ਮਜੀਠੀਆ ਦਾ ਵੱਡਾ ਬਿਆਨ, ਕਿਸਾਨਾਂ ਦੀ ਆੜ ’ਚ ਕਾਂਗਰਸ ਦੇ ਸ਼ਰਾਰਤੀ ਅਨਸਰ ਵਿਗਾੜ ਰਹੇ ਨੇ ਪੰਜਾਬ ਦਾ ਮਾਹੌਲ

09/06/2021 2:06:50 PM

ਅੰਮ੍ਰਿਤਸਰ— ਕਿਸਾਨ ਅੰਦੋਲਨ ਅਤੇ ਕਾਂਗਰਸ ਦੀ ਸਰਕਾਰ ’ਤੇ ਸਾਬਕਾ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੱਡਾ ਬਿਆਨ ਦਿੱਤਾ ਹੈ। ਮਜੀਠੀਆ ਦਾ ਕਹਿਣਾ ਹੈ ਕਿ ਕਿਸਾਨਾਂ ਦੀ ਆੜ ’ਚ ਕੁਝ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ’ਚ ਲੱਗੇ ਹੋਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ ਅਤੇ ਜੈ ਜਵਾਨ, ਜੈ ਕਿਸਾਨ ਦੇ ਬੈਨਰ ਹੇਠ ਸਾਰੇ ਦਲਾਂ ਨੂੰ ਇਕੱਠੇ ਹੋ ਕੇ ਕਿਸਾਨਾਂ ਦੀ ਲੜਾਈ ਲੜਨੀ ਚਾਹੀਦੀ ਹੈ। ਮਜੀਠੀਆ ਨੇ ਕਿਹਾ ਕਿ ਇਨ੍ਹਾਂ ਸ਼ਰਾਰਤੀ ਅਨਸਰਾਂ ਕਰਕੇ ਉਨ੍ਹਾਂ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕੀਤੇ ਹਨ। 

ਇਥੇ ਦੱਸ ਦੇਈਏ ਕਿ ਅੰਮ੍ਰਿਤਸਰ ਵਿਖੇ ਬਿਕਰਮ ਸਿੰਘ ਮਜੀਠੀਆ ਹਲਕਾ ਜਠਿਆਲਾ ਗੁਰੂ ਅਤੇ ਮਜੀਠਾ ਨਾਲ ਸਬੰਧਤ ਤਰਸੀਕਾ ਬਲਾਕ ਸੰਮਤੀ ਦੇ ਚੇਅਰਪਰਸਨ ਬੀਬੀ ਪਰਮਜੀਤ ਕੌਰ ਨੂੰ ਅਕਾਲੀ ਦਲ ਦੀ ਪਾਰਟੀ ’ਚ ਸ਼ਮੂਲੀਅਤ ਕਰਵਾਉਣ ਆਏ ਸਨ। ਬੀਬੀ ਪਰਮਜੀਤ ਕੌਰ ਨੇ ਆਪਣੇ ਹੋਰ ਸਾਥੀਆਂ ਦੇ ਨਾਲ ਅੱਜ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਲ ਦਾ ਪੱਲਾ ਫੜ ਲਿਆ। 

ਇਹ ਵੀ ਪੜ੍ਹੋ: ਜਲੰਧਰ: 'ਰਿੰਗ ਸੈਰੇਮਨੀ' ਦੌਰਾਨ ਡਾਇਮੰਡ ਦੀ ਰਿੰਗ ਨਾ ਮਿਲਣ ’ਤੇ ਵਾਲਾਂ ਤੋਂ ਫੜ ਕੇ ਘੜੀਸੀ ਕੁੜੀ, ਮੁੰਡੇ ਨੇ ਤੋੜਿਆ ਰਿਸ਼ਤਾ

