ਭਾਜਪਾ ਸੰਗਰੂਰ ਇਲਾਕੇ ’ਚ ਇਕ ਪੀ. ਜੀ. ਆਈ. ਹਸਪਤਾਲ ਬਣਾਵੇਗੀ : ਸ਼ੇਖਾਵਤ

06/19/2022 1:46:54 PM

ਬਰਨਾਲਾ, 18 ਜੂਨ (ਵਿਵੇਕ ਸਿੰਧਵਾਨੀ, ਰਵੀ):  ‘‘ਪੰਜਾਬ ਇਕ ਸਰਹੱਦੀ ਸੂਬਾ ਹੈ। ਇਥੇ ਇਕ ਜ਼ਿੰਮੇਵਾਰ ਸਰਕਾਰ ਦੀ ਜ਼ਰੂਰਤ ਸੀ ਪਰ ਪੰਜਾਬ ਦੀ ‘ਆਪ’ ਪਾਰਟੀ ਦੀ ਸਰਕਾਰ ’ਚ ਕਾਨੂੰਨੀ ਵਿਵਸਥਾ ਵਿਗੜ ਗਈ ਹੈ।’’ ਇਹ ਸ਼ਬਦ ਕੇਂਦਰੀ ਮੰਤਰੀ ਗਜਿੰਦਰ ਸ਼ੇਖਾਵਤ ਨੇ ਭਾਜਪਾ ਦੇ ਸੰਗਰੂਰ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ। ਇਸੇ ਦੌਰਾਨ ਭਾਜਪਾ ਨੇ ਸੰਗਰੂਰ ਲੋਕ ਸਭਾ ਸੀਟ 'ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਆਪਣਾ ਘੋਸ਼ਨਾ ਪੱਤਰ ਜਾਰੀ ਕਰ ਦਿੱਤਾ ਹੈ। ਇਸ ਮੌਕੇ ਸ਼ੇਖਾਵਤ ਨੇ ਕਿਹਾ ਕਿ ਪੰਜਾਬ ’ਚ ਇਕ ਅਜਿਹੀ ਸਰਕਾਰ ਦੀ ਜ਼ਰੂਰਤ ਸੀ, ਜੋ ਕਿ ਪੰਜਾਬ ਦੀ ਅਰਥ-ਵਿਵਸਥਾ ਨੂੰ ਮਜ਼ਬੂਤ ਕਰ ਸਕੇ ਪਰ ‘ਆਪ’ ਨੇ ਪੰਜਾਬ ਦੇ ਲੋਕਾਂ ਨੂੰ ਧੋਖਾ ਦਿੱਤਾ ਅਤੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕੀਤੇ ਗਏ, ਜਿਨ੍ਹਾਂ ਨੂੰ ਪੂਰਾ ਕਰਨਾ ਸੰਭਵ ਨਹੀਂ ਸੀ ਕਿਉਂਕਿ ਪੰਜਾਬ ਦੀ ਅਰਥ-ਵਿਵਸਥਾ ਖਰਾਬ ਹੈ।

ਇਹ ਵੀ ਪੜ੍ਹੋ- ਸੰਗਰੂਰ ਲੋਕ ਸਭਾ ਸੀਟ 20 ਸਾਲਾਂ 'ਚ ਸਿਰਫ਼ ਇਕ ਵਾਰ ਹੀ ਸਰਕਾਰੀ ਉਮੀਦਵਾਰ ਨੇ ਕੀਤੀ ਹੈ ਜਿੱਤ ਹਾਸਲ

ਸੰਗਰੂਰ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ ਹਨ, ਜੋ ਕਿ ਖੁਦ ਇਕ ਚੰਗੇ ਉਦਯੋਗਪਤੀ ਹਨ ਅਤੇ ਪੰਜਾਬ ’ਚ ਉਨ੍ਹਾਂ ਨੇ ਫੂਡ ਐਗਰੀਕਲਚਰ ਨੂੰ ਹੁਲਾਰਾ ਦਿੱਤਾ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕ ਸਭਾ ਸੀਟ ਜੇਕਰ ਢਿੱਲੋਂ ਜਿੱਤ ਜਾਂਦੇ ਹਨ ਤਾਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਸੰਗਰੂਰ 'ਚ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਕਾਰਗੋ ਸੈਂਟਰ ਸਥਾਪਤ ਕੀਤਾ ਜਾਵੇਗਾ ਜਿਸ ਨਾਲ ਇਲਾਕੇ 'ਚ ਪੈਦਾ ਕਰਨ ਵਾਲੀ ਸਬਜ਼ੀਆਂ ਅਤੇ ਹੋਰ ਉਤਪਾਦਾਂ ਨੂੰ ਪੂਰੀ ਦੁਨੀਆ ਤੱਕ ਪਹੁੰਚਾਇਆ ਜਾ ਸਕੇਗਾ। ਸ਼ੇਖਾਵਤ ਨੇ ਕਿਹਾ ਕਿ ਭਾਜਪਾ ਸੰਗਰੂਰ ਇਲਾਕੇ ’ਚ ਇਕ ਪੀ. ਜੀ. ਆਈ. ਹਸਪਤਾਲ ਬਣਾਵੇਗੀ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਬਾਹਰ ਇਲਾਜ ਲਈ ਨਾ ਜਾਣਾ ਪਵੇ। ਇਲਾਕੇ ਦੇ ਵੱਖ-ਵੱਖ ਹਿੱਸਿਆਂ ’ਚ ਰੋਜ਼ਗਾਰ ਪੈਦਾ ਕਰਨ ਲਈ ਇੰਡਸਟਰੀ ਲਿਆਂਦੀ ਜਾਵੇਗੀ |

ਇਹ ਵੀ ਪੜ੍ਹੋ- ਪੰਜਾਬ ਦੇ ਵਪਾਰੀਆਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ, ਸ਼ੁਰੂ ਕੀਤੀ ਜਾਵੇਗੀ ਇਹ ਯੋਜਨਾ

ਇਸ ਮੌਕੇ ਭਾਜਪਾ ਦੇ ਉਮੀਦਵਾਰ ਕੇਵਲ ਸਿੰਘ ਢਿੱਲੋਂ, ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਹਰਜੀਤ ਸਿੰਘ ਗਰੇਵਾਲ, ਸਰੂਪ ਚੰਦ ਸਿੰਗਲਾ, ਧੀਰਜ ਦੱਧਾਹੂਰ, ਭਾਜਪਾ ਦੇ ਜ਼ਿਲਾ ਪ੍ਰਧਾਨ ਯਾਦਵਿੰਦਰ ਸ਼ੰਟੀ, ਨਰਿੰਦਰ ਗਰਗ ਨੀਟਾ, ਸੋਹਣ ਮਿੱਤਲ, ਪ੍ਰਵੀਨ ਬਾਂਸਲ ਸੰਘੇੜਾ, ਸੁਖਵੰਤ ਧਨੌਲਾ ਆਦਿ ਤੋਂ ਇਲਾਵਾ ਭਾਰੀ ਗਿਣਤੀ ’ਚ ਭਾਜਪਾ ਆਗੂ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।

Gurminder Singh

This news is Content Editor Gurminder Singh