ਹਵਾਈ ਅੱਡਿਆਂ ਤੇ ਐਵਾਰਡਾ ਤੋਂ ਗਾਂਧੀ ਪਰਿਵਾਰ ਦਾ ਨਾਂ ਹਟਾਇਆ ਜਾਵੇ : ਮਜੀਠੀਆ

12/24/2018 11:30:02 AM

ਚੰਡੀਗੜ੍ਹ (ਰਮਨਜੀਤ) : ਸ਼੍ਰੋਮਣੀ ਅਕਾਲੀ ਦਲ ਨੇ 'ਗਾਂਧੀ ਪਰਿਵਾਰ' ਦੇ ਨਾਂ 'ਤੇ ਰੱਖੇ ਗਏ ਹਵਾਈ ਅੱਡਿਆਂ, ਐਵਾਰਡਾਂ ਅਤੇ ਸਮਾਜ ਭਲਾਈ ਸਕੀਮਾਂ ਦੇ ਨਾਵਾਂ ਨੂੰ ਤੁਰੰਤ ਬਦਲੇ ਜਾਣ ਦੀ ਮੰਗ ਕਰਦਿਆਂ ਕਿਹਾ ਹੈ ਕਿ 1984 ਕਤਲੇਆਮ ਵਰਗਾ ਘਿਨੌਣਾ ਕਾਰਾ ਕਰਾਉਣ ਵਾਲੇ ਇਸ ਪਰਿਵਾਰ ਦੇ ਨਾਂ ਜਨਤਕ ਥਾਵਾਂ ਦਾ ਸ਼ਿੰਗਾਰ ਬਣਾਉਣਾ ਦੇਸ਼ ਅੱਗੇ ਇਕ ਮਾੜੀ ਮਿਸਾਲ ਪੇਸ਼ ਕਰਨਾ ਹੈ। ਇਸ ਸਬੰਧੀ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਆਗੂਆਂ ਵਲੋਂ ਕੀਤੇ ਘਿਨੌਣੇ ਅਪਰਾਧਾਂ 'ਤੇ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਤਾਜ਼ਾ ਬਿਆਨਬਾਜ਼ੀ ਨੇ ਉਨ੍ਹਾਂ ਦੇ ਦੋਗਲੇਪਣ ਨੂੰ ਨੰਗਾ ਕਰ ਦਿੱਤਾ ਹੈ। 
'ਗਾਂਧੀ ਪਰਿਵਾਰ' ਦੇ ਨਾਂ 'ਤੇ ਸ਼ੁਰੂ ਕੀਤੀਆਂ ਸਾਰੀਆਂ ਸਕੀਮਾਂ ਨੂੰ ਵਾਪਸ ਲੈਣ ਲਈ ਆਖਦਿਆਂ ਮਜੀਠੀਆ ਨੇ ਕਿਹਾ ਕਿ 1984 'ਚ ਨਿਰਦੋਸ਼ ਸਿੱਖਾਂ ਦੇ ਕਤਲੇਆਮ ਨਾਲ ਜੁੜਿਆ ਇਕ ਨਾਂ ਅਜਿਹਾ ਸਨਮਾਨ ਲੈਣ ਦਾ ਹੱਕਦਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਅਜਿਹੇ ਬਹੁਤ ਸਾਰੇ ਈਮਾਨਦਾਰ ਆਗੂ ਹੋ ਚੁੱਕੇ ਹਨ, ਜਿਹੜੇ ਇਸ ਸਨਮਾਨ ਦੇ ਹੱਕਦਾਰ ਹਨ। ਸਾਡੇ ਧਰਮ ਨਿਰਪੱਖ ਸਮਾਜ ਵਲੋਂ ਅਜਿਹੇ ਪਰਿਵਾਰ ਦਾ ਬਾਈਕਾਟ ਕਰਨ ਦੀ ਲੋੜ ਹੈ, ਜਿਸ ਦੇ ਹੱਥ ਨਿਰਦੋਸ਼ਾਂ ਦੇ ਖੂਨ ਨਾਲ ਰੰਗੇ ਹਨ ਤੇ ਜਿਸ ਨੇ ਸਾਡੇ ਦੇਸ਼ ਦੀ ਵਿਭਿੰਨਤਾ ਦਾ ਸ਼ੋਸ਼ਣ ਕੀਤਾ ਹੈ। ਦੇਸ਼ ਦਾ ਸਭ ਤੋਂ ਉੱਚਾ ਸਿਵਲ ਐਵਾਰਡ ਵੀ ਇਸ ਪਰਿਵਾਰ ਨੂੰ ਨਹੀਂ ਸੀ ਦੇਣਾ ਚਾਹੀਦਾ।    

Babita

This news is Content Editor Babita