ਲੋਕ ਸਭਾ ਚੋਣਾਂ : ਭਾਜਪਾ ਜਨਵਰੀ ਦੇ ਅਖੀਰ ’ਚ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਦੇ ਸਕਦੀ ਹੈ ਮਨਜ਼ੂਰੀ

01/13/2024 6:33:26 PM

ਜਲੰਧਰ (ਇੰਟ.) : ਆਗਾਮੀ ਲੋਕ ਸਭਾ ਚੋਣ ਅਖਾੜਾ ਸਜਣ ਤੋਂ ਪਹਿਲਾਂ ਜਿੱਥੇ ਵਿਰੋਧੀ ਧਿਰਾਂ ਦੇ ਗਠਜੋੜ ‘ਇੰਡੀਆ’ ਨੇ ਸੀਟਾਂ ਦੀ ਵੰਡ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ, ਉੱਥੇ ਹੀ ਭਾਜਪਾ ਵੀ ਇਸ ਮਾਮਲੇ ’ਚ ਪਿੱਛੇ ਨਹੀਂ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਲੋਕ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਮਨਜ਼ੂਰੀ ਦੇਣ ਲਈ ਇਸ ਮਹੀਨੇ ਦੇ ਅੰਤ ’ਚ ਬੈਠਕ ਕਰ ਸਕਦੀ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਪੀ. ਐੱਮ. ਮੋਦੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਪਾਰਟੀ ਦਾ ਫੋਕਸ ਨੌਜਵਾਨਾਂ ਅਤੇ ਔਰਤਾਂ ’ਤੇ ਹੋਵੇਗਾ। ਇਸ ਲਈ ਕਿਹਾ ਜਾ ਰਿਹਾ ਹੈ ਕਿ ਪਾਰਟੀ ਅਜਿਹੇ ਸੰਸਦ ਮੈਂਬਰਾਂ ਨੂੰ ਪ੍ਰਦਰਸ਼ਨ ਦੇ ਆਧਾਰ ’ਤੇ ਹਟਾ ਸਕਦੀ ਹੈ, ਜਿਨ੍ਹਾਂ ਦੀ ਉਮਰ 70 ਸਾਲ ਤੋਂ ਵੱਧ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਐਕਸ਼ਨ, ਇਸ ਸ਼ਖ਼ਸ ਦਾ ਜਾਅਲੀ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਕੀਤਾ ਰੱਦ

ਕੌਮੀ ਪਰਿਸ਼ਦ ਦੀ ਬੈਠਕ ’ਚ ਤਿਆਰ ਹੋਵੇਗਾ ਮਾਸਟਰ ਪਲਾਨ
ਇਕ ਮੀਡੀਆ ਰਿਪੋਰਟ ਮੁਤਾਬਕ ਫਰਵਰੀ ਮਹੀਨੇ ਹੋਣ ਵਾਲੀ ਭਾਜਪਾ ਦੀ ਕੌਮੀ ਪਰਿਸ਼ਦ ਦੀ ਬੈਠਕ ’ਚ ਚੋਣ ਮਾਸਟਰ ਪਲਾਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਸ ਚੋਣ ’ਚ ਪਾਰਟੀ ਲੀਡਰਸ਼ਿਪ ਮੌਜੂਦਾ ਸੰਸਦ ਮੈਂਬਰਾਂ ਦੀਆਂ ਟਿਕਟਾਂ ਕੱਟ ਸਕਦੀ ਹੈ ਅਤੇ ਪਾਰਟੀ ਲੋਕ ਸਭਾ ਚੋਣਾਂ ’ਚ ਵੀ ਵੱਧ ਤੋਂ ਵੱਧ ਸੀਟਾਂ 'ਤੇ ਚੋਣ ਲੜੇਗੀ। ਪਿਛਲੀਆਂ 2019 ਦੀਆਂ ਚੋਣਾਂ ’ਚ ਭਾਜਪਾ ਨੇ 436 ਸੀਟਾਂ ’ਤੇ ਚੋਣ ਲੜੀ ਸੀ ਅਤੇ 303 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਇਸ ਵਾਰ ਭਾਜਪਾ 400 ਪਾਰ ਦਾ ਨਾਅਰਾ ਦੇ ਰਹੀ ਹੈ। ਇਸ ਲਈ ਭਾਜਪਾ ਉਨ੍ਹਾਂ ਕੁਝ ਸੀਟਾਂ ’ਤੇ ਵੀ ਧਿਆਨ ਕੇਂਦਰਿਤ ਕਰੇਗੀ ਜਿੱਥੇ ਉਸ ਨੇ ਕਦੇ ਚੋਣ ਨਹੀਂ ਜਿੱਤੀ।

