ਭਾਜਪਾ ਹੀ ਦੇਸ਼ ’ਚ ਅਸਲ ਟੁਕੜੇ ਟੁਕੜੇ ਗੈਂਗ : ਸੁਖਬੀਰ ਬਾਦਲ

12/15/2020 11:54:53 PM

ਚੰਡੀਗੜ੍ਹ/ਬਠਿੰਡਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਭਾਜਪਾ ਹੀ ਦੇਸ਼ ਵਿਚ ਅਸਲ ‘ਟੁਕੜੇ ਟੁਕੜੇ’ ਗੈਂਗ ਹੈ ਤੇ ਇਹ ਦੇਸ਼ ਵਿਚ ਇਕ ਭਾਈਚਾਰੇ ਨੁੰ ਦੂਜੇ ਖਿਲਾਫ ਕਰ ਕੇ ਦੇਸ਼ ਨੂੰ ਟੁਕੜਿਆਂ ਵਿਚ ਵੰਡਣਾ ਚਾਹੁੰਦੀ ਹੈ। ਇਸਦੀ ਸੱਤਾ ਲਈ ਲਾਲਸਾ ਇੰਨੀ ਜ਼ਿਆਦਾ ਹੈ ਕਿ ਇਸਨੂੰ ਫਿਰਕੂ ਧਰੁਵੀਕਰਨ ਦਾ ਰਾਹ ਫੜਨ ਅਤੇ ਦੇਸ਼ ਨੂੰ ਫਿਰਕੂ ਅੱਗ ਵਿਚ ਝੋਕਣ ਵਿਚ ਕੋਈ ਹਿਚਕਿਚਾਹਟ ਨਹੀਂ ਹੈ।
ਬਠਿੰਡਾ ਵਿਚ ਅੱਜ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੈ ਕਿਹਾ ਕਿ ਭਾਜਪਾ ਨੇ ਪਹਿਲਾਂ ਹਿੰਦੂਆਂ ਨੂੰ ਮੁਸਲਮਾਨਾਂ ਦੇ ਖਿਲਾਫ ਕੀਤਾ। ਹੁਣ ਇਹ ਮੁੜ ਇਹੀ ਮਾੜੀ ਖੇਡ ਖੇਡ ਕੇ ਪੰਜਾਬ ਵਿਚ ਅਜਿਹਾ ਹੀ ਦੁਖਾਂਤ ਮੁੜ ਦੁਹਰਾਉਣਾ ਚਾਹੁੰਦੀ ਹੈ। ਇਹ ਪੰਜਾਬ ਵਿਚ ਸਾਡੇ ਸ਼ਾਂਤੀਪਸੰਦ ਹਿੰਦੂ ਭਰਾਵਾਂ ਨੂੰ ਸਿੱਖਾਂ ਦੇ ਖਿਲਾਫ ਕਰਨਾ ਚਾਹੁੰਦੀ ਹੈ ਜਦਕਿ ਇਹਨਾਂ ਦਰਮਿਆਨ ਸਦੀਆਂ ਤੋਂ ਖੂਨ ਦੇ ਮਜ਼ਬੂਤ ਰਿਸ਼ਤੇ ਰਹੇ ਹਨ। ਭਾਜਪਾ ਇਹਨਾਂ ਰਿਸ਼ਤਿਆਂ ਨੂੰ ਖੂਨਖਰਾਬੇ ਵਿਚ ਬਦਲਣਾ ਚਾਹੁੰਦੀ ਹੈ।
ਉਹਨਾਂ ਕਿਹਾ ਕਿ ਭਾਜਪਾ ਸਿਰਫ ਆਪਣੇ ਸੌੜੇ ਸਿਆਸੀ ਟੀਚਿਆਂ ਦੀ ਪੂਰਤੀ ਵਾਸਤੇ ਬਹੁਤ ਮਿਹਨਤ ਨਾਲ ਕਮਾਏ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਸਾਬੋਤਾਜ ਕਰਨ ਲਈ ਖਤਰਨਾਕ ਸਾਜ਼ਿਸ਼ਾਂ ਰਚ ਰਹੀ ਹੈ। ਇਹ ਧਰਮ ਦੇ ਨਾਂ ’ਤੇ ਨਫ਼ਰਤ ਫੈਲਾ ਕੇ ਦੇਸ਼ ਅਤੇ ਇਸਦੇ ਲੋਕਾਂ ਨੂੰ ਆਪਸ ਵਿਚ ਵੰਡ ਰਹੀ ਹੈ।
ਚਲ ਰਹੇ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਸਿਰਫ ਭਾਜਪਾ ਨੂੰ ਛੱਡ ਕੇ ਸਾਰਾ ਦੇਸ਼ ਹੀ ਸਾਡੇ ਦੇਸ਼ ਭਗਤ ਕਿਸਾਨਾਂ ਤੇ ਸੈਨਿਕਾਂ ਪ੍ਰਤੀ ਸਾਡੇ ਕਰਜ਼ੇ ਨੂੰ ਚੰਗੀ ਤਰ੍ਹਾਂ ਸਮਝਦਾ ਤੇ ਜਾਣਦਾ ਹੈ। ਭਾਜਪਾ ਲੋਕਾਂ ਨੂੰ ਭੜਕਾ ਕੇ ਆਖ ਰਹੀ ਹੈ ਕਿ ਅਜਿਹਾ ਕੋਈ ਕਰਜ਼ਾ ਨਹੀਂ ਹੈ। ਇਸਦਾ ਮੰਨਣਾ ਹੈ ਕਿ ਕਿਸਾਨਾਂ ਦੀ ਸ਼ਹਾਦਤ ਦਾ ਭਾਵਨਾਤਮਕ ਤੌਰ ’ਤੇ ਫਾਇਦਾ ਲਿਆ ਜਾ ਸਕਦਾ ਹੈ  ਪਰ ਇਹ ਇਹਨਾਂ ਪ੍ਰਤੀ ਇੰਨੀ ਨਾਸ਼ੁਕਰੀ ਹੈ ਕਿ ਕਿਸਾਨਾਂ ਨੂੰ ਦੇਸ਼ ਵਿਰੋਧੀ ਕਰਾਰ ਦੇ ਰਹੀ ਹੈ। ਅੱਜ ਇਹ ਕਿਸਾਨ ਹਨ। ਕੋਈ ਨਹੀਂ ਜਾਣਦਾ ਹੈ ਕਿ ਕੱਲ੍ਹ ਨੂੰ ਭਾਜਪਾ ਨੂੰ ਜੇਕਰ ਇਹ ਫਿੱਟ ਬੈਠੇ ਤਾਂ ਉਹ ਸਾਡੇ ਫੌਜੀਆਂ ਨੂੰ ਵੀ ਦੇਸ਼ ਵਿਰੋਧੀ ਕਰਾਰ ਦੇਣਾ ਸ਼ੁਰੂ ਕਰ ਦੇਵੇ।  ਕਿਸਾਨਾਂ ਵਿਚ ਭਾਜਪਾ ਪ੍ਰਤੀ ਰੋਹ ਅਤੇ ਗੁੱਸਾ ਹੈ ਨਾ ਕਿ ਦੇਸ਼ ਜਾਂ ਸਰਕਾਰ ਦੇ ਖਿਲਾਫ।
ਚੰਡੀਗੜ੍ਹ ਵਿਚ ਪਾਰਟੀ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾਇਹ ਆਪਣਾ ਕੌਮੀ ਫਰਜ਼ ਸਮਝਦਾ ਹੈ ਕਿ ਉਹ ਦੇਸ਼ ਦੇ ਲੋਕਾਂ ਨੂੰ ਭਾਜਪਾ ਦੀਆਂ ਤਰਲੋ ਮੱਛੀ ਹੋਣ ਵਾਲੀਆਂ ਤੇ ਤਬਾਹਕੁੰਨ ਖੇਡਾਂ ਤੋਂ ਜਾਣੂ ਕਰਵਾ ਸਕੇ।
ਪਾਰਟੀ ਸੱਤਾ ਦੀ ਲਾਲਚੀ ਹੈ ਤੇ ਇਸਨੂੰ ਪੰਜਾਬੀਆਂ ਨੂੰ ਇਕ ਦੂਜੇ ਦੇ ਖੂਨ ਦੇ ਪਿਆਸੇ ਬਣਾਉਣ ਅਤੇ ਏਕਤਾ ਤੇ ਆਪਸੀ ਪਿਆਰ ਦਾ ਚੋਲਾ ਜੋ ਸਾਨੂੰ ਸਾਡੇ ਗੁਰੂ ਸਾਹਿਬਾਨ ਅਤੇ ਕਬੀਰ ਸਾਹਿਬ, ਬਾਬਾ ਫਰੀਦ ਜੀ, ਜੈਦੇਵ ਜੀ,  ਭਗਤ ਨਾਮਦੇਵ ਜੀ ਅਤੇ ਹੋਰਨਾਂ ਮਹਾਨ ਸੰਤਾਂ ਫਕੀਰਾਂ ਨੇ ਦਿੱਤਾ।
ਸ੍ਰੀ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਹੈਰਾਨੀਜਨਕ ਤੇ ਨਾ ਮੰਨੇ ਜਾਣ ਵਾਲੀ ਗੱਲ ਹੈ ਕਿ ਜੋ ਪਾਰਟੀ ਭਾਰਤ ਦੇ ਵਿਰਸੇਵਿਚ ਆਪਣਾ ਮਾਣ ਮਹਿਸੂਸ ਕਰਦੀ ਹੈ, ਅੱਜ ਉਸੇ ਵਿਰਸੇ ਦੇ ਆਧਾਰ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਇਸੇ ਵਿਰਸੇ ਨੇ ਸਾਰੀ ਦੁਨੀਆਂ ਨੂੰ ਸ਼ਾਂਤੀ, ਫਿਰਕੂ ਸਦਭਾਵਨਾ ਤੇ ਮਨੁੱਖੀ ਭਾਈਚਾਰੇ ਦਾ ਰਾਹ ਵਿਖਾਇਆ ਹੈ।  ਪਰ ਭਾਜਪਾ ਇਸਦੇ ਵਿਰਸੇ ਨੂੰ ਤਬਾਹ ਕਰ ਰਹੀ ਹੈ ਤੇ ਮਿਹਨਤ ਨਾਲ ਕਮਾਏ ਸ਼ਾਂਤੀ ਤੇ ਫਿਰਕੂ ਸਦਭਾਵਨਾ ਦੇ ਮਾਹੌਲ ਨੂੰ ਖਰਾਬ ਕਰ ਰਹੀ ਹੈ।

Bharat Thapa

This news is Content Editor Bharat Thapa