ਨਵਜੋਤ ਸਿੰਘ ਸਿੱਧੂ 'ਤੇ ਆ ਸਕਦੈ ਵੱਡਾ ਫ਼ੈਸਲਾ, ਪੰਜਾਬ ਕਾਂਗਰਸ ਦੀ ਹਾਈਕਮਾਨ ਨਾਲ ਮੀਟਿੰਗ ਅੱਜ (ਵੀਡੀਓ)

12/26/2023 12:15:16 PM

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਦਿੱਲੀ ਵਿਖੇ ਹਾਈਕਮਾਨ ਨਾਲ ਅੱਜ ਅਹਿਮ ਮੀਟਿੰਗ ਹੋਣ ਜਾ ਰਹੀ ਹੈ। ਇਸ ਮੀਟਿੰਗ 'ਚ ਰਾਜਾ ਵੜਿੰਗ, ਪ੍ਰਤਾਪ ਸਿੰਘ ਬਾਜਵਾ, ਨਵਜੋਤ ਸਿੰਘ ਸਿੱਧੂ ਸਮੇਤ ਕਈ ਵੱਡੇ ਆਗੂਆਂ ਦੇ ਸ਼ਾਮਲ ਹੋਣ ਦੀ ਗੱਲ ਕਹੀ ਜਾ ਰਹੀ ਹੈ। ਮੀਟਿੰਗ ਦਾ ਸਮਾਂ ਅੱਜ ਸ਼ਾਮ ਸਾਢੇ 4 ਵਜੇ ਦੇ ਕਰੀਬ ਦੱਸਿਆ ਜਾ ਰਿਹਾ ਹੈ। ਮੀਟਿੰਗ ਦੌਰਾਨ ਜਿੱਥੇ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤੇ ਜਾਣ ਦੀ ਸੰਭਾਵਨਾ ਹੈ, ਉੱਥੇ ਹੀ ਨਵਜੋਤ ਸਿੰਘ ਸਿੱਧੂ ਦਾ ਮੁੱਦਾ ਵੀ ਮੀਟਿੰਗ ਦੌਰਾਨ ਚੁੱਕਿਆ ਜਾਵੇਗਾ ਕਿਉਂਕਿ ਪਿਛਲੇ ਦਿਨੀਂ ਨਵਜੋਤ ਸਿੱਧੂ ਅਤੇ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਸ਼ਬਦੀ ਜੰਗ ਛਿੜੀ ਸੀ।

ਇਹ ਵੀ ਪੜ੍ਹੋ : ਪੰਜਾਬ 'ਚ ਸੰਘਣੀ ਧੁੰਦ ਦਾ ਕਹਿਰ, ਮੌਸਮ ਵਿਭਾਗ ਵੱਲੋਂ ਕਈ ਜ਼ਿਲ੍ਹਿਆਂ 'ਚ Orange ਅਲਰਟ ਜਾਰੀ

ਬਾਜਵਾ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਵੱਖਰਾ ਅਖਾੜਾ ਲਾਉਣਾ ਬੰਦ ਕਰਨ। ਬਾਜਵਾ ਨੇ ਕਿਹਾ ਸੀ ਕਿ ਸਿੱਧੂ ਦੀ ਪ੍ਰਧਾਨਗੀ 'ਚ ਕਾਂਗਰਸ 78 ਤੋਂ 18 ਸੀਟਾਂ 'ਤੇ ਆ ਗਈ ਸੀ। ਸਿੱਧੂ ਨੇ ਪਲਟਵਾਰ ਕਰਦਿਆਂ ਕਿਹਾ ਸੀ ਕਿ 78 ਤੋਂ 18 ਸੀਟਾਂ 'ਤੇ ਆਉਣ ਲਈ ਸਿਰਫ ਪ੍ਰਧਾਨ ਦੀ ਜ਼ਿੰਮੇਵਾਰੀ ਨਹੀਂ ਸੀ। ਇੱਥੋਂ ਤੱਕ ਕਿ ਕਈ ਕਾਂਗਰਸੀ ਆਗੂਆਂ ਨੇ ਨਵਜੋਤ ਸਿੱਧੂ ਨੂੰ ਪਾਰਟੀ ਤੋਂ ਬਰਖ਼ਾਸਤ ਤੱਕ ਕਰਨ ਦੀ ਮੰਗ ਵੀ ਹਾਈਕਮਾਨ ਨੂੰ ਕਰ ਦਿੱਤੀ ਸੀ। ਇਸ ਸਾਰੇ ਮੁੱਦੇ ਬਾਰੇ ਮੀਟਿੰਗ ਦੌਰਾਨ ਚਰਚਾ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਪੰਜਾਬ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਨੂੰ ਲੈ ਕੇ Alert, ਡਾਕਟਰਾਂ ਨੇ ਦਿੱਤੀ ਖ਼ਾਸ ਸਲਾਹ

ਇਸ ਦੇ ਨਾਲ ਹੀ ਇੰਡੀਆ ਗਠਜੋੜ ਨੂੰ ਲੈ ਕੇ ਜੋ ਚਰਚਾ ਚੱਲ ਰਹੀ ਹੈ, ਉਸ 'ਤੇ ਵੀ ਹਾਈਕਮਾਨ ਵੱਲੋਂ ਪੰਜਾਬ ਕਾਂਗਰਸ ਦੀ ਨਬਜ਼ ਟਟੋਲਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਸਮੇਂ ਸਭ ਤੋਂ ਵੱਡਾ ਸਵਾਲ ਇਹੀ ਬਣਿਆ ਹੋਇਆ ਹੈ ਕਿ ਕੀ ਕਾਂਗਰਸ ਪੰਜਾਬ 'ਚ ਆਮ ਆਦਮੀ ਪਾਰਟੀ ਨਾਲ ਗਠਜੋੜ ਕਰੇਗੀ ਜਾਂ ਨਹੀਂ ਕਿਉਂਕਿ ਪੰਜਾਬ ਦੇ ਬਹੁਤੇ ਕਾਂਗਰਸੀ ਆਗੂ ਆਮ ਆਦਮੀ ਪਾਰਟੀ ਨਾਲ ਗਠਜੋੜ ਕਰਨ ਦੇ ਹੱਕ 'ਚ ਨਹੀਂ ਹਨ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 

Babita

This news is Content Editor Babita