70 ਸਾਲ ਤੋਂ ਵੱਧ ਉਮਰ ਦੇ ਹਨ ਭਾਜਪਾ ਦੇ 56 ਸੰਸਦ ਮੈਂਬਰ
ਸੂਤਰਾਂ ਦੇ ਹਵਾਲੇ ਤੋਂ ਰਿਪੋਰਟ ’ਚ ਕਿਹਾ ਗਿਆ ਹੈ ਕਿ ਬਹੁਤ ਹੀ ਮਹੱਤਵਪੂਰਨ ਅਤੇ ਵੱਡੇ ਨੇਤਾਵਾਂ ਨੂੰ ਛੱਡ ਦਈਏ ਤਾਂ ਭਾਜਪਾ 70 ਸਾਲ ਤੋਂ ਵੱਧ ਉਮਰ ਦੇ ਉਮੀਦਵਾਰਾਂ ਨੂੰ ਚੋਣ ਟਿਕਟ ਨਹੀਂ ਦੇਵੇਗੀ। ਉਂਝ ਜੇਕਰ ਇਹ ਆਗੂ ਵੱਡੇ ਕੱਦ ਦੇ ਹੋਏ ਤਾਂ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੋਵੇਗੀ। ਭਾਜਪਾ ਦੇ 56 ਲੋਕ ਸਭਾ ਮੈਂਬਰ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਇਨ੍ਹਾਂ ’ਚ ਰਾਜਨਾਥ ਸਿੰਘ, ਗਿਰੀਰਾਜ ਸਿੰਘ, ਰਾਜਿੰਦਰ ਅਗਰਵਾਲ, ਰਵੀ ਸ਼ੰਕਰ ਪ੍ਰਸਾਦ, ਐੱਸ. ਐੱਲ. ਆਹਲੂਵਾਲੀਆ, ਪੀ. ਪੀ. ਚੌਧਰੀ, ਸੰਤੋਸ਼ ਗੰਗਵਾਰ, ਰਾਧਾ ਮੋਹਨ ਸਿੰਘ, ਜਗਦੰਬਿਕਾ ਪਾਲ, ਅਰਜੁਨ ਰਾਮ ਮੇਘਵਾਲ, ਸ਼੍ਰੀਪਦ ਨਾਇਕ, ਰਾਓ ਇੰਦਰਜੀਤ ਸਿੰਘ, ਵੀ. ਕੇ. ਸਿੰਘ ਵਰਗੇ ਆਗੂ ਸ਼ਾਮਲ ਹਨ।

ਇਹ ਵੀ ਪੜ੍ਹੋ : ਖਰੜ ਅਤੇ ਤਲਵੰਡੀ ਸਾਬੋ ਵਾਸੀਆਂ ਲਈ ਚੰਗੀ ਖ਼ਬਰ, ਬਿਜਲੀ ਮੰਤਰੀ ਨੇ ਦਿੱਤੀ ਇਹ ਰਾਹਤ

ਕੁੱਝ ਸੰਸਦ ਮੈਂਬਰਾਂ ਦੀਆਂ ਕੱਟੀਆਂ ਜਾ ਸਕਦੀਆਂ ਹਨ ਟਿਕਟਾਂ
ਪੀ.ਐੱਮ. ਮੋਦੀ ਪਹਿਲਾਂ ਹੀ ਸੰਕੇਤ ਦੇ ਚੁੱਕੇ ਹਨ ਕਿ ਪਾਰਟੀ ਔਰਤਾਂ ਅਤੇ ਨੌਜਵਾਨਾਂ ’ਤੇ ਧਿਆਨ ਕੇਂਦਰਿਤ ਕਰੇਗੀ। ਅਜਿਹਾ ਕਰਨ ਲਈ ਪਾਰਟੀ 70 ਸਾਲ ਤੋਂ ਵੱਧ ਉਮਰ ਦੇ ਕਈ ਸੰਸਦ ਮੈਂਬਰਾਂ ਦੀ ਥਾਂ ਨਵੇਂ ਚਿਹਰਿਆਂ ਨੂੰ ਅੱਗੇ ਲਿਆ ਸਕਦੀ ਹੈ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ 70 ਸਾਲ ਤੋਂ ਘੱਟ ਉਮਰ ਦੇ ਨੇਤਾਵਾਂ ’ਤੇ ਧਿਆਨ ਕੇਂਦਰਿਤ ਕਰਨ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਸਾਰੇ ਸੀਨੀਅਰ ਨੇਤਾਵਾਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਜਾਣਗੀਆਂ। ਉਮੀਦਵਾਰ ਦੀ ਚੋਣ ਲਈ ਉਮਰ ਹੀ ਮਾਪਦੰਡ ਨਹੀਂ ਹੋਵੇਗੀ। ਅਹਿਮ ਯੋਗਦਾਨ ਪਾਉਣ ਵਾਲੇ ਅਜਿਹੇ ਆਗੂਆਂ ਨੂੰ ਵੀ ਟਿਕਟਾਂ ਦਿੱਤੀਆਂ ਜਾਣਗੀਆਂ। ਪਾਰਟੀ ਨੂੰ ਲੋਕ ਸਭਾ ’ਚ ਵੀ ਤਜ਼ਰਬੇਕਾਰ ਆਗੂਆਂ ਦੀ ਲੋੜ ਪਵੇਗੀ।

