ ਗਿਆ। ਇਥੋਂ ਤੱਕ ਕਿ ਐੈੱਲ. ਪੀ. ਜੀ. ਗੈਸ ਜਾਂ ਪ੍ਰੈਸ਼ਰ ਕੁੱਕਰ ਨਾਲ ਵੀ ਧਮਾਕਾ ਹੋਣ ਦੀ ਸੰਭਾਵਨਾ ਨਹੀਂ ਜਤਾਈ ਜਾ ਰਹੀ।   ਟੀਮ ਨੇ ਇਕ ਹਫਤੇ ਵਿਚ ਆਪਣੀ ਰਿਪੋਰਟ ਸੌਂਪਣ ਦੀ ਗੱਲ ਆਖੀ ਹੈ। ਮੁਢਲੀ ਜਾਂਚ ਵਿਚ ਟੀਮ ਵੱਲੋਂ ਕੈਮੀਕਲ ਫਾਰਮੇਸ਼ਨ ਨਾਲ ਹੋਇਆ ਧਮਾਕਾ ਕਰਾਰ ਦਿੱਤਾ ਹੈ। ਜਾਂਚ ਦੇ ਸਮੇਂ ਐੈੱਸ. ਪੀ. ਸਿਟੀ ਕੇਸਰ ਸਿੰਘ, ਡੀ. ਐੈੱਸ. ਪੀ. ਸਿਟੀ-1 ਸੌਰਵ ਜਿੰਦਲ ਤੇ ਐੈੱਸ. ਐੈੱਚ. ਓ. ਕੋਤਵਾਲੀ ਇੰਸ. ਰਾਹੁਲ ਕੌਸ਼ਲ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ। 
ਸਾਢੇ 3 ਘੰਟੇ ਜਾਂਚ 'ਚ ਜੁਟੀ ਰਹੀ ਟੀਮ: 
ਚੰਡੀਗੜ੍ਹ ਤੋਂ ਆਈ ਬਲਾਸਟਿਕ ਐਕਸਪਰਟ ਦੀ ਟੀਮ ਸਾਢੇ 3 ਘੰਟੇ ਜਾਂਚ ਵਿਚ ਜੁਟੀ ਰਹੀ। ਟੀਮ 11.30 ਵਜੇ ਘਟਨਾ ਵਾਲੀ ਥਾਂ 'ਤੇ ਪਹੁੰਚੀ ਅਤੇ 3 ਵਜੇ ਤੱਕ ਲਗਾਤਾਰ ਸਾਢੇ 3 ਘੰਟੇ ਜਾਂਚ ਕਰਦੀ ਰਹੀ। ਟੀਮ ਨੇ ਧਮਾਕੇ ਵਾਲੀ ਥਾਂ 'ਤੇ ਅਲੱਗ-ਅਲੱਗ ਪਹਿਲੂਆਂ ਤੋਂ ਜਾਂਚ ਕੀਤੀ। ਧਮਾਕੇ ਦਾ ਕੀ ਕਾਰਨ ਸੀ? ਇੱਟਾਂ ਕਿਉਂ ਉੱਡੀਆਂ? ਕਿੰਨੀ ਦੂਰ ਜਾ ਕੇ ਡਿੱਗੀਆਂ? ਕਿਹੜਾ ਸ਼ਟਰ ਕਿੰਨੀ ਦੂਰੀ 'ਤੇ ਜਾ ਕੇ ਡਿੱਗਾ? ਤਮਾਮ ਪਹਿਲੁਆਂ ਤੋਂ ਜਾਂਚ ਕੀਤੀ ਗਈ। ਟੀਮ ਵੱਲੋਂ ਇਹ ਵੀ ਜਾਂਚ ਕੀਤੀ ਗਈ ਕਿ ਬਲਾਸਟ ਕਿਤੇ ਵੈਕਮ ਕ੍ਰੀਏਟ ਹੋਣ ਕਾਰਨ ਨਾ ਹੋਇਆ ਹੋਵੇ। ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਮ੍ਰਿਤਕ ਰਜਤ ਮਿੱਤਲ ਦੁਕਾਨ ਦੇ ਅੰਦਰ ਸੀ ਜਾਂ ਉਹ ਸ਼ਟਰ ਖੋਲ੍ਹਣ ਲੱਗਾ ਸੀ। ਮੌਕੇ 'ਤੇ ਕੋਈ ਗਵਾਹ ਨਾ ਹੋਣ ਕਾਰਨ ਅਤੇ ਨਾ ਹੀ ਕੋਈ ਸੀ. ਸੀ. ਟੀ. ਵੀ. ਫੁਟੇਜ ਹੋਣ ਕਾਰਨ ਅਜੇ ਤੱਕ ਇਹ ਪਹੇਲੀ ਹੀ ਬਣੀ ਹੋਈ ਹੈ। ਟੀਮ ਵਿਚ ਦੋ ਮਹਿਲਾ ਮੈਂਬਰ ਵੀ ਸਨ, ਜਿਹੜੇ ਪ੍ਰਮੁੱਖ 4 ਮੈਂਬਰਾਂ ਵਿਚ ਡਾ. ਗੋਸਵਾਮੀ ਕੈਮੀਕਲ ਸਪੈਸ਼ਲਿਸਟ, ਨਵਦੀਪ ਕੌਰ, ਅਰਸ਼ਦੀਪ ਕੌਰ ਅਤੇ ਸੰਦੀਪ ਸਿੰਘ ਸਹੋਤਾ ਸ਼ਾਮਲ ਸਨ। 
ਐਕਸਪਰਟ ਟੀਮ ਨੇ ਲਏ 10 ਸੈਂਪਲ : ਬਲਾਸਟਿਕ ਐਕਸਪਰਟ ਟੀਮ ਨੇ ਘਟਨਾ ਵਾਲੀ ਥਾਂ ਤੋਂ ਵੱਖ-ਵੱਖ ਸਾਮਾਨ ਦੇ 10 ਸੈਂਪਲ ਲਏ, ਜਿਨ੍ਹਾਂ ਵਿਚ ਇੱਟਾਂ, ਮਿੱਟੀ ਤੇ ਤੇਲ ਆਦਿ ਦੇ ਸੈਂਪਲ ਪ੍ਰਮੁੱਖ ਤੌਰ 'ਤੇ ਸ਼ਾਮਲ ਸਨ। ਟੀਮ ਵੱਲੋਂ ਬਲਾਸਟ ਵਾਲੀ ਦੁਕਾਨ ਤੋਂ ਇਲਾਵਾ ਆਸ-ਪਾਸ ਦੀਆਂ ਦੁਕਾਨਾਂ ਦੀ ਵੀ ਜਾਂਚ ਕੀਤੀ ਗਈ। ਸਾਰੇ ਸੈਂਪਲਾਂ ਦੀ ਜਾਂਚ ਅਗਲੇ 4 ਦਿਨਾਂ ਵਿਚ ਪੂਰੀ ਕਰ ਕੇ ਰਿਪੋਰਟ ਇਕ ਹਫਤੇ ਦੇ ਅੰਦਰ-ਅੰਦਰ ਦੇਣ ਦੀ ਗੱਲ ਆਖੀ ਗਈ ਹੈ। 
ਰਜਤ ਮਿੱਤਲ ਦੇ ਫੋਨ ਰਿਕਾਰਡ ਦੀ ਜਾਂਚ ਸ਼ੁਰੂ : ਦੂਜੇ ਪਾਸੇ ਪਟਿਆਲਾ ਪੁਲਸ ਨੇ ਵੀ ਆਪਣੀ ਜਾਂਚ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿੱਤਾ ਹੈ। ਪੁਲਸ ਨੇ ਰਜਤ ਮਿੱਤਲ ਦੇ ਫੋਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਉਸ ਦੇ ਕਿਸ ਤਰ੍ਹਾਂ ਦੇ ਸੰਪਰਕ ਸਨ? ਰਜਤ ਮਿੱਤਲ ਜਾਅਲੀ ਕਰੰਸੀ ਦੇ ਮਾਮਲੇ ਵਿਚ ਜੇਲ ਕੱਟ ਕੇ ਆਇਆ ਸੀ। ਪੁਲਸ ਵੱਲੋਂ ਅਜੇ ਅਧਿਕਾਰਤ ਤੌਰ 'ਤੇ ਕੁੱਝ ਨਹੀਂ ਕੀਤਾ ਜਾ ਰਿਹਾ ਪਰ ਇਹ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿਨ੍ਹਾਂ ਲੋਕਾਂ ਨੂੰ ਮਿਲਦਾ ਸੀ ਤੇ ਉਸ ਦੇ ਲਿੰਕ ਕਿੱਥੇ-ਕਿੱਥੇ ਸਨ?