ਅੰਨਦਾਤਾ ਦੀ ਗੱਲ ਨਾ ਮੰਨੀ ਤਾਂ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਵਾਂਗ ਲੱਖਾਂ-ਕਰੋੜਾਂ ਹੋਣਗੇ ਇਕੱਠ
ਮੁਜ਼ੱਫਰਨਗਰ ’ਚ ਕੀਤੀ ਗਈ ਕਿਸਾਨ ਮਹਾਪੰਚਾਇਤ ’ਤੇ ਬੋਲਦੇ ਹੋਏ ਮਜੀਠੀਆ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਮੁਜ਼ੱਫਰਨਗਰ ਵਿਚ ਜੋ ਠਾਠਾਂ ਮਾਰਦਾ ਕਿਸਾਨਾਂ ਦਾ ਇਕੱਠ ਹੋਇਆ ਸੀ ਉਹ ਕੇਂਦਰ ਸਰਕਾਰ, ਭਾਜਪਾ ਦੀ ਲੀਡਰਸ਼ਿਪ ਨੂੰ ਇਕ ਸਾਫ਼ ਤਰੀਕੇ ਨਾਲ ਰੈੱਡ-ਬਲੈਕ ਹੈ ਕਿ ਜੇਕਰ ਦੇਸ਼ ਦੇ ਅੰਨਦਾਤਾ ਨੂੰ ਨਹੀਂ ਸੁਣੋਗੇ ਤਾਂ ਅਜਿਹੇ ਹੀ ਲੱਖਾਂ-ਕਰੋੜਾਂ ਦੇ ਇਕੱਠ ਹੋਣਗੇ ਅਤੇ ਲੋਕ ਕਦੇ ਵੀ ਤੁਹਾਨੂੰ ਮੁਆਫ਼ ਨਹੀਂ ਕਰਣਗੇ। ਉਨ੍ਹਾਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਪਾਲੀਟਿਕਸ ਤੋਂ ਉੱਪਰ ਉੱਠ ਕੇ ਅਤੇ ਕਿਸਾਨ ਝੰਡਿਆਂ ਹੇਠਾਂ ਇਕ-ਦੂਜੇ ਦਾ ਵਿਰੋਧ ਕਰਨ ਦੀ ਬਜਾਏ ਸਾਰੀਆਂ ਸਿਆਸੀ ਪਾਰਟੀਆਂ ਇਕੱਠੀਆਂ ਹੋਣ ਅਤੇ ਦੇਸ਼ ਦੇ ਅੰਨਦਾਤਾ ਦੀ ਲੜਾਈ ਲੜਨ। 

ਇਹ ਵੀ ਪੜ੍ਹੋ: ਹੁਸ਼ਿਆਰਪੁਰ: ਪਤੀ ਵੱਲੋਂ ਪਤਨੀ ਦਾ ਕਤਲ, ਖ਼ੁਦ ਫੋਨ ਕਰਕੇ ਸਾਲੇ ਨੂੰ ਦਿੱਤੀ ਕਤਲ ਦੀ ਜਾਣਕਾਰੀ

ਅਕਾਲੀ ਦਲ ਵੱਲੋਂ ਪ੍ਰੋਗਰਾਮਾਂ ਨੂੰ ਰੋਕੇ ਜਾਣ ਦੇ ਸਵਾਲ ’ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਪ੍ਰੋਗਰਾਮ ਇਸ ਲਈ ਰੋਕੇ ਹਨ ਕਿਉਂਕਿ ਇਸ ’ਚ ਜਿਹੜੇ ਮਾੜੇ ਅਨਸਰ ਦਾਖ਼ਲ ਹੋਏ ਹਨ, ਉਨ੍ਹਾਂ ਨੂੰ ਮੈਂ ਕਿਸਾਨ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆੜ ਵਿਚ ਕੁਝ ਸ਼ਰਾਰਤੀ ਅਨਸਰ ਵੀ ਇਸ ਵਿਚ ਸ਼ਾਮਲ ਹੋ ਚੁੱਕੇ ਹਨ, ਜੋ ਕਾਂਗਰਸ ਵਿਧਾਇਕਾਂ ਵੱਲੋਂ ਭੇਜੇ ਗਏ ਹਨ, ਸਿਆਸੀ ਪਾਰਟੀਆਂ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਤਾਂ ਸਾਂਤਮਈ ਹਨ, ਜੋ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਬੈਠ ਕੇ ਲੜਾਈ ਲੜ ਰਹੇ ਹਨ। ਸਾਨੂੰ ਪੰਜਾਬ ਅਤੇ ਕਿਸਾਨੀ ਦੇ ਭਲੇ ਦੀ ਗੱਲ ਕਰਨੀ ਚਾਹੀਦੀ ਹੈ। ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਬਜਾਏ, ਕਿਸਾਨੀ ਮੁੱਦਿਆਂ ’ਤੇ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ ਅਤੇ ਸ਼ਾਂਤੀ ਬਣਾਏ ਰੱਖਣਾ ਬੇਹੱਦ ਜ਼ਰੂਰੀ ਹੈ। 

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

shivani attri

This news is Content Editor shivani attri