ਬੈਠਕ ’ਚ ਸ਼ਾਮਲ ਹੋਣਗੇ ਕਰੀਬ 7000 ਲੋਕ
ਇਨ੍ਹਾਂ ਗੱਲਾਂ ਨੂੰ ਧਿਆਨ ’ਚ ਰੱਖਦੇ ਹੋਏ ਭਾਜਪਾ ਕੌਮੀ ਪਰਿਸ਼ਦ ਦੇ ਨੇਤਾਵਾਂ ਦੀ ਛੇਤੀ ਹੀ ਦਿੱਲੀ ’ਚ ਬੈਠਕ ਹੋਵੇਗੀ। ਇਨ੍ਹਾਂ ’ਚ 7000 ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ, ਜਿਸ ’ਚ ਜ਼ਿਲ੍ਹਾ ਪਰਿਸ਼ਦ ਪੱਧਰ ਦੇ ਆਗੂ ਵੀ ਸ਼ਾਮਲ ਹੋਣਗੇ। ਕੇਂਦਰੀ ਲੀਡਰਸ਼ਿਪ ਜਨਵਰੀ ਦੇ ਅਖੀਰ ’ਚ ਇਸ ਮੀਟਿੰਗ ਲਈ ਸੱਦੇ ਭੇਜਣੇ ਸ਼ੁਰੂ ਕਰ ਦੇਵੇਗੀ। ਇਸ ਬੈਠਕ ’ਚ ਪੀ. ਐੱਮ. ਮੋਦੀ ਦੀਆਂ ਪਿਛਲੇ 10 ਸਾਲਾਂ ਦੀਆਂ ਪ੍ਰਾਪਤੀਆਂ ਗਿਣਾਈਆਂ ਜਾਣਗੀਆਂ। ਇਸ ਦੇ ਨਾਲ ਹੀ ਪਾਰਟੀ ਆਗੂਆਂ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਸਬੰਧੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਜਾਣਗੇ। 2019 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਵੀ ਭਾਜਪਾ ਨੇ ਸਥਾਨਕ ਚੋਣਾਂ ਤੋਂ ਲੈ ਕੇ ਸੰਸਦੀ ਚੋਣਾਂ ਤੱਕ ਚੁਣੇ ਗਏ ਸਾਰੇ ਮੈਂਬਰਾਂ ਨੂੰ ਇਸੇ ਤਰ੍ਹਾਂ ਦੀ ਮੀਟਿੰਗ ਵਿਚ ਬੁਲਾਇਆ ਸੀ।

ਇਹ ਵੀ ਪੜ੍ਹੋ : ਧਾਰਮਿਕ ਸਥਾਨਾਂ ਤੋਂ ਪਰਤ ਰਹੇ 4 ਨੌਜਵਾਨਾਂ ਦੀ ਮੌਤ ਕਾਰਨ ਹਲਕਾ ਗੁਰੂਹਰਸਹਾਏ ’ਚ ਸੋਗ ਦੀ ਲਹਿਰ     

