ਰੰਜਿਸ਼ ਦੇ ਚਲਦਿਆਂ ਦੋ ਧਿਰਾਂ 'ਚ ਚੱਲੀਆਂ ਕਿਰਪਾਨਾਂ, 2 ਦੀ ਮੌਤ

01/02/2018 4:03:03 PM

ਮਮਦੋਟ (ਸੰਜੀਵ ਮਦਾਨਨ) - ਮਮਦੋਟ ਦੇ ਬਾਹਰਵਾਰ ਘੋੜਾ ਚੱਕ ਰੋਡ 'ਤੇ ਸਥਿਤ ਢਾਣੀ ਲਲਿਆਣੀਆਂ ਵਾਲੀ ਵਿਖੇ ਘਰ ਨੂੰ ਜਾਂਦੇ ਰਸਤੇ ਨੂੰ ਲੈ ਕੇ ਤਾਏ ਦੇ ਪੁੱਤਰ ਨੇ ਆਪਣੇ ਪਰਿਵਾਰਿਕ ਮੈਂਬਰਾਂ ਨਾਲ ਮਿਲ ਕੇ ਚਚੇਰੇ ਭਰਾ ਅਤੇ ਚਾਚੀ ਨੂੰ ਕਿਰਪਾਨਾਂ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਚਾਚੇ ਅਤੇ ਅਤੇ ਉਸਦੀ ਨੂੰਹ ਨੂੰੰ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਦੋਵਾਂ ਜਖਮੀਆਂ ਨੂੰ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ਼ ਲਈ ਦਾਖਲ ਕਰਵਾਇਆ ਹੈ । ਉੱਧਰ ਘਟਨਾਂ ਦੀ ਸੂਚਨਾ ਮਿਲਦਿਆਂ ਹੀ ਐੱਸ.ਪੀ. (ਡੀ) ਅਜਮੇਰ ਸਿੰਘ ਬਾਠ, ਸੀ.ਆਈ.ਏ ਸਟਾਫ ਫਿਰੋਜ਼ਪੁਰ ਦੇ ਇੰਚਾਰਜ਼ ਅਵਤਾਰ ਸਿੰਘ ਅਤੇ ਥਾਣਾ ਮਮਦੋਟ ਦੇ ਮੁਖੀ ਅਮਰਿੰਦਰ ਸਿੰਘ ਮੌਕੇ 'ਤੇ ਪੁੱਜ ਗਏ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਜੀਜੇ ਜੋਗਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਤਾਏ ਦੇ ਪੁੱਤਰ ਮਹਿੰਦਰ ਸਿੰਘ ਨਿਹੰਗ ਨੇ ਘਰ ਦੇ ਬਾਹਰ ਲਾਏ ਬੂਟਿਆਂ ਨੂੰ ਪਾਣੀ ਲਾਇਆ ਸੀ, ਜਿਸ ਤੋਂ ਉਸਦਾ ਸਾਲਾ ਗੁਰਮੇਲ ਸਿੰਘ ਤਿਲਕ ਗਿਆ। ਉਸ ਵੱਲੋਂ ਮਨਾ ਕਰਨ 'ਤੇ ਉਸਨੇ ਅੱਜ ਸਵੇਰੇ ਉਨ੍ਹਾਂ ਦੇ ਘਰ ਨੂੰ ਜਾਂਦੇ ਰਾਸਤੇ ਨੂੰ ਪਸ਼ੂਆਂ ਦੇ ਪੱਠਿਆਂ ਵਾਲੀ ਖੁਰਲੀ ਲਾ ਕੇ ਬੰਦ ਕਰ ਦਿੱਤਾ ਅਤੇ ਇੰਨ੍ਹਾਂ ਵੱਲੋਂ ਵਿਰੋਧ ਕਰਨ 'ਤੇ ਤੈਸ਼ 'ਚ ਆਏ ਉਕਤ ਮਹਿੰਦਰ ਸਿੰਘ ਨੇ ਆਪਣੇ ਪਰਿਵਾਰਿਕ ਮੈਂਬਰਾਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਇਸ ਹਮਲੇ 'ਚ ਗੁਰਮੇਲ ਸਿੰਘ, ਮਾਂ ਨਿਸ਼ਾਨ ਕੌਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਸੇਵਾ ਸਿੰਘ ਅਤੇ ਨੂੰਹ ਅਮਨਦੀਪ ਕੌਰ ਗੰਭੀਰ ਰੂਪ 'ਚ ਜ਼ਖਮੀਂ ਹੋ ਗਏ, ਜਿੰਨ੍ਹਾਂ ਨੂੰ ਮਮਦੋਟ ਦੇ ਸਿਵਲ ਹਸਪਤਾਲ ਵਿਖੇ ਇਲਾਜ ਤੋਂ ਬਾਦ ਫਰੀਦਕੋਟ ਵਿਖੇ ਰੈਫਰ ਕਰ ਦਿੱਤਾ ਹੈ।

ਐੱਸ.ਪੀ. (ਡੀ) ਅਜਮੇਰ ਸਿੰਘ ਬਾਠ ਨੇ ਦੱਸਿਆ ਹੈ ਜ਼ਖਮੀਂ ਸੇਵਾ ਸਿੰਘ ਅਤੇ ਉਸਦੀ ਨੂੰਹ ਅਮਨਦੀਪ ਕੌਰ ਨੂੰ ਇਲਾਜ ਲਈ ਫਰੀਦਕੋਟ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਫਿਰੋਜ਼ਪੁਰ ਵਿਖੇ ਭੇਜ ਦਿੱਤਾ। ਇਸ ਤੋਂ ਇਲਾਵਾ ਘਟਨਾਂ ਦੀ ਬਾਰੀਕੀ ਨਾਲ ਜਾਂਚ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।