ਭਾਜਪਾ ਆਗੂ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਪ੍ਰਧਾਨ 'ਤੇ ਜਾਨਲੇਵਾ ਹਮਲਾ

05/30/2019 9:54:39 AM

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) - ਸਕੂਲੀ ਵਿਦਿਆਰਥੀ 'ਤੇ ਜਾਨਲੇਵਾ ਹਮਲ ਦੀ ਖਬਰ ਦੀ ਸਿਆਹੀ ਅਜੇ ਸੁੱਕੀ ਨਹੀਂ ਸੀ ਕਿ ਮੁੜ ਦਿਨ-ਦਿਹਾੜੇ ਭਾਜਪਾ ਦੇ ਸੀਨੀਅਰ ਆਗੂ ਅਤੇ ਕ੍ਰਾਂਤੀਕਾਰੀ ਵਪਾਰ ਮੰਡਲ ਦੇ ਆਗੂ 'ਤੇ ਦੋ ਨਕਾਬਪੋਸ਼ਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਕਾਰਨ ਉਹ ਅਤੇ ਉਨ੍ਹਾਂ ਦੇ ਸਾਥੀ ਗੰਭੀਰ ਰੂਪ 'ਚ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਾਜਪਾ ਦੇ ਜ਼ਿਲਾ ਪ੍ਰਧਾਨ ਨੀਰਜ ਜਿੰਦਲ ਨੇ ਕਿਹਾ ਕਿ ਦੁਪਹਿਰ ਡੇਢ ਵਜੇ ਦੇ ਕਰੀਬ ਮੈਂ ਆਪਣੀ ਕਾਰ 'ਚ ਧੌਲਾ ਤੋਂ ਬਰਨਾਲਾ ਵੱਲ ਆ ਰਿਹਾ ਸੀ। ਹੰਡਿਆਇਆ ਦੇ ਮਾਰੂਤੀ ਸ਼ੋਅਰੂਮ ਕੋਲ ਪਹੁੰਚਣ 'ਤੇ ਪਿਛੋਂ ਆਈ ਇਕ ਗੱਡੀ ਨੇ ਸਾਨੂੰ ਘੇਰ ਲਿਆ, ਜਿਸ ਕਾਰਣ ਸਾਨੂੰ ਆਪਣੀ ਗੱਡੀ ਰੋਕਣੀ ਪਈ। ਉਕਤ ਗੱਡੀ 'ਚੋਂ ਦੋ ਨੌਜਵਾਨ ਨਿਕਲੇ, ਜਿਨ੍ਹਾਂ ਦੇ ਮੂੰਹ ਢਕੇ ਹੋਏ ਤੇ ਹੱਥਾਂ 'ਚ ਬੇਸਬਾਲ ਸਨ। ਉਨ੍ਹਾਂ ਨੇ ਸਾਡੀ ਗੱਡੀ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ ਅਤੇ ਡਰਾਈਵਰ ਸਾਈਡ ਦੇ ਸ਼ੀਸ਼ੇ ਤੋੜ ਕੇ ਮੈਨੂੰ ਗੱਡੀ ਤੋਂ ਬਾਹਰ ਕੱਢ ਲਿਆ ਅਤੇ ਮੇਰੀ ਕੁੱਟ-ਮਾਰ ਕੀਤੀ ਅਤੇ ਬੇਸਬਾਲ-ਰਾਡਾਂ ਨਾਲ ਹਮਲਾ ਕਰ ਦਿੱਤਾ। ਮੇਰੇ ਸਾਥੀ ਹਿਮਾਂਸ਼ੂ 'ਤੇ ਵੀ ਉਨ੍ਹਾਂ ਰਾਡਾਂ ਅਤੇ ਬੇਸਬਾਲ ਨਾਲ ਹਮਲਾ ਕਰ ਦਿੱਤਾ। ਸਾਡੇ ਰੌਲਾ ਪਾਉਣ 'ਤੇ ਆਲੇ-ਦੁਆਲੇ ਦੇ ਲੋਕ ਇਕੱਠੇ ਹੋ ਗਏ। ਜਦੋਂ ਲੋਕਾਂ ਨੇ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਹ ਭੱਜ ਗਏ ਅਤੇ ਲੋਕਾਂ ਸਾਨੂੰ ਇਲਾਜ ਲਈ ਸਿਵਲ ਹਸਪਤਾਲ 'ਚ ਭਰਤੀ ਕਰਵਾਇਆ।

ਭਾਜਪਾ ਆਗੂਆਂ ਨੇ ਕੀਤੀ ਹਮਲੇ ਦੀ ਨਿੰਦਾ
ਭਾਜਪਾ ਦੇ ਆਗੂ ਪ੍ਰਵੀਨ ਬਾਂਸਲ ਸੰਘੇੜਾ, ਨਰਿੰਦਰ ਨੀਟਾ ਨੇ ਭਾਜਪਾ ਦੇ ਜ਼ਿਲਾ ਮੀਤ ਪ੍ਰਧਾਨ ਨੀਰਜ ਜਿੰਦਲ 'ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ ਸ਼ਹਿਰ 'ਚ ਗੁੰਡਾਗਰਦੀ ਬਹੁਤ ਵਧ ਗਈ ਹੈ। ਕੱਲ ਵੀ ਸਕੂਲ ਦੇ ਅੱਗੇ ਇਕ ਵਿਦਿਆਰਥੀ 'ਤੇ ਜਾਨਲੇਵਾ ਹਮਲਾ ਹੋਇਆ ਸੀ ਅੱਜ ਫਿਰ ਤੋਂ ਭਾਜਪਾ ਆਗੂ 'ਤੇ ਜਾਨਲੇਵਾ ਹਮਲਾ ਹੋ ਗਿਆ ਹੈ। ਪ੍ਰਸ਼ਾਸਨ ਇਨ੍ਹਾਂ ਹਮਲਾਵਰਾਂ ਨੂੰ ਫੜਨ ਵਿਚ ਨਾਕਾਮ ਸਿੱਧ ਹੋ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਆਗੂ 'ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਫੌਰੀ ਤੌਰ 'ਤੇ ਗ੍ਰਿਫ਼ਤਾਰ ਕੀਤਾ ਜਾਵੇ। ਜੇਕਰ ਇਨ੍ਹਾਂ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਭਾਜਪਾ ਵੱਲੋਂ ਅੰਦੋਲਨ ਸ਼ੁਰੂ ਕੀਤਾ ਜਾਵੇਗਾ।

rajwinder kaur

This news is Content Editor rajwinder kaur