ਭਾਜਪਾ ਵਿਧਾਇਕ ਨੇ ਗਿਣਾਈਆਂ ਪੰਜਾਬ ਸਰਕਾਰ ਦੀਆਂ ਕਮਜ਼ੋਰੀਆਂ

01/14/2018 12:13:27 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਥਾਨਕ ਇਕ ਰਿਸੋਰਟ 'ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੀ ਬੀ. ਜੇ. ਪੀ ਆਗੂਆਂ ਦੀ ਅਹਿਮ ਮੀਟਿੰਗ ਹੋਈ। ਜਿਸ 'ਚ ਅਬੋਹਰ ਤੋਂ ਬੀ. ਜੇ. ਪੀ ਦੇ ਵਿਧਾਇਕ ਅਰੁਣ ਨਾਰੰਗ ਉਚੇਚੇ ਤੌਰ 'ਤੇ ਪੁੱਜੇ। ਇਸ ਮੀਟਿੰਗ 'ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਮੂਹ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਸਿਰਕਤ ਕੀਤੀ।
ਮੀਟਿੰਗ ਦੀ ਸ਼ੁਰੂਆਤ 'ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਰਜੇਸ਼ ਗੋਰਾ ਪਠੇਲਾ ਨੇ ਮੁੱਖ ਮਹਿਮਾਨ ਸੀ੍ਰ ਅਰੁਣ ਨਾਰੰਗ ਨੂੰ ਜੀ ਆਇਆਂ ਕਿਹਾ ਅਤੇ ਭਾਜਪਾ ਆਗੂਆਂ ਨਾਲ ਜਾਣ ਪਹਿਚਾਣ ਕਰਵਾਈ। ਉਨ੍ਹਾਂ ਦੱਸਿਆ ਕਿ ਅੱਜ ਦੀ ਇਹ ਮੀਟਿੰਗ ਪੰਜਾਬ ਦੀ ਕਾਂਗਰਸ ਸਰਕਾਰ ਦੀਆਂ ਨਕਾਮੀਆਂ ਅਤੇ ਵਾਅਦੇ ਪੂਰੇ ਨਾ ਕਰਨ 'ਤੇ ਸਥਾਨਕ ਆਗੂਆਂ ਦੀ ਰਾਏ ਜਾਨਣ ਲਈ ਰੱਖੀ ਗਈ ਹੈ। ਮੁੱਖ ਮਹਿਮਾਨ ਸ੍ਰੀ ਅਰੁਣ ਨਾਰੰਗ ਨੇ ਪ੍ਰੇੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਦੇ ਬੀਤੇ ਦਸ ਮਹੀਨੇ ਸਭ ਤੋਂ ਮਾੜੀ ਸਰਕਾਰ ਵਜੋਂ ਗੁਜਰੇ ਹਨ। ਉਨ੍ਹਾਂ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਹਰ ਵਰਗ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਜਿਨ੍ਹਾਂ 'ਚ ਕਿਸਾਨ, ਖੇਤ ਮਜ਼ਦੂਰ, ਨੌਜਵਾਨ, ਬਜ਼ੁਰਗ ਆਦਿ ਸ਼ਾਮਿਲ ਹਨ। ਕਿਸਾਨਾਂ ਨੇ ਕੈਪਟਨ ਅਮਰਿੰਦਰ ਸਿੰਘ ਤੇ ਵਿਸਵਾਸ਼ ਕਰਕੇ ਉਸ ਨੂੰ ਮੁੱਖ ਮੰਤਰੀ ਦੀ ਗੱਦੀ ਤੇ ਬੈਠਾਇਆ ਸੀ ਪਰ ਸਰਕਾਰ ਬਣਦਿਆਂ ਕੈਪਟਨ ਸਾਹਿਬ ਨੇ ਅੱਖਾਂ ਫੇਰ ਲਈਆਂ। ਕਿਸਾਨਾਂ ਨੂੰ ਥੋੜੀ ਜਿਹੀ ਰਕਮ ਦੇ ਕੇ ਭੰਬਲ ਭੂਸੇ 'ਚ ਪਾਇਆ ਗਿਆ। ਨੌਜਵਾਨਾਂ ਨੂੰ ਨਾ ਨੌਕਰੀਆਂ ਦਿੱਤੀਆਂ ਹਨ ਅਤੇ ਨਾ ਹੀ ਸਮਾਰਟ ਫੋਨ। ਖੇਤ ਮਜ਼ਦੂਰਾਂ ਦਾ ਕਰਜ਼ਾ ਮੁਆਫ ਵਾਅਦਾ ਠੰਡੇ ਬਸਤੇ 'ਚ ਪਾ ਦਿੱਤਾ। ਬੁਢਾਪਾ ਪੈਨਸ਼ਨ ਵਧਾ ਕੇ ਦੇਣ ਦਾ ਵਾਅਦਾ ਠੁਸ ਹੋ ਗਿਆ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਸਰਕਾਰ ਨੂੰ ਉਨ੍ਹਾਂ ਵੱਲੋਂ ਕੀਤੇ ਵਾਅਦੇ ਯਾਦ ਕਰਾਉਣ ਲਈ ਆਉਣ ਵਾਲੀ 16 ਜਨਵਰੀ ਨੂੰ ਪੰਜਾਬ ਭਰ ਵਿੱਚ ਜ਼ਿਲਾ ਪੱਧਰੀ ਧਰਨੇ ਲਾਏ ਜਾਣਗੇ। ਇਸ ਮੌਕੇ ਜ਼ਿਲਾ ਪ੍ਰਧਾਨ ਰਜੇਸ਼ ਗੋਰਾ ਪਠੇਲਾ ਤੋਂ ਇਲਾਵਾ ਸੰਦੀਪ ਗਿਰਧਰ ਮੰਡਲ ਪ੍ਰਧਾਨ, ਨੀਲਮ ਸ਼ਰਮਾਂ ਸੈਕਟਰੀ ਮਹਿਲਾ ਮੋਰਚਾ ਆਦਿ ਤੋਂ ਇਲਾਵਾ ਵੱਡੀ ਗਿਣਤੀ 'ਚ ਆਗੂ ਅਤੇ ਵਰਕਰ ਹਾਜ਼ਰ ਸਨ।