ਚੰਡੀਗੜ੍ਹ ''ਚ 7 ਅਤੇ ਪੰਚਕੂਲਾ ''ਚ 4 ਬੱਚੇ ਮੌਤ ਦੀ ਖੇਡ ''ਬਲੂ ਵ੍ਹੇਲ'' ਦੀ ਲਪੇਟ ''ਚ, ਪੁਲਸ ਨੇ ਜ਼ਬਤ ਕੀਤੇ ਫੋਨ ਤੇ ਟੈਬ

09/26/2017 4:45:31 PM

ਪੰਚਕੂਲਾ (ਉਮੰਗ) : ਮੌਤ ਦੀ ਖੇਡ 'ਬਲੂ ਵ੍ਹੇਲ' ਕਾਰਨ ਪੰਚਕੂਲਾ ਦੇ ਕਰਨ ਠਾਕੁਰ ਦੀ ਮੌਤ ਤੋਂ ਬਾਅਦ ਪੁਲਸ ਇਸ ਨੂੰ ਲੈ ਕੇ ਕਾਫੀ ਅਲਰਟ ਹੋ ਗਈ ਹੈ। ਪੰਚਕੂਲਾ ਪੁਲਸ ਕਮਿਸ਼ਨਰ ਏ. ਐੱਸ. ਚਾਵਲਾ ਨੇ ਇਸ ਬਾਰੇ ਦੱਸਿਆ ਹੈ ਕਿ ਪੰਚਕੂਲਾ 'ਚ 4 ਅਤੇ ਚੰਡੀਗੜ੍ਹ 'ਚ 7 ਬੱਚੇ ਇਸ ਖੇਡ ਦੀ ਲਪੇਟ 'ਚ ਆ ਚੁੱਕੇ ਹਨ ਅਤੇ ਪੁਲਸ ਨੇ ਇਸ ਬਾਰੇ ਸਾਰੇ ਬੱਚਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਣਕਾਰੀ ਦੇ ਦਿੱਤੀ ਹੈ। ਨਾਲ ਹੀ ਇਨ੍ਹਾਂ ਬੱਚਿਆਂ ਦੇ ਮੋਬਾਇ੍ਰ ਫੋਨ ਅਤੇ ਟੈਬ ਕਬਜ਼ੇ 'ਚ ਲੈ ਲਏ ਗਏ ਹਨ। ਚਾਵਲਾ ਨੇ ਦੱਸਿਆ ਕਿ ਹਰਿਆਣਾ ਪੁਲਸ 'ਬਲੂ ਵ੍ਹੇਲ' ਨੂੰ ਲੈ ਕੇ ਇਕ ਐਡਵਾਈਜ਼ਰੀ ਜਾਰੀ ਕਰ ਰਹੀ ਹੈ, ਜਿਸ ਤਹਿਤ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਸਥਾਨਕ ਕੌਂਸਲਰ ਵੀ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦੇ ਰਹੇ ਹਨ। ਪੁਲਸ ਕਮਿਸ਼ਨਰ ਚਾਵਲਾ ਨੇ ਦੱਸਿਆ ਕਿ ਪੁਲਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਇਨ੍ਹਾਂ ਬੱਚਿਆਂ ਕੋਲ ਇਸ ਖੇਡ ਦਾ ਲਿੰਕ ਕਿੱਥੋਂ ਆਇਆ ਅਤੇ ਇਸ ਦਾ ਸੋਰਸ ਕੀ ਹੈ। ਪੁਲਸ ਮੁਤਾਬਕ ਗੁਰੂਗ੍ਰਾਮ ਸਾਈਬਰ ਲੈਬ ਦੀ ਵੀ ਇਸ 'ਚ ਮਦਦ ਲਈ ਜਾ ਰਹੀ ਹੈ। ਪੰਚਕੂਲਾ ਦਾ ਮਾਮਲਾ ਹਰਿਆਣਾ ਦਾ ਅਜਿਹਾ ਪਹਿਲਾ ਮਾਮਲਾ ਹੈ, ਜਿਸ 'ਚ 'ਬਲੂ ਵ੍ਹੇਲ' ਕਾਰਨ 17 ਸਾਲਾ ਬੱਚੇ ਦੀ ਮੌਤ ਹੋਈ ਹੈ। ਕਰਨ ਠਾਕੁਰ ਦੀ ਨੋਟਬੁੱਕ ਕਾਰਨ ਪਰਿਵਾਰ ਵਾਲਿਆਂ ਨੂੰ ਇਹ ਪਤਾ ਲੱਗਿਆ ਸੀ ਕਿ ਉਹ 'ਬਲੂ ਵ੍ਹੇਲ' ਖੇਡ ਰਿਹਾ ਸੀ। ਪੁਲਸ ਮੁਤਾਬਕ ਉਸ ਨੇ ਕੁਝ ਹੋਰ ਦੋਸਤਾਂ ਨੂੰ ਵੀ ਇਸ ਦਾ ਲਿੰਕ ਭੇਜਿਆ ਸੀ ਪਰ ਉਨ੍ਹਾਂ ਦੋਸਤਾਂ ਦੇ ਮੋਬਾਇਲ ਵੀ ਜ਼ਬਤ ਕਰ ਲਏ ਗਏ ਹਨ। ਇਸ ਤੋਂ ਪਹਿਲਾਂ ਹਾਈਕੋਰਟ ਨੇ ਵੀ 'ਬਲੂ ਵ੍ਹੇਲ' ਨਾਲ ਨਜਿੱਠਣ ਦੀ ਗੱਲ ਸਰਕਾਰ ਨੂੰ ਕਹਿ ਚੁੱਕੇ ਹਨ ਅਤੇ ਪੰਚਕੂਲਾ ਦੇ ਮਾਮਲੇ ਤੋਂ ਬਾਅਦ ਹਰਿਆਣਾ ਪੁਲਸ ਇਸ ਨੂੰ ਲੈ ਕੇ ਹੋਰ ਜ਼ਿਆਦਾ ਅਲਰਟ ਹੋ ਚੁੱਕੀ ਹੈ।