ਬਿੱਟਾ ਨੇ ਵਿਦਿਆਰਥੀਆਂ ਨੂੰ ਅੱਤਵਾਦ ਖਿਲਾਫ ਸਹੁੰ ਦਿਵਾਈ

11/20/2017 6:49:33 AM

ਜਲੰਧਰ (ਧਵਨ) - ਅੱਤਵਾਦ ਵਿਰੋਧੀ ਫਰੰਟ ਦੇ ਰਾਸ਼ਟਰੀ ਕਨਵੀਨਰ ਮਨਿੰਦਰਜੀਤ ਸਿੰਘ ਬਿੱਟਾ ਨੇ ਵਿੰ੍ਰਦਾਵਨ 'ਚ ਸ਼੍ਰੀ ਕ੍ਰਿਸ਼ਨ ਬਾਲ ਮੇਲਾ 2017 ਦਾ ਸ਼ੁੱਭ ਆਰੰਭ ਕਰਦੇ ਹੋਏ ਕਿਹਾ ਹੈ ਕਿ ਦੇਸ਼ 'ਚ ਅੱਤਵਾਦ ਦੀ ਸਮੱਸਿਆ ਹੋਰ ਗੰਭੀਰ ਹੁੰਦੀ ਜਾ ਰਹੀ ਹੈ। ਉਨ੍ਹਾਂ ਇਸ ਮੌਕੇ ਵਿਦਿਆਰਥੀਆਂ ਨੂੰ ਅੱਤਵਾਦ ਖਿਲਾਫ ਸਹੁੰ ਦਿਵਾਉਂਦੇ ਹੋਏ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਅੱਤਵਾਦੀਆਂ ਦੀਆਂ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਵਿਦਿਆਰਥੀਆਂ ਨੂੰ ਭਾਰਤੀ ਫੌਜ 'ਚ ਸ਼ਾਮਲ ਹੋਣਾ ਚਾਹੀਦਾ ਹੈ। ਵਿੰ੍ਰਦਾਵਨ 'ਚ ਸ਼੍ਰੀ ਕ੍ਰਿਸ਼ਨ ਬਾਲ ਮੇਲੇ 'ਚ ਭਾਰੀ ਗਿਣਤੀ 'ਚ ਵਿਦਿਆਰਥੀਆਂ ਨੇ ਹਿੱਸਾ ਲਿਆ।
ਬਿੱਟਾ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਅੱਤਵਾਦ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਉੱਤਰ ਪੂਰਬੀ ਰਾਜਾਂ 'ਚ ਨਕਸਲਵਾਦ ਸਿਰ ਚੁੱਕ ਰਿਹਾ ਹੈ। ਉਨ੍ਹਾਂ ਨੇ ਪੰਜਾਬ ਪੁਲਸ ਵਲੋਂ ਹਾਲ ਹੀ 'ਚ ਅਪਰਾਧਿਕ ਗੈਂਗਾਂ ਨੂੰ ਫੜਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਨਾਲ ਜਨਤਾ ਦਾ ਭਰੋਸਾ ਪੰਜਾਬ ਪੁਲਸ 'ਚ ਫਿਰ ਤੋਂ ਪਰਤਿਆ ਹੈ। ਪੰਜਾਬ ਪੁਲਸ ਦੀ ਸ਼ਲਾਘਾ ਕਰਦੇ ਹੋਏ ਬਿੱਟਾ ਨੇ ਕਿਹਾ ਕਿ ਉਸ ਨੇ ਅੱਤਵਾਦ ਦੀ ਸਮੱਸਿਆ 'ਤੇ ਕਾਬੂ ਪਾਇਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਨੇ ਪੰਜਾਬ ਪੁਲਸ ਨੂੰ ਖੁੱਲ੍ਹੇ ਹੱਥ ਦਿੱਤੇ ਹਨ ਤਾਂ ਕਿ ਉਹ ਗੈਂਗਸਟਰਾਂ ਅਤੇ ਅਪਰਾਧਿਕ ਗਿਰੋਹਾਂ ਨੂੰ ਖਤਮ ਕਰ ਸਕੇ। ਅਮਰਿੰਦਰ ਸਰਕਾਰ ਦਾ ਇਹ ਫੈਸਲਾ ਸ਼ਲਾਘਾਯੋਗ ਹੈ ਅਤੇ ਇਸ ਤੋਂ ਹੋਰ ਰਾਜ ਸਰਕਾਰਾਂ ਨੂੰ ਵੀ ਸਬਕ ਲੈਂਦੇ ਹੋਏ ਆਪਣੇ ਸੂਬਿਆਂ ਦੀ ਪੁਲਸ ਨੂੰ ਅਪਰਾਧੀਆਂ ਨਾਲ ਨਜਿੱਠਣ ਲਈ ਖੁੱਲ੍ਹੀ ਛੋਟ ਦੇਣੀ ਚਾਹੀਦੀ ਹੈ।