ਰੰਧਾਵਾ ਦਾ ਵਿਵਾਦਤ ਬਿਆਨ, ਬਿਕਰਮ ਮਜੀਠੀਆ ਨੂੰ ਕਿਹਾ ਤੋਤਲਾ ਗੈਂਗਸਟਰ

03/03/2020 6:55:37 PM

ਚੰਡੀਗੜ੍ਹ (ਵੈੱਬ ਡੈਸਕ) : ਅਕਾਲੀ ਲੀਡਰ ਬਿਕਰਮ ਮਜੀਠੀਆ ਵਲੋਂ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਲਗਾਏ ਸੰਬੰਧਾਂ ਦੇ ਦੋਸ਼ਾਂ ਦਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਤਿੱਖਾ ਜਵਾਬ ਦਿੱਤਾ ਹੈ। ਰੰਧਾਵਾ ਨੇ ਕਿਹਾ ਕਿ ਜੱਗ ਭਗਵਾਨਪੁਰੀਆ ਵਲੋਂ ਜੇਲ ਵਿਚ ਜਿਹੜੇ ਜਨਮ ਦਿਨ ਮਨਾਏ ਜਾਣ ਦੀ ਗੱਲ ਮਜੀਠੀਆ ਕਰ ਰਿਹਾ ਹੈ, ਉਹ ਉਨ੍ਹਾਂ ਦੇ ਜੇਲਾਂ ਦਾ ਚਾਰਜ ਲੈਣ ਤੋਂ ਪਹਿਲਾਂ ਮਨਾਇਆ ਗਿਆ ਸੀ। ਰੰਧਾਵਾ ਨੇ ਕਿਹਾ ਕਿ ਪੰਜਾਬ ਵਿਚ ਚਿੱਟਾ ਲਿਆਉਣ ਦਾ ਕਾਰੋਬਾਰ ਹੀ ਬਿਕਰਮ ਮਜੀਠੀਆ ਤੋਂ ਸ਼ੁਰੂ ਹੋਇਆ ਸੀ ਪਰ ਇਸ ਦੇ ਬਾਵਜੂਦ ਸਾਡੀ ਸਰਕਾਰ ਅਤੇ ਪੁਲਸ ਇਸ 'ਤੇ ਕਾਰਵਾਈ ਨਹੀਂ ਕਰ ਰਹੀ। ਸਿਰਫ ਜੱਗੂ ਭਗਵਾਨਪੁਰੀਆ ਹੀ ਨਹੀਂ ਪੰਜਾਬ ਵਿਚ ਜਿੰਨੇ ਵੀ ਗੈਂਗਸਟਰ ਹਨ ਸਾਰਿਆਂ ਦਾ ਲੀਡਰ ਮਜੀਠੀਆ ਹੈ। ਰੰਧਾਵਾ ਨੇ ਆਖਿਆ ਕਿ ਡਰੱਗ ਰੈਕੇਟ ਵਿਚ ਫੜੇ ਗਏ ਭੋਲੇ ਨੇ ਵੀ ਇਹ ਗੱਲ ਆਖੀ ਹੈ ਕਿ ਪੰਜਾਬ ਵਿਚ ਡਰੱਗ ਵੇਚਣ ਦਾ ਸਰਗਣਾ ਬਿਕਰਮ ਮਜੀਠੀਆ ਹੈ। 

