ਪੰਜਾਬ ’ਚ ਮੁਰਝਾਏ ਕਮਲ ਨੂੰ ਮੁੜ ਖਿੜਾਉਣ ਲਈ ਭਾਜਪਾ ਦਾ ‘ਜਾਖੜ ਪਲਾਨ’, ਚੁਣੌਤੀ-ਫਾਡੀ ਨੂੰ ਅੱਵਲ ਬਣਾਉਣਾ

07/05/2023 5:15:46 PM

ਜਲੰਧਰ (ਅਨਿਲ ਪਾਹਵਾ)–ਪੰਜਾਬ ਭਾਜਪਾ ’ਚ ਮੰਗਲਵਾਰ ਦਾ ਦਿਨ ਬੇਹੱਦ ਖ਼ਾਸ ਰਿਹਾ ਕਿਉਂਕਿ ਪਾਰਟੀ ਵਿਚ ਪਹਿਲੀ ਵਾਰ ਕਿਸੇ ਅਜਿਹੇ ਨੇਤਾ ਨੂੰ ਪ੍ਰਧਾਨ ਬਣਾਇਆ ਗਿਆ ਹੈ, ਜੋ ਇਕ ਸਾਲ ਪਹਿਲਾਂ ਹੀ ਪਾਰਟੀ ਵਿਚ ਸ਼ਾਮਲ ਹੋਇਆ ਹੈ। ਸੁਨੀਲ ਜਾਖੜ ਨੂੰ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਜਾਣਾ ਉਂਝ ਤਾਂ ਕਾਫ਼ੀ ਹੈਰਾਨੀ ਭਰਿਆ ਰਿਹਾ ਕਿਉਂਕਿ ਜਾਖੜ ਤੋਂ ਇਲਾਵਾ ਭਾਜਪਾ ਵਿਚ ਕਈ ਹੋਰ ਸੀਨੀਅਰ ਨੇਤਾ ਵੀ ਸਨ ਜੋ ਇਸ ਅਹੁਦੇ ਲਈ ਪੂਰੀ ਤਰ੍ਹਾਂ ਲਾਇਕ ਸਨ ਪਰ ਇਨ੍ਹਾਂ ਸਾਰਿਆਂ ਨੂੰ ਦਰਕਿਨਾਰ ਕਰਕੇ ਪਾਰਟੀ ਨੇ ਜਾਖੜ ਨੂੰ ਜ਼ਿੰਮੇਵਾਰੀ ਸੌਂਪੀ। ਜਾਖੜ ਦੇ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਵਿਚ ਭਾਜਪਾ ਅਚਾਨਕ ਟਾਪ ’ਤੇ ਆ ਜਾਵੇਗੀ, ਜੇ ਕੋਈ ਅਜਿਹਾ ਸੋਚ ਰਿਹਾ ਹੈ ਤਾਂ ਸ਼ਾਇਦ ਇਹ ਇੰਨਾ ਆਸਾਨ ਨਹੀਂ ਹੈ। ਖ਼ੁਦ ਜਾਖੜ ਲਈ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਚੁਨੌਤੀ ਭਰਪੂਰ ਹੈ ਕਿਉਂਕਿ ਪੰਜਾਬ ਵਿਚ ਪੂਰੀ ਤਰ੍ਹਾਂ ਫਾਡੀ ਹੋ ਚੁੱਕੀ ਭਾਜਪਾ ਨੂੰ ਲੋਕ ਸਭਾ ਚੋਣਾਂ ਵਿਚ ਅੱਵਲ ਬਣਾਉਣਾ ਇੰਨਾ ਆਸਾਨ ਨਹੀਂ ਅਤੇ ਵੱਡੀ ਸਮੱਸਿਆ ਇਹ ਹੈ ਕਿ ਇਸ ਦੀ ਤਿਆਰੀ ਲਈ ਲਗਭਗ 7 ਮਹੀਨਿਆਂ ਦਾ ਸਮਾਂ ਹੀ ਰਹਿ ਗਿਆ ਹੈ।

ਪੁਰਾਣੇ ਵਰਕਰਾਂ ਨਾਲ ਤਾਲਮੇਲ
ਜਾਖੜ ਕਾਂਗਰਸ ’ਚੋਂ ਆਏ ਹਨ। ਮਈ 2022 ਵਿਚ ਉਨ੍ਹਾਂ ਨੇ ਭਾਜਪਾ ਜੁਆਇਨ ਕੀਤੀ ਸੀ ਅਤੇ ਇਕ ਸਾਲ ਬਾਅਦ ਉਨ੍ਹਾਂ ਨੂੰ ਪ੍ਰਧਾਨ ਬਣਾ ਦਿੱਤਾ ਗਿਆ। ਇਸ ਇਕ ਸਾਲ ਦੇ ਦੌਰ ਵਿਚ ਉਨ੍ਹਾਂ ਨੂੰ ਸ਼ਾਇਦ ਇਹ ਅਹਿਸਾਸ ਨਹੀਂ ਸੀ ਕਿ ਉਹ ਪਾਰਟੀ ਦੀ ਸੂਬਾ ਇਕਾਈ ਦੀ ਕਮਾਨ ਸੰਭਾਲਣਗੇ। ਹੁਣ ਤਕ ਦੀ ਸਥਿਤੀ ਅਨੁਸਾਰ ਉਨ੍ਹਾਂ ਦਾ ਵਰਕਰਾਂ ਨਾਲ ਕੋਈ ਬਹੁਤ ਚੰਗਾ ਤਾਲਮੇਲ ਨਹੀਂ ਹੈ। ਉਨ੍ਹਾਂ ਲਈ ਸਭ ਤੋਂ ਵੱਡੀ ਚੁਨੌਤੀ ਇਹੀ ਹੋਵੇਗੀ ਉਨ੍ਹਾਂ ਨੂੰ ਵਰਕਰਾਂ ਵਿਚ ਆਪਣੇ ਪ੍ਰਤੀ ਵਿਸ਼ਵਾਸ ਕਾਇਮ ਕਰਨਾ ਪਵੇਗਾ। ਜਾਖੜ ਤੋਂ ਪਹਿਲਾਂ ਦੇ ਭਾਜਪਾ ਦੇ ਕਿੰਨੇ ਹੀ ਪ੍ਰਧਾਨ ਇਸ ਮਾਮਲੇ ਵਿਚ ਅਸਫਲ ਰਹੇ, ਜਿਸ ਕਾਰਨ ਭਾਜਪਾ ਦਾ ਜ਼ਿਆਦਾਤਰ ਵਰਕਰ ਘਰਾਂ ਵਿਚ ਬੈਠ ਗਿਆ। ਉਨ੍ਹਾਂ ਨੂੰ ਘਰਾਂ ਵਿਚੋਂ ਕੱਢ ਕੇ ਪਾਰਟੀ ਨਾਲ ਦੋਬਾਰਾ ਜੋੜਨਾ ਜਾਖੜ ਲਈ ਵੱਡੀ ਚੁਣੌਤੀ ਹੋਵੇਗਾ।

ਇਹ ਵੀ ਪੜ੍ਹੋ- ਗਰਮੀ ਨੇ ਕਢਾਏ ਵੱਟ, ਬਣੇ ਕਰਫ਼ਿਊ ਵਰਗੇ ਹਾਲਾਤ, ਮੌਸਮ ਨੂੰ ਲੈ ਕੇ ਜਾਣੋ ਆਉਣ ਵਾਲੇ ਦਿਨਾਂ ਦਾ ਹਾਲ