ਚੋਣਾਂ ਦੇ ਐਲਾਨ ਤੋਂ ਪਹਿਲਾਂ ਉਮੀਦਵਾਰਾਂ ਦਾ ਐਲਾਨ
ਇਕ ਹੋਰ ਰਿਪੋਰਟ ਅਨੁਸਾਰ ਭਾਜਪਾ ਦੀ ਕੌਮੀ ਕੌਂਸਲ ਦੀ ਮੀਟਿੰਗ ’ਚ ਭਾਜਪਾ ਚੋਣਾਂ ਲਈ ਨਵੀਂ ਰਣਨੀਤੀ ਤਿਆਰ ਕਰੇਗੀ। ਇਸ ਰਣਨੀਤੀ ਦੇ ਅਧੀਨ ਚੋਣਾਂ ਦੀ ਤਰੀਕ ਦਾ ਐਲਾਨ ਹੋਣ ਤੋਂ ਪਹਿਲਾਂ ਹੀ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਅਜਿਹੀਆਂ 160 ਸੀਟਾਂ ਹੋ ਸਕਦੀਆਂ ਹਨ, ਜਿਨ੍ਹਾਂ ਨੂੰ ਭਾਜਪਾ ਨੇ 2022 ’ਚ ਕਮਜ਼ੋਰ ਸੀਟਾਂ ਮੰਨਿਆ ਸੀ। ਇਨ੍ਹਾਂ ਸੀਟਾਂ ’ਤੇ ਭਾਜਪਾ ਕਦੇ ਚੋਣ ਨਹੀਂ ਜਿੱਤੀ ਜਾਂ ਨਾ ਹੀ ਦੂਜੇ ਨੰਬਰ ’ਤੇ ਆਈ । ਪਾਰਟੀ ਇਨ੍ਹਾਂ ਸੀਟਾਂ ’ਤੇ ਆਪਣੀ ਪਕੜ ਮਜ਼ਬੂਤ ​​ਕਰਨ ਲਈ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਦੀ ਕੋਸ਼ਿਸ਼ ਕਰੇਗੀ। ਉਦਾਹਰਣ ਵਜੋਂ ਬਿਹਾਰ ’ਚ ਭਾਜਪਾ ਨਵਾਦਾ, ਵੈਸ਼ਾਲੀ, ਵਾਲਮੀਕਿ ਨਗਰ, ਕਿਸ਼ਨ ਗੰਜ, ਕਟਿਹਾਰ, ਸੁਪੌਲ, ਮੁੰਗੇਰ, ਗਯਾ, ਪੂਰਨੀਆ ਸੀਟਾਂ ’ਤੇ ਤਿੱਖੀ ਨਜ਼ਰ ਰੱਖੇਗੀ। ਉੱਥੇ ਹੀ ਤਾਮਿਲਨਾਡੂ ’ਚ ਭਾਜਪਾ ਦਾ ਧਿਆਨ ਰਾਮਨਾਥ ਪੁਰਮ, ਸ਼ਿਵਗੰਗਾ, ਵੇਲੋਰ, ਕੰਨਿਆਕੁਮਾਰੀ ਅਤੇ ਚੇਨਈ ਵਰਗੀਆਂ ਸੀਟਾਂ ’ਤੇ ਜ਼ਿਆਦਾ ਰਹੇਗਾ। ਭਾਜਪਾ ਇਨ੍ਹਾਂ ਸੀਟਾਂ ’ਤੇ ਵੀ ਪਹਿਲਾਂ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ।