ਬਿਕਰਮ ਮਜੀਠੀਆ ਨੂੰ ਤੋਤਲਾ ਗੈਂਗਸਟਰ ਆਖਦੇ ਹੋਏ ਰੰਧਾਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਜੇਲਾਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਗਿਆ ਹੈ ਅਤੇ ਉਹ ਮਜੀਠੀਆ ਦੇ ਕਹਿਣ 'ਤੇ ਇਸ ਨੂੰ ਬੰਦ ਨਹੀਂ ਕਰਨਗੇ। ਰੰਧਾਵਾ ਨੇ ਕਿਹਾ ਕਿ ਜਿਸ ਦਿਨ ਦਾ ਬਾਦਲਾਂ ਨੇ ਬਿਕਰਮ ਮਜੀਠੀਆ ਨੂੰ ਸਿਆਸਤ ਵਿਚ ਲਿਆਂਦਾ ਹੈ, ਉਦੋਂ ਦਾ ਉਸ ਨੇ ਅਕਾਲੀ ਦਲ ਨੂੰ ਅਤੇ ਪੰਜਾਬ ਦੀ ਜਵਾਨੀ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਰੰਧਾਵਾ ਨੇ ਮਜੀਠੀਆ ਵਲੋਂ ਜੱਗੂ ਭਗਵਾਨਪੁਰੀਆ ਦੀ ਮਾਂ ਨੂੰ ਸ਼ਹਿ ਦੇਣ ਦੇ ਲਗਾਏ ਦੋਸ਼ਾਂ ਨੂੰ ਵੀ ਖਾਰਜ ਕੀਤਾ ਹੈ। ਉਨ੍ਹਾਂ ਮੁੜ ਦੁਹਰਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਪੁਲਸ ਨੂੰ ਮਜੀਠੀਆ 'ਤੇ ਕਾਰਵਾਈ ਕਰਨੀ ਚਾਹੀਦੀ ਹੈ। 

ਇਸ ਦੇ ਨਾਲ ਹੀ ਰੰਧਾਵਾ ਨੇ ਆਖਿਆ ਕਿ ਮੁੱਖ ਮੰਤਰੀ ਅਤੇ ਉਨ੍ਹਾਂ ਵਲੋਂ ਕੇਂਦਰ ਸਰਕਾਰ ਨੂੰ ਪੰਜਾਬ ਦੇ ਚੋਟੀ ਦੇ 12 ਗੈਂਗਸਟਰਾਂ ਦੀ ਸੂਚੀ ਭੇਜੀ ਗਈ ਹੈ ਅਤੇ ਕੇਂਦਰ ਨੂੰ ਅਪੀਲ ਕੀਤੀ ਗਈ ਹੈ ਕਿ ਜਿਸ ਤਰ੍ਹਾਂ ਜੰਮੂ-ਕਸ਼ਮੀਰ ਦੇ ਖਤਰਨਾਕ ਅੱਤਵਾਦੀਆਂ ਨੂੰ ਦੂਜੇ ਸੂਬਿਆਂ ਦੀਆਂ ਜੇਲਾਂ ਵਿਚ ਸ਼ਿਫਟ ਕੀਤਾ ਗਿਆ ਹੈ, ਉਸੇ ਤਰ੍ਹਾਂ ਪੰਜਾਬ ਦੇ ਇਨ੍ਹਾਂ 12 ਗੈਂਗਸਟਰਾਂ ਨੂੰ ਤਾਮਿਲਨਾਡੂ ਜਾਂ ਕਿਸੇ ਹੋਰ ਸੂਬੇ ਦੀਆਂ ਜੇਲ ਵਿਚ ਸ਼ਿਫਟ ਕੀਤਾ ਜਾਵੇ। ਜਿੱਥੇ ਨਾ ਤਾਂ ਇਨ੍ਹਾਂ ਨੂੰ ਉਥੋਂ ਦੀ ਭਾਸ਼ਾ ਸਮਝ ਆਵੇਗੀ ਅਤੇ ਨਾ ਹੀ ਇਹ ਜੇਲਾਂ 'ਚੋਂ ਕਿਸੇ ਨਾਲ ਸੰਪਰਕ ਕਰ ਸਕਣਗੇ। ਰੰਧਾਵਾ ਨੇ ਚੈਲੇਂਜ ਕਰਦਿਆਂ ਆਖਿਆ ਕਿ ਉਹ ਆਪਣੇ 'ਤੇ ਹਰ ਤਰ੍ਹਾਂ ਦੀ ਜਾਂਚ ਕਰਵਾਉਣ ਦੀ ਤਿਆਰ ਹਨ ਅਤੇ ਮਜੀਠੀਆ ਵੀ ਇਸ ਲਈ ਤਿਆਰ ਹੋਵੇ।

Gurminder Singh

This news is Content Editor Gurminder Singh