ਫਰੀਦਕੋਟ ਜੇਲ ''ਚ ਗੈਂਗਸਟਰਾਂ ਵੱਲੋਂ ਜਨਮ ਦਿਨ ਮਨਾਉਣਾ ਮੁਲਾਜ਼ਮਾਂ ਨੂੰ ਪਿਆ ਮਹਿੰਗਾ

04/09/2018 1:00:54 AM

ਫਰੀਦਕੋਟ (ਰਾਜਨ) - ਬੀਤੇ ਦਿਨੀਂ ਇੱਥੋਂ ਦੀ ਅਤਿ-ਆਧੁਨਿਕ ਜੇਲ 'ਚ ਗੈਂਗਸਟਰਾਂ ਵੱਲੋਂ ਆਪਣੇ ਸਾਥੀ ਦਾ ਜਨਮ ਦਿਨ ਮਨਾਉਣਾ ਮੁਲਾਜ਼ਮਾਂ ਨੂੰ ਮਹਿੰਗਾ ਪੈ ਗਿਆ ਹੈ। ਉਸ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਪਾਉਣ ਦੀ ਗਾਜ ਜੇਲ ਦੇ 6 ਮੁਲਾਜ਼ਮਾਂ 'ਤੇ ਡਿੱਗੀ ਹੈ, ਜਿਨ੍ਹਾਂ 'ਚੋਂ ਸਹਾਇਕ ਸੁਪਰਡੈਂਟ ਮਹਿੰਦਰ ਸਿੰਘ ਅਤੇ ਜੇਲ ਵਾਰਡਨ ਗੁਰਦੀਪ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ, ਜਦਕਿ ਪਾਸਕੋ ਸੁਰੱਖਿਆ ਮੁਲਾਜ਼ਮ ਜਸਵਿੰਦਰ ਸਿੰਘ ਨੂੰ ਡਿਸਮਿਸ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਜੇਲ ਦੇ ਹਾਈ ਸਕਿਓਰਿਟੀ ਜ਼ੋਨ ਸੀ-ਬਲਾਕ ਜਿੱਥੇ ਸਾਰੇ ਗੈਂਗਸਟਰਾਂ ਨੂੰ ਰੱਖਿਆ ਗਿਆ ਹੈ, ਵਿਚ ਗੈਂਗਸਟਰ ਭਾਰਤ ਭੂਸ਼ਣ ਉਰਫ਼ ਭੋਲਾ ਸ਼ੂਟਰ ਵਾਸੀ ਗੁਰੂ ਤੇਗ ਬਹਾਦਰ ਨਗਰ ਕੋਟਕਪੂਰਾ ਅਤੇ ਧਰਮਪਾਲ ਸਿੰਘ ਉਰਫ਼ ਪਾਲਾ ਵਾਸੀ ਸੂਰਘੂਰੀ, ਜੋ ਕਿ ਇੱਥੋਂ ਦੀ ਮਾਡਰਨ ਜੇਲ 'ਚ ਬੰਦ ਹਨ, ਨੇ ਜੇਲ ਦੀ ਬੈਰਕ 'ਚ ਆਪਣੇ ਸਾਥੀ ਭਾਰਤ ਭੂਸ਼ਣ ਦਾ ਜਨਮ ਦਿਨ ਮਨਾਉਣ ਦੀਆਂ ਫੋਟੋਆਂ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀਆਂ ਸਨ, ਜਿਸ ਤੋਂ ਬਾਅਦ ਜੇਲ ਪ੍ਰਸ਼ਾਸਨ ਅਤੇ ਇੱਥੋਂ ਦੇ ਮਾੜੇ ਸੁਰੱਖਿਆ ਪ੍ਰਬੰਧਾਂ 'ਤੇ ਸਵਾਲੀਆ ਨਿਸ਼ਾਨ ਲੱਗਣ ਕਾਰਨ ਦੋ ਗੈਂਗਸਟਰਾਂ ਭੋਲਾ ਸ਼ੂਟਰ ਅਤੇ ਧਰਮਪਾਲ ਉਰਫ਼ ਪਾਲਾ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੇਸ਼ੱਕ ਜੇਲ ਪ੍ਰਸ਼ਾਸਨ ਵੱਲੋਂ ਹੁਣ ਜੇਲ ਵਿਚ ਫੋਨ ਡਿਟੈਕਟਰ ਲਾਉਣ ਲਈ ਪ੍ਰਕਿਰਿਆ ਆਰੰਭ ਕਰ ਦਿੱਤੀ ਗਈ ਹੈ ਪਰ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਕਰੋੜਾਂ ਦੀ ਲਾਗਤ ਨਾਲ ਬਣੀ ਏਸ਼ੀਆ ਦੀ ਸਭ ਤੋਂ ਅਤਿ-ਆਧੁਨਿਕ ਇਸ ਜੇਲ ਵਿਚ ਇਹ ਸਹੂਲਤ ਪਹਿਲਾਂ ਉਪਲੱਬਧ ਕਿਉਂ ਨਹੀਂ ਕੀਤੀ ਗਈ, ਜਦਕਿ ਜੇਲ ਵਿਚਲੇ ਕੈਦੀਆਂ/ ਹਵਾਲਾਤੀਆਂ ਕੋਲੋਂ ਮੋਬਾਇਲ ਬਰਾਮਦ ਹੋਣ ਦਾ ਸਿਲਸਿਲਾ ਪਿਛਲੇ ਕਾਫ਼ੀ ਸਮੇਂ ਤੋਂ ਚੱਲਦਾ ਆ ਰਿਹਾ ਹੈ।  ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੀ ਜੇਲ ਵਿਚਲੇ ਕੈਦੀਆਂ/ ਹਵਾਲਾਤੀਆਂ ਤੋਂ ਬੈਰਕਾਂ ਦੀ ਤਲਾਸ਼ੀ ਸਮੇਂ ਕਰੀਬ 57 ਤੋਂ ਵਧੇਰੇ ਮੋਬਾਇਲ ਬਰਾਮਦ ਹੋ ਚੁੱਕੇ ਹਨ, ਜਦਕਿ ਇਸ ਤਾਜ਼ਾ ਘਟਨਾ ਤੋਂ ਬਾਅਦ ਜੇਲ ਪ੍ਰਸ਼ਾਸਨ ਵੱਲੋਂ ਸਬੰਧਤ ਬੈਰਕ ਦੀ ਤਲਾਸ਼ੀ ਲੈਣ ਸਮੇਂ ਹੋਰ ਤਿੰਨ ਸਮਾਰਟ ਫੋਨਾਂ ਸਮੇਤ ਕੁਲ 4 ਮੋਬਾਇਲ, 2 ਚਾਰਜਰ ਅਤੇ 1 ਹੈੱਡਫੋਨ ਬਰਾਮਦ ਕਰਨ 'ਤੇ ਉਕਤ ਦੋਵਾਂ ਤੋਂ ਇਲਾਵਾ ਪੰਜ ਹੋਰਨਾਂ ਖਿਲਾਫ਼ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਹੈ।
ਜੇਲ ਪ੍ਰਸਾਸ਼ਨ ਦੇ ਉਕਤ ਤਿੰਨਾਂ ਮੁਲਾਜ਼ਮਾਂ ਤੋਂ ਇਲਾਵਾ ਪੀ. ਏ. ਪੀ. ਜਲੰਧਰ ਬਟਾਲੀਅਨ-9 ਦੇ ਜਿਹੜੇ ਹੋਰ 3 ਮੁਲਾਜ਼ਮ ਵਿਵਾਦਾਂ ਦੇ ਘੇਰੇ ਵਿਚ ਹਨ, ਉਨ੍ਹਾਂ ਵਿਚ ਕਾਂਸਟੇਬਲ ਜੋਧ ਸਿੰਘ ਬੈਲਟ ਨੰਬਰ 275, ਗੁਰਮੇਜ ਸਿੰਘ 689 ਅਤੇ ਸ਼ਰਦੂਲ ਸਿੰਘ 695 ਸ਼ਾਮਲ ਹਨ, ਜੋ ਉਸ ਵੇਲੇ ਹਾਈ ਸਕਿਓਰਿਟੀ ਜ਼ੋਨ ਸੀ-ਬਲਾਕ ਵਿਚ ਡਿਊਟੀ 'ਤੇ ਸਨ। ਜੇਲ ਸੂਤਰਾਂ ਅਨੁਸਾਰ ਇਨਾਂ ਵਿਰੁੱਧ ਕਾਰਵਾਈ ਕਰਨ ਲਈ ਜੇਲ ਪ੍ਰਸ਼ਾਸਨ ਵੱਲੋਂ ਪੀ. ਏ. ਪੀ. ਜਲੰਧਰ ਬਟਾਲੀਅਨ-9 ਦੇ ਕਮਾਂਡੈਂਟ ਨੂੰ ਲਿਖ ਦਿੱਤਾ ਗਿਆ ਹੈ।