ਸੁਖਬੀਰ ਦੇ ਭਾਸ਼ਣ ਮੌਕੇ ਖਾਲੀ ਹੋਈਆਂ ਕੁਰਸੀਆਂ, ਚੋਣ ਜ਼ਾਬਤੇ ਦੀ ਉਲੰਘਣਾ

09/27/2017 1:35:06 PM

ਗੁਰਦਾਸਪੁਰ(ਰਮਨਦੀਪ ਸੋਢੀ)— ਇਹ ਦ੍ਰਿਸ਼ ਗੁਰਦਾਸਪੁਰ ਜ਼ਿਮਨੀ ਚੋਣ ਲੜ ਰਹੇ ਭਾਜਪਾ ਉਮੀਦਵਾਰ ਸਵਰਣ ਸਲਾਰੀਆ ਦੇ ਹੱਕ 'ਚ ਕੀਤੀ ਗਈ ਚੋਣ ਰੈਲੀ ਦੇ ਹਨ, ਜਿੱਥੇ ਜ਼ਿਆਦਾਤਰ ਕੁਰਸੀਆਂ ਖਾਲੀ ਹੀ ਨਜ਼ਰ ਆਈਆਂ। ਦੱਸਣਯੋਗ ਹੈ ਕਿ ਰੈਲੀ 'ਚ ਚੋਣ ਪ੍ਰਚਾਰ ਲਈ ਭਾਜਪਾ ਆਗੂਆਂ ਤੋਂ ਇਲਾਵਾ ਭਾਈਵਾਲ ਪਾਰਟੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਪਹੁੰਚੀ। ਪਰ ਇਸ ਦੇ ਬਾਵਜੂਦ ਰੈਲੀ 'ਚ ਬਹੁਤੀਆਂ ਕੁਰਸੀਆਂ, ਖਾਲੀ ਹੀ ਰਹਿ ਗਈਆਂ। ਹੈਰਾਨੀ ਤਾਂ ਉਦੋਂ ਹੋਈ ਜਦੋਂ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਟੇਜ ਤੋਂ ਬੋਲਣਾ ਸ਼ੁਰੂ ਕੀਤਾ। ਸੁਖਬੀਰ ਦੇ ਭਾਸ਼ਣ ਦੌਰਾਨ ਪੰਡਾਲ 'ਚ ਲੱਗੀਆਂ ਲਗਭਗ ਅੱਧੀਆਂ ਕੁਰਸੀਆਂ ਖਾਲੀ ਹੋ ਗਈਆਂ, ਜੋ ਕਿਤੇ ਨਾ ਕਿਤੇ ਅਕਾਲੀਆਂ ਪ੍ਰਤੀ ਜਨਤਾ ਦੇ ਭੰਗ ਹੋ ਚੁੱਕੇ ਮੋਹ ਦੀ ਗਵਾਹੀ ਭਰਦੀਆਂ ਦਿਸੀਆਂ।  ਟਾਂਵੀਆਂ-ਵਾਂਟੀਆਂ ਕੁਰਸੀਆਂ 'ਤੇ ਹੀ ਅਕਾਲੀ-ਭਾਜਪਾ ਵਰਕਰ ਬਿਰਾਜਮਾਨ ਦੇਖੇ ਗਏ। ਇੰਨਾ ਹੀ ਨਹੀਂ, ਅਕਾਲੀ ਦਲ ਅਤੇ ਭਾਜਪਾ ਦੇ ਝੰਡੇ ਵੀ ਜ਼ਮੀਨ 'ਤੇ ਰੁਲਦੇ ਰਹੇ।  
