ਮਜੀਠੀਆ ਮਾਣਹਾਨੀ ਮਾਮਲਾ : ਡੇਢ ਘੰਟਾ ਅਦਾਲਤ ''ਚ ਰਹੇ ਮਜੀਠੀਆ, ਪੂਰੀ ਨਹੀਂ ਦਰਜ ਕਰਵਾ ਸਕੇ ਗਵਾਹੀ

12/05/2017 6:43:10 AM

ਲੁਧਿਆਣਾ(ਮੇਹਰਾ, ਮੱਲਾਂਪੁਰੀ)-'ਆਪ' ਆਗੂ ਸੰਜੇ ਸਿੰਘ ਖਿਲਾਫ ਦਾਇਰ ਮਾਣਹਾਨੀ ਕੇਸ 'ਚ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਅੱਜ ਪੂਰੇ ਲਾਮ ਲਸ਼ਕਰ ਸਮੇਤ ਸਥਾਨਕ ਅਦਾਲਤ 'ਚ ਆਪਣੀ ਗਵਾਹੀ ਕਲਮਬੱਧ ਕਰਵਾਉਣ ਪੁੱਜੇ। ਜੁਡੀਸ਼ੀਅਲ ਮੈਜਿਸਟ੍ਰੇਟ ਜਗਜੀਤ ਸਿੰਘ ਦੀ ਅਦਾਲਤ 'ਚ ਬਿਕਰਮ ਸਿੰਘ ਮਜੀਠੀਆ ਆਪਣੇ ਵਕੀਲ ਸਮੇਤ ਅਦਾਲਤ 'ਚ ਕਰੀਬ ਡੇਢ ਘੰਟਾ ਮੌਜੂਦ ਰਹਿਣ ਤੱਕ ਆਪਣੀ ਪੂਰੀ ਗਵਾਹੀ ਨਹੀਂ ਦਰਜ ਕਰਵਾ ਸਕੇ, ਜਿਸ 'ਤੇ ਅਦਾਲਤ ਨੇ ਕੇਸ ਦੀ ਅਗਲੀ ਸੁਣਵਾਈ 24 ਜਨਵਰੀ ਨਿਰਧਾਰਤ ਕਰਦੇ ਹੋਏ ਮਜੀਠੀਆ ਨੂੰ ਆਪਣੀ ਗਵਾਹੀ ਪੂਰੀ ਕਰਨ ਤੇ ਉਨ੍ਹਾਂ ਵੱਲੋਂ ਪਹਿਲੇ ਗਵਾਹਾਂ ਨੂੰ ਅਦਾਲਤ 'ਚ ਪੇਸ਼ ਕਰਨ ਦਾ ਹੁਕਮ ਦਿੱਤਾ। ਨਾਲ ਹੀ ਅੱਜ ਅਦਾਲਤ 'ਚ 'ਆਪ' ਆਗੂ ਸੰਜੇ ਸਿੰਘ ਹਾਜ਼ਰ ਨਹੀਂ ਹੋਏ ਤੇ ਉਨ੍ਹਾਂ ਵੱਲੋਂ ਉਨ੍ਹਾਂ ਦੇ ਵਕੀਲਾਂ ਨੇ ਹਾਜ਼ਰੀ ਮੁਆਫੀ ਦੀ ਅਰਜ਼ੀ ਅਦਾਲਤ 'ਚ ਦਾਖਲ ਕੀਤੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।
ਵਰਣਨਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮਜੀਠੀਆ ਨੇ ਉਪਰੋਕਤ ਅਦਾਲਤ 'ਚ ਸੰਜੇ ਸਿੰਘ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕਰਦੇ ਹੋਏ ਦੋਸ਼ ਲਾਇਆ ਕਿ ਸੰਜੇ ਸਿੰਘ ਨੇ ਇਕ ਰੈਲੀ ਦੌਰਾਨ ਉਨ੍ਹਾਂ 'ਤੇ ਡਰੱਗ ਸਮੱਗਲਿੰਗ ਦੇ ਝੂਠੇ ਦੋਸ਼ ਲਾਏ ਹਨ ਜਿਸ ਨਾਲ ਉਨ੍ਹਾਂ ਦੀ ਸਮਾਜਿਕ ਪ੍ਰਸਿੱਧੀ ਨੂੰ ਠੇਸ ਪੁੱਜੀ ਤੇ ਸੰਜੇ ਸਿੰਘ ਨੇ ਉਸ ਦਾ ਰਾਜਨੀਤਕ ਭਵਿੱਖ ਧੁੰਦਲਾ ਕਰਨ ਦੇ ਮਕਸਦ ਨਾਲ ਉਨ੍ਹਾਂ 'ਤੇ ਝੂਠੇ ਦੋਸ਼ ਲਾਏ। ਨਾਲ ਹੀ ਅਦਾਲਤੀ ਕੰਪਲੈਕਸ 'ਚ ਮਜੀਠੀਆ ਨੇ ਰਾਹੁਲ ਗਾਂਧੀ ਦੇ ਕਾਂਗਰਸ ਪ੍ਰਧਾਨ ਵਜੋਂ ਨਾਮਜ਼ਦਗੀ ਪੱਤਰ ਭਰਨ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ 'ਚ ਰਾਹੁਲ ਨੂੰ ਮੁਬਾਰਕਬਾਦ ਦਿੰਦੇ ਹੋਏ ਤੰਜ ਕੱਸਿਆ ਹੈ ਕਿ ਰਾਹੁਲ ਵੀ ਕਾਂਗਰਸ ਦੀ ਬੇੜੀ ਪਾਰ ਨਹੀਂ ਲਾ ਸਕਣਗੇ। ਜਿੱਥੇ ਵੀ ਹੁਣ ਤੱਕ ਰਾਹੁਲ ਗਾਂਧੀ ਗਏ ਹਨ, ਉਥੇ ਕਾਂਗਰਸ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ। ਪਹਿਲਾਂ ਉਹ ਉਪ-ਪ੍ਰਧਾਨ ਸਨ, ਹੁਣ ਉਹ ਪ੍ਰਧਾਨ ਬਣ ਜਾਣਗੇ, ਇਸ ਨਾਲ ਕੋਈ ਫਰਕ ਨਹੀਂ ਪਵੇਗਾ। ਪਰਿਵਾਰਵਾਦ ਦੇ ਦੋਸ਼ਾਂ ਬਾਰੇ ਮਜੀਠੀਆ ਮੀਡੀਆ ਨੂੰ ਬੋਲੇ, ਜੋ ਵਿਰੋਧ ਕਰ ਰਹੇ ਹਨ, ਉਨ੍ਹਾਂ ਤੋਂ ਜਾ ਕੇ ਪੁੱਛੋ। ਮਜੀਠੀਆ ਨੇ ਕਾਂਗਰਸ ਤੇ 'ਆਪ' 'ਚ ਮਿਲੀਭੁਗਤ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਦੋਨੋਂ ਹੀ ਦਲ ਦੇ ਆਗੂ ਕਿਸ ਤਰ੍ਹਾਂ ਮਿਲੇ ਹੋਏ ਹਨ। ਇਸ ਦਾ ਖੁਲਾਸਾ ਇਨ੍ਹਾਂ ਹੀ ਗੱਲਾਂ ਤੋਂ ਹੋ ਜਾਂਦਾ ਹੈ ਕਿ 'ਆਪ' ਦੇ ਸੀਨੀਅਰ ਸਪੋਕਸਪਰਸਨ ਦੇ ਕੇਸਾਂ 'ਚ ਕਾਂਗਰਸ ਦੇ ਸੀਨੀਅਰ ਬੁਲਾਰੇ ਮਨੀਸ਼ ਤਿਵਾੜੀ ਵਕੀਲ ਵਜੋਂ ਪੇਸ਼ ਹੋ ਰਹੇ ਹਨ ਜਦੋਂਕਿ ਇਸ ਤੋਂ ਪਹਿਲਾਂ ਵੀ ਰਾਸ਼ਟਰਪਤੀ ਚੋਣ 'ਤੇ ਸੁਖਪਾਲ ਖਹਿਰਾ ਕੇਸ 'ਚ ਇਨ੍ਹਾਂ ਦੀ ਮੈਚ ਫਿਕਸਿੰਗ ਸਾਹਮਣੇ ਆ ਚੁੱਕੀ ਹੈ। ਮਨੁੱਖੀ ਅਧਿਕਾਰ ਬੁਲਾਰੇ ਨਵਕਿਰਨ ਸਿੰਘ ਨੂੰ ਵੀ 'ਆਪ' ਦਾ ਮੁਖੋਟਾ ਕਰਾਰ ਦਿੰਦੇ ਹੋਏ ਮਜੀਠੀਆ ਨੇ ਕਿਹਾ ਕਿ ਬੇਅਦਬੀ ਕੇਸ 'ਚ ਨਵਕਿਰਨ ਹੀ ਖੈਤਾਨ ਵੱਲੋਂ ਵਕੀਲ ਸਨ।  ਉਹ ਉਹੀ ਬੋਲਦੇ ਹਨ ਜੋ ਖਹਿਰਾ ਕਹਿੰਦਾ ਹੈ।