ਅਕਾਲੀ ਸੰਸਦ ਮੈਂਬਰ ਲੋਕ ਸਭਾ ''ਚ ਕਾਲੇ ਚੋਲੇ ਪਾ ਕੇ ਆਉਣ

03/23/2018 7:13:43 AM

ਜਲੰਧਰ (ਧਵਨ) - ਪੰਜਾਬ ਕਾਂਗਰਸ ਕਮੇਟੀ ਨੇ ਅੱਜ ਅਕਾਲੀ ਸੰਸਦ ਮੈਂਬਰਾਂ 'ਤੇ ਮੋੜਵਾਂ ਵਾਰ ਕਰਦਿਆਂ ਕਿਹਾ ਕਿ ਸੂਬਾ ਵਿਧਾਨ ਸਭਾ ਦਾ ਘਿਰਾਓ ਕਰਨ ਲਈ ਚੰਡੀਗੜ੍ਹ ਤਕ ਪਹੁੰਚ ਗਏ ਸਨ ਪਰ ਉਨ੍ਹਾਂ ਨੂੰ ਹੁਣ ਲੋਕ ਸਭਾ ਵਿਚ ਕਾਲੇ ਚੋਲੇ ਪਾ ਕੇ ਘਿਰਾਓ ਕਰਨ ਲਈ ਆਉਣਾ ਚਾਹੀਦਾ ਹੈ।
ਸੂਬਾ ਕਾਂਗਰਸ ਨੇ ਕਿਹਾ ਕਿ ਮੋਦੀ 'ਤੇ ਦਬਾਅ ਪਾਉਣ ਦੀ ਹਿੰਮਤ ਅਕਾਲੀ ਸੰਸਦ ਮੈਂਬਰਾਂ 'ਚ ਨਹੀਂ। ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਕਾਂਗਰਸੀ ਵਿਧਾਇਕਾਂ ਵਰਿੰਦਰਮੀਤ ਸਿੰਘ ਪਾਹੜਾ, ਕੁਲਵੀਰ ਸਿੰਘ ਜ਼ੀਰਾ, ਦਰਸ਼ਨ ਸਿੰਘ ਮੰਗੂਵਾਲ ਤੇ ਪਰਮਿੰਦਰ ਪਿੰਕੀ ਨੇ ਇਕ ਸਾਂਝੇ ਬਿਆਨ 'ਚ ਕਿਹਾ ਕਿ ਕਿਸਾਨਾਂ ਦੀ ਬੁਰੀ ਹਾਲਤ ਲਈ ਸੂਬਾ ਸਰਕਾਰ ਜ਼ਿੰਮੇਵਾਰ ਨਹੀਂ ਸਗੋਂ ਕੇਂਦਰ ਦੀ ਮੋਦੀ ਸਰਕਾਰ ਜ਼ਿੰਮੇਵਾਰ ਹੈ, ਜਿਸ ਨੇ ਕਿਸਾਨਾਂ ਨਾਲ ਸੱਤਾ 'ਚ ਆਉਣ ਤੋਂ ਪਹਿਲਾਂ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਸੀ ਪਰ ਉਸ ਦੇ ਬਾਅਦ ਉਹ ਆਪਣੇ ਵਾਅਦੇ ਤੋਂ ਮੁੱਕਰ ਗਈ।
