ਮੌੜ ਬੰਬ ਕਾਂਡ : ਹੁਣ ਪੁਲਸ ਨੂੰ ਪਜਾਮੇ ਵਾਲਾ ਤੇ ਮਾਨ ਸਾਹਿਬ ਦੀ ਭਾਲ

02/23/2018 11:15:54 AM

ਬਠਿੰਡਾ(ਬਲਵਿੰਦਰ)-31 ਜਨਵਰੀ 2017 ਨੂੰ ਚੋਣਾਂ ਤੋਂ ਐਨ ਪਹਿਲਾਂ ਵਾਪਰਿਆ ਮੌੜ ਮੰਡੀ ਬੰਬ ਕਾਂਡ ਪੁਲਸ ਲਈ ਉਲਝਣ ਬਣ ਚੁੱਕਾ ਹੈ, ਜਿਸ ਨੂੰ ਸੁਲਝਾਉਣ 'ਚ ਪੁਲਸ ਫੇਲ ਨਜ਼ਰ ਆ ਰਹੀ ਹੈ। ਸੂਤਰਾਂ ਅਨੁਸਾਰ ਜਿਸ ਰੈਲੀ ਦੇ ਬਾਹਰ ਬੰਬ ਧਮਾਕਾ ਹੋਇਆ, ਕਾਂਗਰਸ ਦੀ ਉਹ ਰੈਲੀ ਹੀ ਗੈਰ-ਮਨਜ਼ੂਰਸ਼ੁਦਾ ਸੀ, ਜਦਕਿ ਸਬੰਧਤ ਵਿਅਕਤੀਆਂ ਪਜਾਮੇ ਵਾਲਾ ਤੇ ਮਾਨ ਸਾਹਿਬ ਦੀ ਭਾਲ ਤੇਜ਼ੀ ਨਾਲ ਕੀਤੀ ਜਾ ਰਹੀ ਹੈ।
ਰੈਲੀ ਹੀ ਗੈਰ-ਮਨਜ਼ੂਰਸ਼ੁਦਾ ਸੀ
ਸੂਤਰਾਂ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਨਿਯਮ ਹੈ ਕਿ ਚੋਣ ਜ਼ਾਬਤੇ ਦੌਰਾਨ ਜੇਕਰ ਕੋਈ ਉਮੀਦਵਾਰ ਚੋਣ ਪ੍ਰਚਾਰ ਖਾਤਰ ਰੈਲੀ ਆਦਿ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਬਾਕਾਇਦਾ ਲਿਖਤੀ ਤੌਰ 'ਤੇ ਚੋਣ ਅਧਿਕਾਰੀ ਨੂੰ ਦੇਣੀ ਪੈਂਦੀ ਹੈ, ਜਿਸ ਦੇ ਮੁਤਾਬਕ ਮੌਕੇ ਦਾ ਚੋਣ ਅਧਿਕਾਰੀ ਉਸ ਰੈਲੀ ਦੀ ਮਨਜ਼ੂਰੀ ਦਿੰਦਾ ਹੈ। ਸੁਰੱਖਿਆ ਪ੍ਰਬੰਧਾਂ ਤੇ ਹੋਰ ਪੱਖਾਂ ਤੋਂ ਦੇਖਦਿਆਂ ਰੈਲੀ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ। ਉਸ ਦਿਨ 31 ਜਨਵਰੀ ਨੂੰ ਹਰਮੰਦਰ ਸਿੰਘ ਜੱਸੀ ਨੇ ਵੀ ਆਪਣੀਆਂ ਸਾਰੀਆਂ ਰੈਲੀਆਂ ਆਦਿ ਪ੍ਰੋਗਰਾਮਾਂ ਦੀ ਸੂਚੀ ਬਣਾ ਕੇ ਚੋਣ ਅਧਿਕਾਰੀ ਤੋਂ ਮਨਜ਼ੂਰੀ ਰੈਲੀ ਲਈ ਹੋਈ ਸੀ ਪਰ 31 ਜਨਵਰੀ ਦੀ ਸ਼ਾਮ ਨੂੰ ਹੋਈ ਉਕਤ ਰੈਲੀ ਦਾ ਜ਼ਿਕਰ ਇਸ ਸੂਚੀ ਵਿਚ ਬਿਲਕੁਲ ਨਹੀਂ ਸੀ। ਮਤਲਬ ਇਹ ਹੈ ਕਿ ਰੈਲੀ ਹੀ ਗੈਰ-ਮਨਜ਼ੂਰਸ਼ੁਦਾ ਸੀ। ਹੋਰ ਤਾਂ ਹੋਰ ਰੈਲੀ ਬਾਰੇ ਹਰਮੰਦਰ ਸਿੰਘ ਜੱਸੀ ਖੁਦ ਨਹੀਂ ਸਨ ਜਾਣਦੇ। ਉਨ੍ਹਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਅੰਤਲੇ ਪ੍ਰੋਗਰਾਮ ਤੋਂ ਬਾਅਦ ਉਹ ਆਪਣੀ ਕਾਰ 'ਚ ਬੈਠ ਕੇ ਆਪਣੇ ਘਰ ਜਾਣ ਲੱਗੇ। ਉਦੋਂ ਉਨ੍ਹਾਂ ਦੇ ਪੀ. ਏ. ਹਰਪਾਲ ਸਿੰਘ ਪਾਲੀ ਨੇ ਦੱਸਿਆ ਕਿ ਇਕ ਹੋਰ ਰੈਲੀ ਰੱਖੀ ਹੋਈ ਹੈ, ਜਿਸ 'ਤੇ ਜੱਸੀ ਨੇ ਇਤਰਾਜ਼ ਵੀ ਕੀਤਾ ਸੀ ਪਰ ਉਹ ਰੈਲੀ ਕਰਨ ਲਈ ਤਿਆਰ ਹੋ ਗਏ।
ਰੈਲੀ ਕਰਵਾਉਣ ਵਾਲੇ ਵੀ ਗਾਇਬ ਹਨ
ਮੰਨਿਆ ਜਾ ਰਿਹਾ ਹੈ ਕਿ ਜੱਸੀ ਦੇ ਸਾਰੇ ਪ੍ਰੋਗਰਾਮ ਉਨ੍ਹਾਂ ਦਾ ਪੀ. ਏ. ਹਰਪਾਲ ਸਿੰਘ ਪਾਲੀ ਸੰਭਾਲਦਾ ਸੀ। ਹਰੇਕ ਵਿਅਕਤੀ ਨੂੰ ਜੱਸੀ ਦੇ ਪ੍ਰੋਗਰਾਮਾਂ ਖਾਤਰ ਪਾਲੀ ਨਾਲ ਹੀ ਸੰਪਰਕ ਕਰਨਾ ਪੈਂਦਾ ਸੀ। ਉਕਤ ਰੈਲੀ ਤੋਂ ਪਹਿਲਾਂ ਦੋ ਵਿਅਕਤੀ 'ਪਜਾਮੇ ਵਾਲਾ' ਅਤੇ 'ਮਾਨ ਸਾਹਿਬ' ਪਾਲੀ ਦੇ ਸੰਪਰਕ ਵਿਚ ਆਏ, ਜਿਨ੍ਹਾਂ ਨੇ ਜਲਦਬਾਜ਼ੀ ਵਿਚ ਉਕਤ ਰੈਲੀ ਪਲਾਂਟ ਕੀਤੀ, ਜਿਸ ਦੀ ਮਨਜ਼ੂਰੀ ਲੈਣ ਦਾ ਵੀ ਸਮਾਂ ਨਹੀਂ ਸੀ ਮਿਲ ਸਕਿਆ। ਸ਼ੱਕ ਕੀਤਾ ਜਾ ਰਿਹਾ ਹੈ ਕਿ ਉਕਤ ਵਿਅਕਤੀਆਂ ਨੇ ਪਾਲੀ ਨੂੰ ਵਿਸ਼ਵਾਸ 'ਚ ਲੈ ਕੇ ਜੱਸੀ ਨੂੰ ਮੌਕੇ 'ਤੇ ਬੁਲਾਉਣ ਖਾਤਰ ਹੀ ਰੈਲੀ ਦਾ ਪ੍ਰੋਗਰਾਮ ਬਣਾਇਆ ਤਾਂ ਕਿ ਜੱਸੀ ਤੇ ਸਾਥੀਆਂ ਨੂੰ ਟਾਰਗੈੱਟ ਬਣਾਇਆ ਜਾ ਰਿਹਾ ਹੈ।  