2024 ਦੀ ਲੋਕ ਸਭਾ ਚੋਣ
ਪੰਜਾਬ ਵਿਚ ਹੁਣੇ ਜਿਹੇ ਜਲੰਧਰ ਦੀ ਲੋਕ ਸਭਾ ਉਪ-ਚੋਣ ਵਿਚ ਭਾਜਪਾ ਨੇ ਜਿਸ ਤਰ੍ਹਾਂ ਤਾਕਤ ਲਾਈ, ਉਸ ਤੋਂ ਇਹ ਗੱਲ ਸਾਬਤ ਹੋ ਗਈ ਕਿ ਪਾਰਟੀ ਪੰਜਾਬ ਵਿਚ ਖੁਦ ਨੂੰ ਸਥਾਪਤ ਕਰਨ ਲਈ ਬੇਹੱਦ ਗੰਭੀਰ ਹੈ। 2024 ਦੀਆਂ ਲੋਕ ਸਭਾ ਚੋਣਾਂ ਵਿਚ ਸਫਲਤਾ ਹਾਸਲ ਕਰਨ ਲਈ ਪਾਰਟੀ ਨੇ ਜਾਖੜ ਦੇ ਤੌਰ ’ਤੇ ਇਕ ‘ਐਕਸਪੈਰੀਮੈਂਟ’ ਕੀਤਾ ਹੈ। ਜਾਖੜ ਕੋਲ ਕਾਂਗਰਸ ਵਿਚ ਪ੍ਰਧਾਨ ਰਹਿੰਦੇ ਹੋਏ ਪਾਰਟੀ ਨੂੰ ਚਲਾਉਣ ਦਾ ਤਜਰਬਾ ਤਾਂ ਹੈ ਪਰ ਕੀ ਉਹ ਉਸ ਤਜਰਬੇ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਵਰਤੋਂ ਵਿਚ ਲਿਆ ਸਕਣਗੇ, ਇਸ ਗੱਲ ਨੂੰ ਲੈ ਕੇ ਅਜੇ ਸਥਿਤੀ ਕੁਝ ਸਪਸ਼ਟ ਨਹੀਂ। 13 ਲੋਕ ਸਭਾ ਉਮੀਦਵਾਰਾਂ ਦੀ ਚੋਣ ਸਭ ਤੋਂ ਵੱਡੀ ਚੁਨੌਤੀ ਹੈ ਅਤੇ ਫਿਰ ਉਨ੍ਹਾਂ ਨੂੰ ਸਫਲ ਬਣਾਉਣਾ ਦੂਜੀ ਵੱਡੀ ਚੁਨੌਤੀ ਜਾਖੜ ਲਈ ਹੈ।

ਪਿੰਡਾਂ ’ਚ ਸੰਨ੍ਹ ਲਾਉਣੀ
ਪੰਜਾਬ ਵਿਚ ਭਾਜਪਾ ਨੇ 2022 ਤੋਂ ਪਹਿਲਾਂ ਲਗਭਗ ਸਾਰੀਆਂ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਅਕਾਲੀ ਦਲ ਦੇ ਨਾਲ ਮਿਲ ਕੇ ਲੜੀਆਂ ਹਨ। ਅਜਿਹੀ ਸਥਿਤੀ ਵਿਚ ਪਿੰਡਾਂ ਦੀ ਵੋਟ ਅਕਾਲੀ ਦਲ ਦੇ ਖੇਮੇ ਵਿਚ ਜਾਂਦੀ ਰਹੀ ਹੈ, ਜਦੋਂਕਿ ਭਾਜਪਾ ਸ਼ਹਿਰਾਂ ਤੋਂ ਵੋਟ ਲੈਂਦੀ ਰਹੀ ਹੈ ਪਰ ਹੁਣ ਭਾਜਪਾ ਜਦੋਂ ਇਕੱਲੀ ਚੋਣ ਲੜਨ ਦੀ ਤਿਆਰੀ ਕਰ ਰਹੀ ਹੈ ਤਾਂ ਅਜਿਹੀ ਸਥਿਤੀ ’ਚ ਪਿੰਡਾਂ ਵਿਚ ਵੋਟ ਬੈਂਕ ਹਾਸਲ ਕਰਨਾ ਸਭ ਤੋਂ ਵੱਡੀ ਚੁਨੌਤੀ ਹੈ। ਜਲੰਧਰ ਦੀ ਲੋਕ ਸਭਾ ਉਪ-ਚੋਣ ਵਿਚ ਵੀ ਪਾਰਟੀ ਦਾ ਮੁੱਖ ਟੀਚਾ ਪਿੰਡਾਂ ਦਾ ਵੋਟ ਬੈਂਕ ਹੀ ਸੀ ਪਰ ਸਥਿਤੀ ਇਹ ਬਣੀ ਕਿ ਪਿੰਡਾਂ ਦੇ ਚੱਕਰ ਵਿਚ ਸ਼ਹਿਰੀ ਵੋਟ ਬੈਂਕ ਵੀ ਹੱਥੋਂ ਜਾਂਦਾ ਨਜ਼ਰ ਆਇਆ ਅਤੇ ਪਾਰਟੀ ਉਮੀਦਵਾਰ ਦੀ ਜ਼ਮਾਨਤ ਜ਼ਬਤ ਹੋ ਗਈ।

