''ਸਮਰਾਟ ਜਾਦੂਗਰ'' ਦੇ ਜਾਦੂ ਨਾਲ ਹੋਇਆ ਬਜਟ ਸਰਪਲੱਸ : ਮਜੀਠੀਆ

03/03/2020 4:46:35 PM

ਚੰਡੀਗੜ੍ਹ (ਅਸ਼ਵਨੀ) : ਵਿਧਾਨ ਸਭਾ 'ਚ ਬਜਟ 'ਤੇ ਚਰਚਾ ਦੌਰਾਨ ਅਕਾਲੀ ਦਲ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਵਾਰ ਜੋ ਬਜਟ ਪੇਸ਼ ਕੀਤਾ ਹੈ, ਉਸ ਨੂੰ 'ਸਮਰਾਟ ਜਾਦੂਗਰ' ਦੇ ਜਾਦੂ ਦੀ ਤਰ੍ਹਾਂ ਰੈਵੇਨਿਊ ਸਰਪਲੱਸ ਕੀਤਾ ਗਿਆ ਹੈ। ਮਜੀਠੀਆ ਨੇ ਕਿਹਾ ਕਿ ਇਸ ਬਜਟ 'ਚ ਸਿਰਫ਼ ਫੋਕੇ ਦਾਅਵੇ ਕੀਤੇ ਗਏ ਹਨ। ਇਸ 'ਤੇ ਪਲਟਵਾਰ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮਜੀਠੀਆ ਦੇ ਭਾਸ਼ਣ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪਰਮਿੰਦਰ ਸਿੰਘ ਢੀਂਡਸੇ ਵਾਲੀ ਗੱਲ ਨਹੀਂ ਬਣੀ।

ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਦਾ ਵਾਧੂ ਬਜਟ ਦਾ ਦਾਅਵਾ ਸਫੈਦ ਝੂਠ ਹੈ, ਕਿਉਂਕਿ ਰਾਜ ਦੀ ਆਪਣੀ ਕਮਾਈ 5450 ਕਰੋੜ ਰੁਪਏ ਘੱਟ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ 148 ਯੋਜਨਾਵਾਂ ਲਈ ਇਕ ਰੁਪਿਆ ਵੀ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਰਾਜ ਦਾ ਕਰਜ਼ਾ ਤਿੰਨ ਸਾਲਾਂ 'ਚ 66 ਹਜ਼ਾਰ ਕਰੋੜ ਰੁਪਏ ਵਧ ਗਿਆ ਹੈ। ਖ਼ਜ਼ਾਨਾ ਮੰਤਰੀ ਨੇ ਇਹ ਦਾਅਵਾ ਕਰ ਕੇ ਕਿ ਉਹ ਇਕ ਵਾਧੂ ਮਾਲੀਏ ਵਾਲਾ ਬਜਟ ਪੇਸ਼ ਕਰ ਰਿਹਾ ਹੈ, ਸਿਰਫ ਵਿਧਾਨ ਸਭਾ ਨੂੰ ਹੀ ਗੁੰਮਰਾਹ ਨਹੀਂ ਕੀਤਾ ਹੈ, ਸਗੋਂ ਲੋਕਾਂ ਨੂੰ ਵੀ ਝੂਠ ਬੋਲਿਆ ਹੈ। ਮਜੀਠੀਆ ਨੇ ਕਿਹਾ ਕਿ ਬਜਟ ਅੰਦਾਜ਼ਿਆਂ ਅਨੁਸਾਰ ਰਾਜ ਨੂੰ ਆਪਣੇ ਟੈਕਸਾਂ ਤੋਂਂ ਹੁੰਦੀ ਕਮਾਈ 'ਚ 4000 ਕਰੋੜ ਰੁਪਏ ਦਾ ਘਾਟਾ ਪਿਆ ਹੈ, ਜਿਸ 'ਚ 951 ਕਰੋੜ ਰੁਪਏ ਵੈਟ 'ਚ, 525 ਕਰੋੜ ਰੁਪਏ ਸਟੇਟ ਐਕਸਾਈਜ਼ 'ਚ, 250 ਕਰੋੜ ਰੁਪਏ ਸਟੈਂਪ ਡਿਊਟੀ 'ਚ ਅਤੇ 345 ਕਰੋੜ ਰੁਪਏ ਵਾਹਨ ਰਜਿਸਟ੍ਰੇਸ਼ਨ ਲਈ ਵਸੂਲੇ ਜਾਂਦੇ ਟੈਕਸਾਂ 'ਚ ਘਾਟਾ ਪਿਆ ਹੈ। ਮਜੀਠੀਆ ਨੇ ਕਿਹਾ ਕਿ ਇਸੇ ਤਰ੍ਹਾਂ ਰਾਜ ਨੂੰ ਟੈਕਸਾਂ ਤੋਂ ਇਲਾਵਾ ਬਾਕੀ ਸਰੋਤਾਂ ਤੋਂ ਹੁੰਦੀ ਕਮਾਈ 'ਚ 1515 ਕਰੋੜ ਰੁਪਏ ਦਾ ਘਾਟਾ ਪਿਆ ਹੈ, ਜਿਸ ਨਾਲ ਬਜਟੀ ਅੰਦਾਜ਼ਿਆਂ ਅਨੁਸਾਰ ਰਾਜ ਨੂੰ ਕੁੱਲ 5450 ਕਰੋੜ ਰੁਪਏ ਦਾ ਘਾਟਾ ਪਿਆ ਹੈ। ਖ਼ਜ਼ਾਨਾ ਮੰਤਰੀ ਨੇ ਤਿੰਨ ਸਾਲਾਂ 'ਚ ਰਾਜ 'ਤੇ ਕਰਜ਼ਾ 66 ਹਜ਼ਾਰ ਕਰੋੜ ਰੁਪਏ ਵਧਾ ਦਿੱਤਾ ਹੈ ਅਤੇ ਇਸ ਸਰਕਾਰ ਦਾ ਕਾਰਜਕਾਲ ਖ਼ਤਮ ਹੋਣ ਤਕ ਇਹ ਕਰਜ਼ਾ 1 ਲੱਖ ਕਰੋੜ ਰੁਪਏ ਤੱਕ ਪਹੁੰਚਣ ਦੀ ਸੰਭਾਵਨਾ ਹੈ।

'ਆਪ' ਵਿਧਾਇਕਾਂ ਨੇ ਵੀ ਸਾਧਿਆ ਨਿਸ਼ਾਨਾ
ਬਜਟ 'ਤੇ ਬਹਿਸ ਦੌਰਾਨ 'ਆਪ' ਦੇ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਨਵੇਂ ਬਜਟ ਨੂੰ ਦਲਿਤ ਵਿਰੋਧੀ, ਕਿਸਾਨ ਵਿਰੋਧੀ, ਨੌਜਵਾਨਾਂ, ਮੁਲਾਜ਼ਮਾਂ, ਵਿਦਿਆਰਥੀ ਵਿਰੋਧੀ ਅਤੇ ਪੰਜਾਬ ਵਿਰੋਧੀ ਬਜਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਅਤੇ ਬਾਕੀ ਵਜ਼ੀਫ਼ਿਆਂ ਬਾਰੇ ਇਕ ਸ਼ਬਦ ਤੱਕ ਨਹੀਂ ਲਿਖਿਆ। ਮਨਰੇਗਾ ਦਾ ਬਜਟ ਪਿਛਲੇ ਸਾਲ ਦੇ ਮੁਕਾਬਲੇ ਘੱਟ ਕਰ ਦਿੱਤਾ ਗਿਆ। ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਬਕਾਇਆ 22 ਫੀਸਦੀ ਡੀ. ਏ. 'ਚੋਂ ਸਿਰਫ 6 ਫ਼ੀਸਦੀ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਬਜਟ 'ਚ ਕਿਸਾਨ ਕਰਜ਼ ਮੁਆਫੀ ਲਈ ਰੱਖੇ 3000 ਕਰੋੜ 'ਚੋਂ ਤਿੰਨ ਰੁਪਏ ਵੀ ਖਰਚ ਨਹੀਂ ਕੀਤੇ ਗਏ, ਜਦੋਂਕਿ ਇਸ ਵਾਰ ਇਹ 2000 ਕਰੋੜ ਤੱਕ ਸੀਮਤ ਕਰ ਕੇ ਇਸ 'ਚ 520 ਕਰੋੜ ਮਜ਼ਦੂਰਾਂ ਦਾ ਵੀ ਜੋੜ ਕੇ ਐਲਾਨ ਕੀਤਾ ਗਿਆ ਹੈ, ਜਿਸ ਕਾਰਣ ਕਿਸਾਨ, ਮਜ਼ਦੂਰ ਅਤੇ ਖੇਤੀ ਮਾਹਿਰ ਸਭ ਨਿਰਾਸ਼ ਹਨ। ਪ੍ਰਿੰ. ਬੁੱਧ ਰਾਮ ਨੇ ਪਿਛਲੇ ਸਾਲ ਦੇ ਬਜਟ ਅੰਕੜਿਆਂ ਦਾ ਹਵਾਲਾ ਦਿੰਦੇ ਕਿਹਾ ਕਿ ਸਾਰੇ ਵਿਭਾਗਾਂ ਲਈ ਜਿੰਨਾ ਬਜਟ ਰੱਖਿਆ ਗਿਆ ਸੀ, ਕਿਸੇ ਵੀ ਵਿਭਾਗ 'ਚ ਉਸ ਨੂੰ ਪੂਰਾ ਖਰਚ ਨਹੀਂ ਕੀਤਾ ਗਿਆ।

ਇਸ ਮੌਕੇ ਬੀਬੀ ਸਰਬਜੀਤ ਕੌਰ ਮਾਣੂੰਕੇ ਨੇ ਪਿਛਲੇ ਬਜਟ 'ਚ ਕਿਸ਼ੋਰ ਲੜਕੀਆਂ ਲਈ ਸੈਨੇਟਰੀ ਨੈਪਕਿਨਜ਼ ਦੇ ਰੱਖੇ ਪੈਸਿਆਂ ਦਾ ਹਿਸਾਬ ਮੰਗਦਿਆਂ ਕਿਹਾ ਕਿ ਇਹ ਪੈਸਾ ਕਿੱਥੇ ਖੁਰਦ-ਬੁਰਦ ਕਰ ਦਿੱਤਾ। ਇਸੇ ਤਰ੍ਹਾਂ ਇਸ ਬਜਟ 'ਚ ਮਾਤਾ ਤ੍ਰਿਪਤਾ ਜੀ ਭਲਾਈ ਸਕੀਮ ਅਤੇ ਕਸਤੂਰਬਾ ਗਾਂਧੀ ਭਲਾਈ ਯੋਜਨਾ 'ਚ ਇਕ ਰੁਪਇਆ ਵੀ ਨਾ ਰੱਖ ਕੇ ਸਰਕਾਰ ਨੇ ਔਰਤ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਵਾਅਦੇ ਅਨੁਸਾਰ ਲੜਕੀਆਂ ਨੂੰ ਪੀ. ਐੱਚ. ਡੀ. ਤੱਕ ਪੜ੍ਹਾਈ ਮੁਫਤ ਦੇਣੀ ਸੀ ਪਰ ਹੁਣ 12ਵੀਂ ਤੱਕ ਹੀ ਅਟਕ ਗਈ ਅਤੇ ਪ੍ਰੀਖਿਆ ਫੀਸਾਂ ਵੀ ਵਸੂਲ ਰਹੀ ਹੈ।
 

Anuradha

This news is Content Editor Anuradha