ਕਾਂਗਰਸੀ ਆਗੂਆਂ ਨੇ ਕਿਹਾ ਕਿ ਖੁਦ ਕੇਂਦਰੀ ਖੇਤੀ ਭਲਾਈ ਮੰਤਰੀ ਪੁਰਸ਼ੋਤਮ ਰੁਪਾਲਾ ਨੇ ਲੋਕ ਸਭਾ 'ਚ ਕਿਹਾ ਕਿ ਦੇਸ਼ ਦੇ ਸਾਰੇ ਸੂਬਿਆਂ 'ਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਹਨ ਪਰ ਇਸ ਦੇ ਬਾਵਜੂਦ ਕੇਂਦਰ ਸਰਕਾਰ ਉਨ੍ਹਾਂ ਦੇ ਕਰਜ਼ੇ ਨੂੰ ਮੁਆਫ ਕਰਨ ਲਈ ਅੱਗੇ ਨਹੀਂ ਆ ਰਹੀ ਜਦਕਿ ਉਸ ਤੋਂ ਪਹਿਲਾਂ ਕੇਂਦਰ ਦੀ ਮਨਮੋਹਨ ਸਰਕਾਰ ਨੇ ਕਿਸਾਨਾਂ ਦਾ ਸਾਰਾ ਕਰਜ਼ਾ ਮੁਆਫ ਕਰ ਦਿੱਤਾ ਸੀ।
ਉਨ੍ਹਾਂ ਕਿਹਾ ਕਿ ਇਸ ਸੰਕਟ ਦਾ ਹੱਲ ਕੱਢਣ ਲਈ ਠੋਸ ਨੀਤੀ ਦੀ ਲੋੜ ਹੈ। ਉਨ੍ਹਾਂ ਸੰਸਦ ਦੇ ਅੰਕੜਿਆਂ ਦਾ ਹਵਾਲਾ ਦਿੰਦਿਆਂ ਕਿਹਾ ਕਿ 2014 ਵਿਚ ਦੇਸ਼ 'ਚ 12360, 2015 'ਚ 12602, 2016 'ਚ 11370 ਕਿਸਾਨਾਂ ਤੇ ਖੇਤ ਮਜ਼ਦੂਰਾਂ ਨੇ ਖੁਦਕੁਸ਼ੀਆਂ ਕੀਤੀਆਂ। ਖੇਤੀ ਸੰਕਟ ਦੇਸ਼ ਪੱਧਰੀ ਹੈ ਅਤੇ 2014 ਤੋਂ 2016 ਤਕ ਮਹਾਰਾਸ਼ਟਰ 'ਚ 11956, ਗੁਜਰਾਤ 'ਚ 1309 ਅਤੇ ਮੱਧ ਪ੍ਰਦੇਸ਼ ਵਿਚ 3809 ਕਿਸਾਨਾਂ ਨੇ ਖੁਦਕੁਸ਼ੀਆਂ ਕੀਤੀਆਂ। ਇਨ੍ਹਾਂ 3 ਸਾਲਾਂ ਦੌਰਾਨ  ਪੰਜਾਬ 'ਚ 459 ਕਿਸਾਨਾਂ ਵਲੋਂ ਖੁਦਕੁਸ਼ੀਆਂ ਕਰਨ ਦੀ ਗੱਲ ਕੇਂਦਰੀ ਮੰਤਰੀ ਨੇ ਸੰਸਦ 'ਚ ਕੀਤੀ।
ਕਾਂਗਰਸੀ ਆਗੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਛੋਟੇ ਕਿਸਾਨਾਂ ਦਾ 2-2 ਲੱਖ ਦਾ ਕਰਜ਼ਾ ਮੁਆਫ ਕਰਨ ਦੀ ਪਹਿਲ ਕੀਤੀ ਹੈ ਜਦਕਿ ਅਕਾਲੀ ਆਪਣੇ 10 ਸਾਲ ਦੇ ਸ਼ਾਸਨਕਾਲ 'ਚ ਇਕ ਵੀ ਕਿਸਾਨ ਦਾ ਕਰਜ਼ਾ ਮੁਆਫ ਨਹੀਂ ਕਰ ਸਕੇ ਸਨ। ਇਸ ਲਈ ਉਨ੍ਹਾਂ ਨੂੰ ਇਸ ਮੁੱਦੇ 'ਤੇ ਬੋਲਣ ਦਾ ਕੋਈ ਹੱਕ ਨਹੀਂ।