ਭਾਜਪਾ ਆਗੂ ਦੀ ਥਾਰ ਦਾ ਕਹਿਰ, ਮਹਿਲਾ ਸਣੇ ਤਿੰਨ ਨੂੰ ਦਰੜਿਆ

12/01/2019 2:33:05 PM

ਗੜ੍ਹਸ਼ੰਕਰ (ਸ਼ੋਰੀ) : ਇੱਥੋਂ ਦੇ ਨੰਗਲ ਰੋਡ 'ਤੇ ਬੀਤੀ ਸ਼ਾਮ ਇਕ ਤੇਜ਼ ਰਫਤਾਰ ਥਾਰ ਜੀਪ ਨੇ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਅਤੇ ਇਕ ਮਹਿਲਾ ਨੂੰ ਬੁਰੀ ਤਰ੍ਹਾਂ ਦਰੜ ਦਿੱਤਾ, ਜਿਸ ਵਿਚ ਤਿੰਨਾਂ ਨੂੰ ਗੰਭੀਰ ਸੱਟਾਂ ਲੱਗੀਆਂ। ਜੀਪ ਚਾਲਕ ਨੇ ਗੱਡੀ ਰੋਕਣ ਦੀ ਬਜਾਏ ਘਟਨਾ ਸਥਾਨ ਤੋਂ ਜੀਪ ਭਜਾ ਲਈ ਅਤੇ ਇਸ ਟੱਕਰ ਕਾਰਨ ਜੀਪ ਦਾ ਇਕ ਟਾਇਰ ਵੀ ਫੱਟ ਗਿਆ, ਬਿਨਾਂ ਟਾਇਰ ਦੇ ਚਾਲਕ ਜੀਪ ਨੂੰ ਕਰੀਬ 400 ਮੀਟਰ ਤੱਕ ਭਜਾਉਂਦਾ ਰਿਹਾ। ਇਸ ਦੌਰਾਨ ਲੋਕਾਂ ਨੇ ਪਿੱਛਾ ਕਰਕੇ ਜਦੋਂ ਜੀਪ ਨੂੰ ਪਹਾੜੀ ਇਲਾਕੇ ਵਿਚ ਘੇਰ ਲਿਆ ਤਾਂ ਚਾਲਕ ਚਲਾਕੀ ਨਾਲ ਮੌਕੇ ਤੋਂ ਫਰਾਰ ਹੋ ਗਿਆ। 

ਇਹ ਥਾਰ ਜੀਪ ਐੱਚ. ਪੀ. 72 ਸੀ. 0555 ਜੋ ਕਿ ਗੜ੍ਹਸ਼ੰਕਰ ਤੋਂ ਨੰਗਲ ਵੱਲ ਜਾ ਰਹੀ ਸੀ ਕਿ ਤੇਜ਼ ਰਫਤਾਰ ਕਾਰਨ ਇਸ ਦੀ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜੀਪ ਦੇ ਅੱਗੇ ਲੱਗੀ ਪਲੇਟ ਤੇ ਪ੍ਰਧਾਨ ਟਾਹਲੀਵਾਲ, ਜ਼ਿਲਾ ਊਨਾ ਆਲ ਟਰੱਕ ਯੂਨੀਅਨ, ਜਸਵਿੰਦਰ ਸਿੰਘ ਬਿੱਲੂ, ਬੀ.ਜੇ.ਪੀ. (ਹਰੋਲੀ) ਲਿਖਿਆ ਹੋਇਆ ਸੀ ।

ਮੋਟਰ ਸਾਈਕਲ ਤੇ ਸਵਾਰ ਰਜਿੰਦਰ ਕੌਰ ਪਤਨੀ ਦਿਲਬਾਗ ਸਿੰਘ, ਸ਼ਾਹਪੁਰ ਅਤੇ ਹੈਪੀ ਪੁੱਤਰ ਜੀਵਨ ਕੁਮਾਰ ਅਤੇ ਵਿਸ਼ਾਲ ਪੁੱਤਰ ਪਰਮਜੀਤ ਸਿੰਘ ਬੀਨੇਵਾਲ (ਗੜ੍ਹਸ਼ੰਕਰ) ਨਾਲ ਵਿਆਹ ਤੋਂ ਵਾਪਸ ਆ ਰਹੇ ਸੀ। ਤਿੰਨਾਂ ਦੀ ਹਾਲਤ ਬਹੁਤ ਨਾਜ਼ੁਕ ਦੱਸੀ ਜਾ ਰਹੀ ਸੀ। ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਮਾਮਲੇ ਦੀ ਤਫਤੀਸ਼ ਕਰ ਰਹੀ ਹੈ ਅਤੇ ਜੀਪ ਚਾਲਕ ਨੂੰ ਗ੍ਰਿਫਤਾਰ ਕਰਨ ਲਈ ਹਿਮਾਚਲ ਵਿਚ ਛਾਪੇਮਾਰੀ ਕੀਤੀ ਜਾਵੇਗੀ।

Gurminder Singh

This news is Content Editor Gurminder Singh