ਇੰਪੋਰਟਿਡ’ ਤੇ ਟਕਸਾਲੀ ਨੇਤਾਵਾਂ ’ਚ ਤਾਲਮੇਲ
ਹੋਰ ਵੱਡੀਆਂ ਚੁਣੌਤੀਆਂ ਦੇ ਨਾਲ-ਨਾਲ ਸੁਨੀਲ ਜਾਖੜ ਕੋਲ ਭਾਜਪਾ ਪ੍ਰਧਾਨ ਰਹਿੰਦੇ ਹੋਏ ਇਕ ਅਜੀਬ ਜਿਹੀ ਚੁਣੌਤੀ ਸਾਹਮਣੇ ਖੜ੍ਹੀ ਹੈ, ਜਿਸ ਨਾਲ ਦੋ-ਦੋ ਹੱਥ ਕਰਨਾ ਇੰਨਾ ਵੀ ਆਸਾਨ ਨਹੀਂ ਰਹੇਗਾ। ਪਿਛਲੇ ਲਗਭਗ ਡੇਢ ਸਾਲ ਵਿਚ ਕਾਂਗਰਸ ਤੇ ਹੋਰ ਪਾਰਟੀਆਂ ’ਚੋਂ ਕਈ ਨੇਤਾ ਭਾਜਪਾ ਵਿਚ ਸ਼ਾਮਲ ਹੋਏ ਹਨ। ਇਨ੍ਹਾਂ ਇੰਪੋਰਟਿਡ ਨੇਤਾਵਾਂ ਅਤੇ ਸਾਲਾਂ ਤੋਂ ਭਾਜਪਾ ਵਿਚ ਕੰਮ ਕਰ ਰਹੇ ਟਕਸਾਲੀ ਨੇਤਾਵਾਂ ਵਿਚਾਲੇ ਤਾਲਮੇਲ ਸਥਾਪਤ ਕਰਨਾ ਵੀ ਵੱਡੀ ਚੁਣੌਤੀ ਹੈ। ਜਿੱਥੇ ਇੰਪੋਰਟਿਡ ਤੇ ਟਕਸਾਲੀ ਨੇਤਾਵਾਂ ਵਿਚਾਲੇ ਅਜੇ ਤਕ ਵੀ ਤਾਲਮੇਲ ਨਹੀਂ ਬਣਿਆ, ਉਸ ਹਾਲਤ ਵਿਚ ਜਾਖੜ ਲਈ ਰਸਤਾ ਇੰਨਾ ਆਸਾਨ ਵੀ ਨਹੀਂ ਹੈ।

ਇਹ ਵੀ ਪੜ੍ਹੋ- ਭਾਰਤ ‘ਚ ਹਰ ਸਾਲ ਸ਼ੂਗਰ ਨਾਲ ਕਰੀਬ 10 ਲੱਖ ਲੋਕਾਂ ਦੀ ਹੋ ਰਹੀ ਮੌਤ, ਨੌਜਵਾਨਾਂ ਲਈ ਖ਼ਤਰੇ ਦੀ ਘੰਟੀ

