ਚਹਿਲ-ਭੋਲਾ ਤੇ ਔਲਖ ਦੇ ਬਿਆਨਾਂ ਦੇ ਬਾਵਜੂਦ ਮਜੀਠੀਆ ''ਤੇ ਕਾਰਵਾਈ ਕਿਉਂ ਨਹੀਂ?

11/08/2017 6:24:12 AM

ਚੰਡੀਗੜ੍ਹ(ਬਰਜਿੰਦਰ)-ਡਰੱਗ ਮਾਮਲੇ 'ਚ ਮੁਲਜ਼ਮ ਜਗਜੀਤ ਸਿੰਘ ਚਹਿਲ, ਜਗਦੀਸ਼ ਭੋਲਾ ਤੇ ਮਨਜਿੰਦਰ ਸਿੰਘ ਔਲਖ ਦੇ ਬਿਆਨਾਂ ਨੂੰ ਲੈ ਕੇ ਸਾਬਕਾ ਮਾਲੀਆ ਮੰਤਰੀ ਤੇ ਸੁਖਬੀਰ ਬਾਦਲ ਦੇ ਸਾਲੇ ਬਿਕਰਮ ਸਿੰਘ ਮਜੀਠੀਆ 'ਤੇ ਕੀ ਕਾਰਵਾਈ ਕੀਤੀ ਗਈ ਹੈ। ਅੰਤਰਰਾਸ਼ਟਰੀ ਡਰੱਗ ਮਾਫੀਆ ਸਤਪ੍ਰੀਤ ਸਿੰਘ ਸੱਤਾ, ਪਰਮਿੰਦਰ ਸਿੰਘ ਪਿੰਦੀ ਤੇ ਅਮਰਿੰਦਰ ਸਿੰਘ ਲਾਡੀ ਨੂੰ ਮਜੀਠੀਆ ਵੱਲੋਂ ਗੱਡੀਆਂ ਤੇ ਗੰਨਮੈਨ ਮੁਹੱਈਆ ਕਰਵਾਏ ਗਏ ਸਨ, ਜਦੋਂ ਉਹ ਵਿਦੇਸ਼ ਤੋਂ ਆਉਂਦੇ ਸਨ ਤਾਂ ਮਜੀਠੀਆ ਦੇ ਘਰ ਗੰਨਮੈਨਾਂ ਦੀ ਸੁਰੱਖਿਆ ਤਹਿਤ ਸਨ। 
ਮੁਲਜ਼ਮਾਂ ਦੇ ਕਬੂਲਨਾਮੇ ਦੇ ਬਾਵਜੂਦ ਮਜੀਠੀਆ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਇਹ ਸਵਾਲ ਖੜ੍ਹੇ ਕੀਤੇ ਗਏ ਹਨ। ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਚਲ ਰਹੇ ਡਰੱਗ ਮਾਮਲੇ ਵਿਚਕਾਰ ਲਾਇਰਜ਼ ਫਾਰ ਹਿਊਮਨ ਰਾਈਟਸ ਇੰਟਰਨੈਸ਼ਨਲ (ਐੱਲ. ਐੱਫ. ਐੱਚ. ਆਰ. ਆਈ.) ਦੇ ਪ੍ਰਧਾਨ ਨਵਕਿਰਨ ਸਿੰਘ ਨੇ ਇਹ ਅਰਜ਼ੀ ਦਾਇਰ ਕਰਦੇ ਹੋਏ ਈ. ਡੀ. ਦੇ ਡਿਪਟੀ ਡਾਇਰੈਕਟਰ ਨਰਿੰਜਣ ਸਿੰਘ ਦੀ ਸਟੇਟਸ ਰਿਪੋਰਟ ਮੰਗਵਾਏ ਜਾਣ ਦੀ ਮੰਗ ਕੀਤੀ ਹੈ, ਜੋ ਡਰੱਗ ਮਾਫੀਆ ਦੇ ਮਾਮਲਿਆਂ ਦੀ ਜਾਂਚ ਕਰ ਰਹੇ ਹਨ। ਹਾਈਕੋਰਟ ਨੇ ਇਸ ਅਰਜ਼ੀ ਨੂੰ 28 ਨਵੰਬਰ ਨੂੰ ਡਰੱਗ ਰੈਕੇਟ ਨਾਲ ਜੁੜੇ ਮੁੱਖ ਕੇਸ ਨਾਲ ਸੁਣੇ ਜਾਣ ਦੇ ਆਦੇਸ਼ ਜਾਰੀ ਕੀਤੇ ਹਨ। ਉਥੇ ਸਰਕਾਰ ਨੂੰ ਇਸ ਮਾਮਲੇ 'ਚ ਨਿਰਦੇਸ਼ ਪ੍ਰਾਪਤ ਕਰਨ ਨੂੰ ਕਿਹਾ ਗਿਆ ਹੈ।