ਆਵਾਰਾ ਪਸ਼ੂਆਂ ਦੀ ਸਮੱਸਿਆ ਦੇ ਹੱਲ ਲਈ ਹੰਗਾਮੀ ਕਦਮ ਚੁੱਕੇ ਸਰਕਾਰ : ਮਜੀਠੀਆ

08/18/2019 9:49:56 AM

ਚੰਡੀਗੜ੍ਹ (ਅਸ਼ਵਨੀ) - ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਆਵਾਰਾ ਪਸ਼ੂਆਂ ਤੋਂ ਪੰਜਾਬੀਆਂ ਦੀ ਜਾਨ ਅਤੇ ਮਾਲ ਦੀ ਰਾਖੀ ਲਈ ਤੁਰੰਤ ਹੰਗਾਮੀ ਕਦਮ ਚੁੱਕੇ। ਪਾਰਟੀ ਨੇ ਕਿਹਾ ਹੈ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਗਊਸ਼ਾਲਾਵਾਂ ਅਤੇ ਮੱਝਾਂ ਦੇ ਵਾੜਿਆਂ ਦੀ ਉਸਾਰੀ ਅਤੇ ਸੰਭਾਲ ਲਈ ਕੀਤੇ ਗਏ ਸਾਰੇ ਉਪਰਾਲਿਆਂ ਨੂੰ ਕਾਂਗਰਸ ਸਰਕਾਰ ਵਲੋਂ ਠੱਪ ਕੀਤਾ ਜਾ ਚੁੱਕਾ ਹੈ। ਇਥੋਂ ਤੱਕ ਕਿ ਲੋਕਾਂ ਕੋਲੋਂ ਲਏ ਜਾ ਰਹੇ ਗਊ ਸੈੱਸ ਦੀ ਆਵਾਰਾ ਪਸ਼ੂਆਂ ਦੀ ਸੰਭਾਲ ਲਈ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਵਾਰਾ ਪਸ਼ੂਆਂ ਕਾਰਣ ਵਾਪਰੇ ਹਾਦਸਿਆਂ ਕਰਕੇ ਸੂਬੇ ਅੰਦਰ ਕਿੰਨੇ ਹੀ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਪਸ਼ੂਆਂ ਵਲੋਂ ਕੀਤੇ ਜਾ ਰਹੇ ਫਸਲਾਂ ਦੇ ਉਜਾੜੇ ਨੇ ਕਿਸਾਨਾਂ ਦੇ ਨੱਕ 'ਚ ਦਮ ਕੀਤਾ ਹੋਇਆ ਹੈ। ਮਜੀਠੀਆ ਨੇ ਕਿਹਾ ਕਿ ਪਿਛਲੇ ਢਾਈ ਸਾਲਾਂ 'ਚ ਆਵਾਰਾ ਪਸ਼ੂਆਂ ਕਰਕੇ ਸੂਬੇ ਅੰਦਰ ਕਰੀਬ 500 ਮੌਤਾਂ ਹੋ ਚੁੱਕੀਆਂ ਹਨ ਅਤੇ ਪਿਛਲੇ ਇਕ ਮਹੀਨੇ ਅੰਦਰ ਅਜਿਹੀਆਂ ਮੌਤਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਕ ਪੁਲਸ ਅਧਿਕਾਰੀ, ਕੁਝ ਨੌਜਵਾਨ ਅਤੇ ਵਪਾਰੀ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੋ ਚੁੱਕੇ ਹਨ ਪਰ ਕਾਂਗਰਸ ਸਰਕਾਰ ਨੇ ਇਸ ਗੰਭੀਰ ਅਤੇ ਵੱਡੇ ਮੁੱਦੇ ਨੂੰ ਹੱਲ ਕਰਨ ਲਈ ਹੁਣ ਤੱਕ ਕੁਝ ਨਹੀਂ ਕੀਤਾ। ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਗਊਆਂ ਦੀ ਭਲਾਈ ਅਤੇ ਆਵਾਰਾ ਪਸ਼ੂਆਂ ਨੂੰ ਲੋਕਾਂ ਲਈ ਮੁਸਬੀਤ ਬਣਨ ਤੋਂ ਰੋਕਣ ਲਈ ਬਹੁਤ ਸਾਰੇ ਢੁੱਕਵੇਂ ਕਦਮ ਚੁੱਕੇ ਸਨ। ਇਨ੍ਹਾਂ 'ਚ ਪੰਜਾਬ ਗਊ ਸੇਵਾ ਕਮਿਸ਼ਨ ਸਥਾਪਤ ਕਰਨਾ ਵੀ ਸ਼ਾਮਿਲ ਸੀ, ਜਿਸ ਨੂੰ ਸੱਤਾ ਸੰਭਾਲਦੇ ਹੀ ਕਾਂਗਰਸ ਸਰਕਾਰ ਨੇ ਭੰਗ ਕਰ ਦਿੱਤਾ।

rajwinder kaur

This news is Content Editor rajwinder kaur