ਜਦੋਂ ਬੰਬ ਧਮਾਕਾ ਹੋਇਆ, ਉਸ ਤੋਂ ਬਾਅਦ 'ਮਾਨ ਸਾਹਿਬ' ਤੇ 'ਪਜਾਮੇ ਵਾਲਾ' ਗਾਇਬ ਹਨ। ਇਹ ਦੋਵੇਂ ਪ੍ਰਾਪਰਟੀ ਡੀਲਰ ਸਨ, ਜਿਨ੍ਹਾਂ 'ਚੋਂ ਇਕ ਮਾਡਲ ਟਾਊਨ ਬਠਿੰਡਾ ਵਿਖੇ ਕਿਰਾਏ ਦੀ ਕੋਠੀ ਵਿਚ ਰਹਿੰਦਾ ਸੀ। ਹੋ ਸਕਦਾ ਹੈ ਕਿ ਇਹ ਦੋਵੇਂ ਵਿਅਕਤੀ ਪੁਲਸ ਤੋਂ ਡਰਦੇ ਹੀ ਫਰਾਰ ਹੋ ਗਏ ਜਾਂ ਫਿਰ ਇਹ ਦੋਵੇਂ ਧਮਾਕਾ ਕਰਨ ਵਾਲਿਆਂ ਦੇ ਹੀ ਮੋਹਰੇ ਸਨ, ਜਿਨ੍ਹਾਂ ਇਕ ਸਾਜ਼ਿਸ਼ ਤਹਿਤ ਬੰਬ ਕਾਂਡ ਵਿਚ ਆਪਣੀ ਭੂਮਿਕਾ ਨਿਭਾਈ ਤੇ ਫਰਾਰ ਹੋ ਗਏ।
ਕੀ ਕਹਿੰਦੇ ਹਨ ਹਰਮੰਦਰ ਸਿੰਘ ਜੱਸੀ
ਜੱਸੀ ਦਾ ਕਹਿਣਾ ਹੈ ਕਿ ਪਜਾਮੇ ਵਾਲਾ ਜਾਂ ਮਾਨ ਸਾਹਿਬ ਨੂੰ ਉਹ ਨਹੀਂ ਸਨ ਜਾਣਦੇ। ਉਨ੍ਹਾਂ ਦੇ ਸਾਰੇ ਪ੍ਰੋਗਰਾਮ ਪਾਲੀ ਹੀ ਸੰਭਾਲਦਾ ਸੀ ਪਰ ਅਫਸੋਸ ਕਿ ਬੰਬ ਧਮਾਕੇ ਵਿਚ ਪਾਲੀ ਦੀ ਮੌਤ ਹੋ ਗਈ ਸੀ। ਸਬੰਧਤ ਵਿਅਕਤੀਆਂ ਦੀ ਭਾਲ ਪੁਲਸ ਕਰ ਰਹੀ ਹੈ, ਜਿਨ੍ਹਾਂ ਤੋਂ ਕੁਝ ਖਾਸ ਖੁਲਾਸੇ ਹੋਣ ਦੀ ਸੰਭਾਵਨਾ ਹੈ। 
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਬੰਬ ਕਾਂਡ ਦੀ ਐੱਸ. ਆਈ. ਟੀ. ਦੇ ਇੰਚਾਰਜ ਡੀ. ਆਈ. ਜੀ. ਰਣਬੀਰ ਸਿੰਘ ਖਟੜਾ ਨੇ ਕਿਹਾ ਕਿ ਉਕਤ ਰੈਲੀ ਬਾਰੇ ਕਿਸੇ ਤਰ੍ਹਾਂ ਦੀ ਮਨਜ਼ੂਰੀ ਨਹੀਂ ਸੀ ਲਈ ਗਈ। ਰਿਕਾਰਡ ਵਿਚ ਇਹ ਵੀ ਦਰਜ ਨਹੀਂ ਕਿ ਰੈਲੀ ਕਰਵਾਈ ਕਿਸ ਨੇ ਸੀ। ਸਬੰਧਤ ਵਿਅਕਤੀਆਂ ਤੇ ਹੋਰ ਜਾਣਕਾਰੀਆਂ ਦੀ ਭਾਲ ਕੀਤੀ ਜਾ ਰਹੀ ਹੈ।