ਤੁਹਾਨੂੰ ਦੱਸ ਦਈਏ ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਭਾਜਪਾ ਦੀ ਕਿਸੇ ਰੈਲੀ 'ਚ ਖਾਲੀ ਕੁਰਸੀਆਂ ਦੇਖਣ ਨੂੰ ਮਿਲੀਆਂ ਹੋਣ। ਕੁਝ ਇਸੇ ਤਰ੍ਹਾਂ ਦਾ ਹੀ ਨਜ਼ਾਰਾ, ਵਿਧਾਨਸਭਾ ਚੋਣਾਂ ਤੋਂ ਪਹਿਲਾਂ ਫਾਜ਼ਿਲਕਾ 'ਚ ਭਾਜਪਾ ਦੇ ਇਕ ਸਮਾਗਮ 'ਚ ਵੀ ਵੇਖਣ ਨੂੰ ਮਿਲਿਆ ਸੀ। ਆਖਿਰ ਲੋਕ ਕਿਉਂ ਨਾਰਾਜ਼ ਹਨ, ਇਹ ਤਾਂ ਸ਼ਾਇਦ ਸੁਖਬੀਰ ਸਾਬ੍ਹ ਹੀ ਦੱਸ ਸਕਦੇ ਨੇ ਪਰ ਇਸ ਰੈਲੀ ਨੇ ਲੋਕਾਂ ਦੇ ਮਨ ਦੀ ਗੱਲ ਨੂੰ ਕਿਤੇ ਨਾ ਕਿਤੇ ਜ਼ਾਹਰ ਕਰ ਦਿੱਤਾ ਹੈ।
ਸੁਖਬੀਰ ਨੇ ਕੀਤੀ ਚੋਣ ਜ਼ਾਬਤੇ ਦੀ ਉਲੰਘਣਾ
ਦੂਜੇ ਪਾਸੇ ਰੈਲੀ ਨੂੰ ਸੰਬੋਧਨ ਦੌਰਾਨ ਸੁਖਬੀਰ ਬਾਦਲ ਨੇ ਆਪਣੇ ਭਾਸ਼ਣ 'ਚ ਨੌ ਹਜ਼ਾਰ ਨੌਜਵਾਨਾਂ ਨੂੰ ਨੌਕਰੀਆਂ ਦੇਣ ਦਾ ਵਾਅਦਾ ਕਰਕੇ ਚੋਣ ਜ਼ਾਬਤੇ ਦੀ ਉਲੰਘਣਾ ਕਰ ਦਿੱਤੀ। ਸੁਖਬੀਰ ਬਾਦਲ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਹਰ ਘਰ ਵਿਚ ਨੌਕਰੀ ਦੇਣ ਦਾ ਲਿਖਤ ਵਾਅਦਾ ਕੀਤਾ ਸੀ, ਜਿਸ ਨੂੰ ਹੁਣ ਭੁਲਾ ਦਿੱਤਾ ਗਿਆ ਹੈ। ਭਾਜਪਾ ਉਮੀਦਵਾਰ ਸਵਰਨ ਸਲਾਰੀਆ ਮੁੰਬਈ ਵਿਚ ਸਕਿਓਰਿਟੀ ਕੰਪਨੀ ਚਲਾਉਂਦੇ ਹਨ। ਇਸ ਵਿਚ 65 ਹਜ਼ਾਰ ਲੋਕ ਨੌਕਰੀ ਕਰ ਰਹੇ ਹਨ।
ਉਨ੍ਹਾਂ ਕਿਹਾ ਕਿ ਜੇ ਸਲਾਰੀਆ ਜਿੱਤਦੇ ਹਨ ਤਾਂ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਖੇਤਰਾਂ 'ਚ ਇਕ-ਇਕ ਹਜ਼ਾਰ ਨੌਜਵਾਨਾਂ ਨੂੰ ਨੌਕਰੀ ਦੇਣਗੇ। ਕਿਸੇ ਪਾਰਟੀ ਦੇ ਆਗੂ ਵਲੋਂ ਅਜਿਹੇ ਐਲਾਨ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਿਆ ਜਾਂਦਾ ਹੈ। ਉਧਰ ਚੋਣ ਕਮਿਸ਼ਨ ਨੇ ਇਸ ਮਾਮਲੇ 'ਤੇ ਨੋਟਿਸ ਲੈਂਦਿਆਂ ਜਾਂਚ ਕਰਨ ਦੀ ਗੱਲ ਆਖੀ ਹੈ।