ਭਾਜਪਾ ਜ਼ਿਆਦਾ ਸੀਟਾਂ ’ਤੇ ਕਿਉਂ ਲੜੇਗੀ ਚੋਣ?
ਰਿਪੋਰਟ ’ਚ ਕਿਹਾ ਗਿਆ ਹੈ ਕਿ ਬਿਹਾਰ ਅਤੇ ਮਹਾਰਾਸ਼ਟਰ ’ਚ ਆਪਣੇ ਸਹਿਯੋਗੀਆਂ ਨੂੰ ਗੁਆਉਣ ਤੋਂ ਬਾਅਦ 2022 ’ਚ ਭਾਜਪਾ ਦੀਆਂ ਕਮਜ਼ੋਰ ਸੀਟਾਂ ਦੀ ਗਿਣਤੀ 144 ਤੋਂ ਵਧ ਕੇ 160 ਹੋ ਗਈ ਹੈ। ਬਿਹਾਰ ’ਚ ਜਨਤਾ ਦਲ ਯੂਨਾਈਟਿਡ (ਜੇ. ਡੀ. ਯੂ.) ਨੇ ਭਾਜਪਾ ਨੂੰ ਛੱਡ ਦਿੱਤਾ ਹੈ ਜਦ ਕਿ ਮਹਾਰਾਸ਼ਟਰ ’ਚ ਊਧਵ ਠਾਕਰੇ ਧੜੇ ਦੀ ਸ਼ਿਵ ਸੈਨਾ ਦੇ ਰਾਹ ਭਾਜਪਾ ਤੋਂ ਵੱਖ ਹੋ ਗਏ ਹਨ। ਇਨ੍ਹਾਂ ਸਹਿਯੋਗੀਆਂ ਦੇ ਵੱਖ ਹੋਣ ਕਾਰਨ ਇਹ ਪਹਿਲੀ ਵਾਰ ਹੋਵੇਗਾ ਕਿ ਭਾਜਪਾ ਵੱਧ ਤੋਂ ਵੱਧ ਸੀਟਾਂ ’ਤੇ ਚੋਣ ਲੜੇਗੀ। ਪਾਰਟੀ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਜਦੋਂ ਭਾਜਪਾ ਇੰਨੀ ਵੱਡੀ ਗਿਣਤੀ ’ਚ ਸੀਟਾਂ ’ਤੇ ਚੋਣ ਲੜਨ ਦੀ ਯੋਜਨਾ ਬਣਾ ਰਹੀ ਹੈ ਤਾਂ ਦੋ ਵਾਰ ਰਾਜ ਸਭਾ ਮੈਂਬਰ ਅਤੇ ਕੇਂਦਰੀ ਕੈਬਨਿਟ ਦੇ ਨੇਤਾ ਰਹਿ ਚੁੱਕੇ ਨੇਤਾਵਾਂ ਨੂੰ ਵੀ ਚੋਣਾਂ 'ਚ ਉਤਾਰਿਆ ਜਾ ਸਕਦਾ ਹੈ।

ਨੇਤਾਵਾਂ ਨੂੰ ਭਾਜਪਾ ’ਚ ਸ਼ਾਮਲ ਕਰਨ ਲਈ ਬਣਾਇਆ ਪੈਨਲ
ਰਿਪੋਰਟ ਮੁਤਾਬਕ ਭਾਜਪਾ ਨੇ ਕੌਮੀ ਜਨਰਲ ਸਕੱਤਰ ਵਿਨੋਦ ਤਾਵੜੇ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਬਣਾਈ ਹੈ। ਇਸ ਕਮੇਟੀ ਦਾ ਕੰਮ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋਰ ਲੋਕਾਂ ਨੂੰ ਪਾਰਟੀ ’ਚ ਸ਼ਾਮਲ ਕਰਨ ਬਾਰੇ ਵਿਚਾਰ ਕਰਨਾ ਹੋਵੇਗਾ। ਇਕ ਸੂਤਰ ਨੇ ਦੱਸਿਆ ਕਿ ਇਸ ਕਮੇਟੀ ਦਾ ਕੰਮ ਭਾਜਪਾ ’ਚ ਸ਼ਾਮਲ ਹੋਣ ਦੇ ਚਾਹਵਾਨ ਦੂਜੀਆਂ ਪਾਰਟੀਆਂ ਦੇ ਸੰਸਦ ਮੈਂਬਰਾਂ ਦੀ ਯੋਗਤਾ ’ਤੇ ਵਿਚਾਰ ਕਰਨਾ ਹੋਵੇਗਾ। ਨਾਲ ਹੀ ਅਜਿਹੇ ਆਗੂਆਂ ਨੂੰ ਵੀ ਦੇਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਪਾਰਟੀ ’ਚ ਲਿਆ ਕੇ ਫਾਇਦਾ ਹੋਵੇਗਾ। ਇਕ ਹੋਰ ਜਾਣਕਾਰੀ ਅਨੁਸਾਰ ਰਾਜ ਸਭਾ ਮੈਂਬਰ ਅਤੇ ਭਾਜਪਾ ਦੇ ਕੌਮੀ ਜਨਰਲ ਸਕੱਤਰ ਰਾਧਾਮੋਹਨ ਦਾਸ ਅਗਰਵਾਲ ਨੂੰ ਚੋਣ ਮਨੋਰਥ ਪੱਤਰ ਤਿਆਰ ਕਰਨ ਦਾ ਕੰਮ ਸੌਂਪਿਆ ਗਿਆ ਹੈ।

ਇਹ ਵੀ ਪੜ੍ਹੋ : 6,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਦਾ ਕਾਰਿੰਦਾ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ 

‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha