ਕਾਂਗਰਸ ਸਰਕਾਰ ਦਾ ਤਾਂ ਦੀਵਾਲਾ ਨਿਕਲਣ ਵਾਲਾ ਹੈ : ਮਜੀਠੀਆ

10/31/2019 4:03:04 PM

ਡੇਹਲੋਂ/ਆਲਮਗੀਰ (ਡਾ. ਪ੍ਰਦੀਪ) : ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਦੀਵਾਲੀ ਮੌਕੇ ਸਮਾਰਟਫੋਨ ਦੇਣ ਦੇ ਵਾਅਦੇ ਸਬੰਧੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਆਲਮਗੀਰ ਸਾਹਿਬ ਵਿਖੇ ਪੁੱਜ ਕੇ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਸਾਧਿਆ ਸੀ। ਉਨ੍ਹਾਂ ਕਿਹਾ ਕਿ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀਆਂ ਨੌਜਵਾਨਾਂ ਨੂੰ ਲਾਰੇ ਲਾਉਂਦਿਆਂ ਤਿੰਨ ਦੀਵਾਲੀਆਂ ਤਾਂ ਲੰਘ ਗਈਆਂ ਹਨ। ਪਤਾ ਨਹੀਂ ਉਹ ਕਿਹੜੀ ਚਾਨਣੀ ਦੀਵਾਲੀ 'ਤੇ ਸਮਾਰਟਫੋਨ ਦੇਣਗੇ? ਹੁਣ ਤਾਂ ਉਨ੍ਹਾਂ ਦੀ ਸਰਕਾਰ ਦਾ ਹੀ ਦੀਵਾਲਾ ਨਿਕਲਣ ਵਾਲਾ ਹੈ। ਕਾਂਗਰਸ ਸਰਕਾਰ ਦਾ ਸਮਾਂ ਹੁਣ ਲੰਘਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੈਪਟਨ ਸਰਕਾਰ ਇਕ ਨਹੀਂ, ਲੋਕਾਂ ਨਾਲ ਕੀਤੇ ਸਾਰੇ ਹੀ ਵਾਅਦਿਆਂ ਤੋਂ ਭੱਜ ਗਈ ਹੈ।

ਪ੍ਰਕਾਸ਼ ਪੁਰਬ ਪੂਰੇ ਸਤਿਕਾਰ ਨਾਲ ਮਨਾਇਆ ਜਾਵੇਗਾ
ਕਰਤਾਰਪੁਰ ਸਾਹਿਬ ਕਾਰੀਡੋਰ ਬਾਰੇ ਉਨ੍ਹਾਂ ਕਿਹਾ ਕਿ ਤਿਆਰੀਆਂ ਗੁਰੂ ਸਾਹਿਬ ਨੇ ਆਪੇ ਹੀ ਕਰਵਾ ਲੈਣੀਆਂ ਹਨ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਪੂਰੇ ਸਤਿਕਾਰ ਨਾਲ ਮਨਾਇਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਜਵਾਹਰ ਲਾਲ ਨਹਿਰੂ ਨੇ ਉਸ ਸਮੇਂ ਸਹੀ ਫੈਸਲਾ ਲਿਆ ਹੁੰਦਾ ਤਾਂ ਕਰਤਾਰਪੁਰ ਸਾਹਿਬ ਅੱਜ ਸਾਡੇ 'ਚ ਹੁੰਦਾ। ਹੱਜ ਯਾਤਰੀਆਂ ਵਾਂਗ ਸਬਸਿਡੀ ਦਿੱਤੇ ਜਾਣ 'ਤੇ ਉਨ੍ਹਾਂ ਕਿਹਾ ਕਿ ਅਜਿਹਾ ਜਜ਼ੀਆ ਅੱਜ ਤੱਕ ਕਦੇ ਵੀ ਨਹੀਂ ਲੱਗਾ। ਇਹ ਪਾਕਿਸਤਾਨ ਦਾ ਗਲਤ ਫੈਸਲਾ ਹੈ।

ਮਜੀਠੀਆ ਨੇ ਕਿਹਾ ਕਿ ਅਕਾਲੀਆਂ ਵੱਲੋਂ ਚਲਾਈ ਗਈ ਤੀਰਥ ਯਾਤਰਾ ਸਕੀਮ ਵਾਂਗ ਪੰਜਾਬ ਸਰਕਾਰ ਨੂੰ ਵੀ ਕੋਈ ਸਕੀਮ ਚਲਾਉਣੀ ਚਾਹੀਦੀ ਹੈ। ਜੇ ਕੈਪਟਨ ਸਰਕਾਰ ਨੇ ਕੁਝ ਨਾ ਕੀਤਾ ਤਾਂ ਕੇਂਦਰ ਸਰਕਾਰ ਨਾਲ ਇਸ ਨੂੰ ਵਿਚਾਰਿਆ ਜਾਵੇਗਾ। ਪਹਿਲੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ।

Anuradha

This news is Content Editor Anuradha