ਵਿਰੋਧੀਆਂ ਦਾ ਸਾਹਮਣਾ
ਨਵੇਂ ਪ੍ਰਧਾਨ ਸੁਨੀਲ ਜਾਖੜ ਲਈ ਜਿੱਥੇ ਪਾਰਟੀ ਦੇ ਨੇਤਾਵਾਂ ਨੂੰ ਸ਼ੀਸ਼ੇ ਵਿਚ ਉਤਾਰਨਾ ਵੱਡਾ ਟੀਚਾ ਹੈ, ਉੱਥੇ ਹੀ ਭਾਜਪਾ ਵਿਚ ਆ ਚੁੱਕੇ ਜਾਖੜ ਦੇ ਪੁਰਾਣੇ ਸਿਆਸੀ ਵਿਰੋਧੀਆਂ ਨਾਲ ਨਜਿੱਠਣਾ ਵੀ ਵੱਡੀ ਚੁਣੌਤੀ ਹੈ। ਕਾਂਗਰਸ ਵਿਚ ਰਹਿੰਦੇ ਸਮੇਂ ਕਈ ਨੇਤਾਵਾਂ ਦੇ ਨਾਲ ਜਾਖੜ ਦੀ ਕੋਈ ਚੰਗੀ ਦੁਆ-ਸਲਾਮ ਨਹੀਂ ਸੀ ਪਰ ਇਹ ਸਮੇਂ ਦਾ ਚੱਕਰ ਹੈ ਕਿ ਉਨ੍ਹਾਂ ਦੇ ਵਿਰੋਧੀ ਵੀ ਹੁਣ ਭਾਜਪਾ ਵਿਚ ਹਨ ਅਤੇ ਜਾਖੜ ਉਨ੍ਹਾਂ ਦੇ ਪ੍ਰਧਾਨ। ਹੁਣ ਇਨ੍ਹਾਂ ਲੋਕਾਂ ਨਾਲ ਜਾਖੜ ਦਾ ਅਕਸਰ ਸਾਹਮਣਾ ਹੋਵੇਗਾ, ਉਨ੍ਹਾਂ ਨੂੰ ਨਾਲ ਲੈ ਕੇ ਚੱਲਣਾ ਵੀ ਇੰਨਾ ਆਸਾਨ ਨਹੀਂ ਰਹੇਗਾ ਕਿਉਂਕਿ ਭਾਜਪਾ ਤੇ ਕਾਂਗਰਸ ਦੇ ਕਲਚਰ ਵਿਚਕਾਰ ਕਾਫ਼ੀ ਫਰਕ ਹੈ। ਭਾਜਪਾ ਵਿਚ ਕੋਈ ਵੀ ਵਿਰੋਧੀ ਕਦੇ ਵੀ ਇਕ-ਦੂਜੇ ਖਿਲਾਫ ਨਹੀਂ ਬੋਲਦਾ, ਜਦੋਂਕਿ ਕਾਂਗਰਸ ਵਿਚ ਇਹ ਆਮ ਕਲਚਰ ਹੈ। ਹੁਣ ਇਨ੍ਹਾਂ ਇੰਪੋਰਟਿਡ ਨੇਤਾਵਾਂ ਦਾ ਜਾਖੜ ਨੂੰ ਲੈ ਕੇ ਕੀ ਰਵੱਈਆ ਰਹੇਗਾ ਅਤੇ ਜਾਖੜ ਉਨ੍ਹਾਂ ਨੂੰ ਲੈ ਕੇ ਕੀ ਪੈਂਤੜਾ ਅਪਣਾਉਂਦੇ ਹਨ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

ਹੁਣ ਹਿੰਦੂ ਅਤੇ ਬਾਣੀਆ ਵੋਟ ਦਾ ਕੀ ਬਣੇਗਾ?
ਪੰਜਾਬ ਵਿਚ ਭਾਜਪਾ ਨੂੰ ਹਿੰਦੂ ਵੋਟ ਬੈਂਕ ਦਾ ਹਮੇਸ਼ਾ ਹੀ ਸਮਰਥਨ ਮਿਲਦਾ ਰਿਹਾ ਹੈ, ਬੇਸ਼ੱਕ ਪਿਛਲੇ ਕੁਝ ਸਮੇਂ ਤੋਂ ਸਿੱਖ ਚਿਹਰੇ ਨੂੰ ਅੱਗੇ ਲਿਆਉਣ ’ਤੇ ਚਰਚਾ ਵੀ ਚੱਲ ਰਹੀ ਸੀ ਪਰ ਆਖਰ ਭਾਜਪਾ ਨੇ ਸੁਨੀਲ ਜਾਖੜ ਦੇ ਤੌਰ ’ਤੇ ਹਿੰਦੂ ਜਾਟ ਦੇ ਚਿਹਰੇ ’ਤੇ ਪ੍ਰਧਾਨ ਅਹੁਦੇ ਦਾ ਦਾਅ ਖੇਡਿਆ ਹੈ। ਹੁਣ ਅਜਿਹੀ ਸਥਿਤੀ ’ਚ ਵੱਡਾ ਸਵਾਲ ਪੈਦਾ ਹੋ ਰਿਹਾ ਹੈ ਕਿ ਕੀ ਭਾਜਪਾ ਦੇ ਪੱਖ ਵਿਚ ਵੋਟ ਕਰਨ ਵਾਲਾ ਹਿੰਦੂ ਤੇ ਬਾਣੀਆ ਵੋਟ ਬੈਂਕ ਪਾਰਟੀ ਦੇ ਨਾਲ ਹੀ ਰਹੇਗਾ ਜਾਂ ਬਿਖਰ ਜਾਵੇਗਾ?

ਇਹ ਵੀ ਪੜ੍ਹੋ-ਨਕੋਦਰ 'ਚ ਵੱਡੀ ਵਾਰਦਾਤ, ਝੋਨਾ ਲਾਉਣ ਦੀ ਤਿਆਰੀ ਕਰ ਰਹੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani

shivani attri

This news is Content Editor shivani attri