ਭਾਜਪਾ ਦੇ ਕਾਰਜਕਾਰਨੀ ਮੈਂਬਰ ਨੂੰ ਲਸ਼ਕਰ-ਏ-ਖਾਲਸਾ ਤੋਂ ਮਿਲੀਆਂ ਜਾਨੋਂ ਮਾਰਨ ਦੀਆਂ ਧਮਕੀਆਂ

01/07/2023 8:38:29 PM

ਅੰਮ੍ਰਿਤਸਰ (ਵਾਲੀਆ) : ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰਨੀ ਮੈਂਬਰ ਵਿਪਨ ਨਈਅਰ ਨੇ ਇੰਡੀਆ ਗੇਟ ਸਥਿਤ ਆਪਣੇ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਿਛਲੇ ਕੁਝ ਦਿਨਾਂ ਤੋਂ ਵਟ੍ਹਸਐਪ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਹ ਧਮਕੀ ਉਸ ਨੂੰ ਸੰਦੀਪ ਸਿੰਘ ਖਾਲਿਸਤਾਨੀ ਦੇ ਨਾਂ ’ਤੇ ਵਟ੍ਹਸਐਪ ਨੰਬਰ ’ਤੇ ਦਿੱਤੀ ਗਈ ਹੈ। ਉਹ ਆਪਣੇ ਆਪ ਨੂੰ ਲਸ਼ਕਰ-ਏ-ਖਾਲਸਾ ਦਾ ਬੁਲਾਰਾ ਦੱਸਦਾ ਹੈ। ਉਸ ਨੇ ਕਿਹਾ ਕਿ ਪਹਿਲਾਂ ਇਹ ਕਾਲਾਂ ਵਿਦੇਸ਼ੀ ਨੰਬਰਾਂ ਤੋਂ ਆਉਂਦੀਆਂ ਸਨ, ਪਰ ਹੁਣ ਉਸ ਨੂੰ ਲੋਕਲ ਨੰਬਰਾਂ ਤੋਂ ਵੀ ਇਹ ਧਮਕੀਆਂ ਮਿਲਣ ਲੱਗ ਪਈਆਂ ਹਨ ਕਿ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।

ਉਸ ਸੰਦੇਸ਼ ਵਿਚ ਭਾਜਪਾ ਅਤੇ ਆਰ. ਐੱਸ. ਐੱਸ. ਆਗੂਆਂ ਦੇ ਨਾਲ-ਨਾਲ ਫੌਜ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਖਾਲਿਸਤਾਨ ਜ਼ਿੰਦਾਬਾਦ ਕਹਿਣ ਦੀ ਗੱਲ ਕਹੀ ਗਈ ਸੀ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਉਸ ਨੂੰ ਵੀਡੀਓ ਕਾਲ ਕਰ ਕੇ ਗੋਲੀ ਮਾਰਨ ਦੀਆਂ ਧਮਕੀਆਂ ਵੀ ਦੇ ਰਿਹਾ ਹੈ, ਜਿਸ ਦੀ ਸਾਰੀ ਆਡੀਓ, ਵੀਡੀਓ ਅਤੇ ਕਈ ਮੈਸੇਜ ਸਬੂਤ ਵਜੋਂ ਮੌਜੂਦ ਹਨ। ਨਈਅਰ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਦਾ ਮਨੋਬਲ ਤੋੜਨ ਲਈ ਇਨ੍ਹਾਂ ਲੋਕਾਂ ਵੱਲੋਂ ਸਾਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਉਨ੍ਹਾਂ ਕਿਹਾ ਕਿ ਇਸ ਦੀ ਸ਼ਿਕਾਇਤ ਅੰਮ੍ਰਿਤਸਰ ਪੁਲਸ ਨੂੰ ਕੀਤੀ ਗਈ ਹੈ।

Mandeep Singh

This news is Content Editor Mandeep Singh