ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਗ੍ਰਿਫ਼ਤਾਰ ਸ਼ੂਟਰਾਂ ਦੇ ਮਾਮਲੇ ’ਚ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਬਿਆਨ

06/21/2022 12:58:32 PM

ਸੰਗਰੂਰ : ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਦੋ ਸ਼ਾਰਪ ਸ਼ੂਟਰਾਂ ਸਣੇ ਤਿੰਨ ਨੂੰ ਦਿੱਲੀ ਪੁਲਸ ਨੇ ਬੀਤੇ ਦਿਨੀਂ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦੀ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਮੁੱਖ ਮੰਤਰੀ ਨੇ ਆਖਿਆ ਹੈ ਕਿ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਕਿਹਾ ਕਿ ਗੈਂਗਸਟਰਾਂ ਨੇ ਵੱਡਾ ਨੈਕਸਸ ਬਣਾਇਆ ਹੋਇਆ ਹੈ, ਲਿਹਾਜ਼ਾ ਤਿੰਨ ਚਾਰ ਸੂਬਿਆਂ ਦੀ ਪੁਲਸ ਇਕੱਠਿਆਂ ਮਿਲ ਕੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ, ਰਾਜਸਥਾਨ, ਦਿੱਲੀ, ਹਰਿਆਣਾ ਦੀ ਪੁਲਸ ਵਲੋਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਸਿਰ ਤੋੜ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ਵਿਚ ਇਕ ਹੋਰ ਵੱਡਾ ਖ਼ੁਲਾਸਾ, ਚੋਣਾਂ ਸਮੇਂ ਹੀ ਕਰਨਾ ਸੀ ਕਤਲ

ਇਸ ਤੋਂ ਇਲਾਵਾ ਮਾਨ ਨੇ ਕਿਹਾ ਕਿ ਸਥਿਤੀ ਕਾਬੂ ਹੇਠ ਹੈ, ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਵੀ ਪੂਰੀ ਤਰ੍ਹਾਂ ਕੰਟਰੋਲ ’ਚ ਹੈ ਜਦਕਿ ਵਿਰੋਧੀਆਂ ਵਲੋਂ ਮਾੜਾ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੰਜਾਬ ਵਿਚ ਲਗਾਤਾਰ ਲਿਖੇ ਜਾ ਰਹੇ ਖਾਲਿਸਤਾਨ ਦੇ ਨਾਅਰਿਆਂ ’ਤੇ ਮੁੱਖ ਮੰਤਰੀ ਨੇ ਕਿਹਾ ਕਿ ਕੁੱਝ ਲੋਕਾਂ ਵਲੋਂ ਜਾਣ ਬੁੱਝ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਾਈਚਾਰਕ ਸਾਂਝ ਇੰਨੀ ਕੱਚੀ ਨਹੀਂ ਹੈ ਕਿ ਕੰਧਾਂ ’ਤੇ ਕੁੱਝ ਲਿਖਣ ਨਾਲ ਟੁੱਟ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਕੱਲ੍ਹ ਨੂੰ ਸੂਬੇ ਦੇ ਸਕੂਲ ਖੋਲ੍ਹਣ ਦੇ ਹੁਕਮ

 

ਦੱਸਣਯੋਗ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਦੀ ਜ਼ਿਮਨੀ ਚੋਣ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਗ੍ਰਹਿ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ 23 ਜੂਨ ਨੂੰ ਹੋਣ ਵਾਲੀ ਚੋਣ ਵਿਚ ਲੋਕ ਸਭਾ ਹਲਕਾ ਸੰਗਰੂਰ ਦੇ ਲੋਕ ਇਸ ਵਾਰ ਫਿਰ ਆਮ ਆਦਮੀ ਪਾਰਟੀ ਦੇ ਹੱਕ ਵਿਚ ਫਤਵਾ ਦੇਣਗੇ। ਮਾਨ ਨੇ ਕਿਹਾ ਕਿ ਪਿਛਲੀਆਂ ਦੋ ਚੋਣਾਂ ਵਿਚ ਹਲਕੇ ਦੇ ਲੋਕਾਂ ਨੇ ਇਹ ਪੂਰੇ ਪੰਜਾਬ ਵਿਚ ਦੱਸ ਦਿੱਤਾ ਸੀ ਕਿ ਪੈਸੇ ਦੇ ਜ਼ੋਰ ਨਾਲ ਹਲਕਾ ਸੰਗਰੂਰ ਦੀ ਸੀਟ ਨਹੀਂ ਜਿੱਤਿਆ ਜਾ ਸਕਦਾ ਸਗੋਂ  ਕੰਮ ਕਰਨ ਵਾਲੇ ਵਿਅਕਤੀ ਨੂੰ ਹੀ ਲੋਕ ਵਿਧਾਨ ਸਭਾ ਅਤੇ ਲੋਕ ਸਭਾ ਵਿੱਚ ਭੇਜਦੇ ਹਨ। ਮਾਨ ਨੇ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਹਲਕੇ ਦੇ ਪਿੰਡਾਂ ਵਿਚ ਜਾ ਰਹੇ ਹਨ ਅਤੇ ਉਨ੍ਹਾਂ ਕੋਲ ਉਹੀ ਗੱਡੀ ਉਹੀ ਲੋਕ ਅਤੇ ਉਹੀ ਨਾਅਰੇ ਹਨ ਅਤੇ ਪਹਿਲਾਂ ਵਾਲਾ ਹੀ ਜੇਤੂ ਰਿਜ਼ਲਟ ਹੋਵੇਗਾ।  ਇਕ ਆਮ ਘਰ ਦਾ ਮੁੰਡਾ ਹਲਕਾ ਸੰਗਰੂਰ ਦੀ ਸੀਟ ਜਿੱਤ ਕੇ ਲੋਕ ਸਭਾ ਵਿਚ ਪੁੱਜੇਗਾ।

ਇਹ ਵੀ ਪੜ੍ਹੋ : ਬਾਬਾ ਬਕਾਲਾ ’ਚ ਵੱਡੀ ਵਾਰਦਾਤ, ਵਿਆਹ ਤੋਂ ਪਰਤ ਰਹੇ ਨੌਜਵਾਨ ਦੇ ਸਿਰ ’ਚ ਮਾਰੀ ਗੋਲ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

Gurminder Singh

This news is Content Editor Gurminder Singh