ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਵੱਡਾ ਬਵਾਲ : ਜੰਗ ਵਰਗਾ ਮਾਹੌਲ ਬਣਿਆ

02/14/2024 11:48:47 AM

ਪਟਿਆਲਾ/ਘਨੌਰ (ਮਨਦੀਪ ਜੋਸਨ, ਅਲੀ, ਗੁਰਪਾਲ)- ਹਰਿਆਣਾ ਸਰਕਾਰ ਵੱਲੋਂ ਲਗਾਈ ਧਾਰਾ 144 ਤੋਂ ਬੇਪ੍ਰਵਾਹ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੀ ਅਗਵਾਈ ਹੇਠ ਅੱਜ ਸੰਭੂ ਅਤੇ ਖਨੌਰੀ ਬਾਰਡਰ ’ਤੇ 50 ਹਜ਼ਾਰ ਤੋਂ ਵੱਧ ਪੁੱਜੇ ਕਿਸਾਨਾਂ ਦਾ ਹਰਿਆਣਾ ਪੁਲਸ ਤੇ ਫੌਜ ਨਾਲ ਸਿੱਧੇ ਤੌਰ ’ਤੇ ਪੇਚਾ ਪਿਆ ਰਿਹਾ ਅਤੇ ਵੱਡਾ ਬਵਾਲ ਮਚਿਆ ਰਿਹਾ। ਪੁਲਸ ਦਾ ਲਾਠੀਚਾਰਜ, ਹੰਝੂ ਗੈਸ ਦੇ ਗੋਲੇ, ਅਪੀਲਾਂ, ਧਮਕੀਆਂ ਸਾਰੀਆਂ ਬੇਅਸਰ ਹੋ ਗਈਆਂ। ਖਬਰ ਲਿਖੇ ਜਾਣ ਤੱਕ 6 ’ਚੋਂ 3 ਬੈਰੀਕੇਟ ਤੋੜੇ ਜਾ ਚੁੱਕੇ ਸਨ ਅਤੇ ਕਿਸਾਨ ਦਿੱਲੀ ਵੱਲ ਵਧਣ ਲਈ ਬਜਿੱਦ ਸਨ। ਇਕ ਤਰ੍ਹਾਂ ਦੋਵੇਂ ਬਾਰਡਰਾਂ ’ਤੇ ਮਾਹੌਲ ਜੰਗ ਵਰਗਾ ਬਣਿਆ ਹੋਇਆ ਸੀ। ਸਵੇਰ ਤੋਂ ਹੀ ਕਿਸਾਨ ਲਗਾਤਾਰ ਦੋਵੇਂ ਬਾਰਡਰਾਂ ’ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਦੋਵੇਂ ਬਾਰਡਰਾਂ ’ਤੇ ਲਗਭਗ 5-5 ਕਿਲੋਮੀਟਰ ਲੰਬੀਆਂ ਟਰੈਕਟਰ-ਟਰਾਲੀਆਂ ਦੀ ਲਾਈਨਾਂ ਸਨ। ਹਜ਼ਾਰਾਂ ਕਿਸਾਨ ਲਗਾਤਾਰ ਪੁਲਸ ਵੱਲੋਂ ਕੀਤੇ ਇੰਤਜ਼ਾਮਾਂ ਨੂੰ ਖਤਮ ਕਰ ਰਹੇ ਸਨ। ਬੈਰੀਕੇਟਾਂ ਨੂੰ ਟਰੈਕਟਰਾਂ ਨਾਲ ਖਿੱਚ ਕੇ ਸੁਟਿਆ ਜਾ ਰਿਹਾ ਸੀ ਅਤੇ ਲੱਗੀਆਂ ਰੋਕਾਂ ਹਟਾਈਆਂ ਜਾ ਰਹੀਆਂ ਸਨ। ਕਿਸਾਨਾਂ ਦਾ ਜੋਸ਼ ਲਗਾਤਾਰ ਵਧਦਾ ਜਾ ਰਿਹਾ ਸੀ। ਦੇਰ ਸ਼ਾਮ ਤੱਕ ਪੰਜਾਬ ’ਚੋਂ ਕਿਸਾਨ ਹੋਰ ਟਰੈਕਟਰ-ਟਰਾਲੀਆਂ ਰਾਹੀਂ ਪੁੱਜ ਰਹੇ ਸਨ, ਜਿਸ ਨੇ ਕੇਂਦਰ ਤੇ ਹਰਿਆਣਾ ਸਰਕਾਰ ਦੇ ਮੱਥੇ ’ਤੇ ਵੱਡੀਆਂ ਚਿੰਤਾ ਦੀ ਲਕੀਰਾਂ ਖੜ੍ਹੀਆਂ ਕਰ ਦਿੱਤੀਆਂ ਸਨ। ਦੋਵੇਂ ਬਾਰਡਰਾਂ ’ਤੇ ਹਰਿਆਣਾ ਪੁਲਸ ਦੀ ਭਾਰੀ ਫੋਰਸ ਤਾਇਨਾਤ ਹੋਣ ਦੇ ਨਾਲ-ਨਾਲ ਸੀਮੇਂਟ ਦੀਆਂ ਭਾਰੀ ਮੋਟੀ ਦੀਵਾਰਾਂ ਬਣਾ ਕੇ ਕਿਸਾਨਾਂ ਨੂੰ ਰੋਕਣ ਲਈ ਬੈਰੀਕੇਟ ਲਗਾਏ ਗਏ ਅਤੇ ਬਹੁ-ਗਿਣਤੀ ਇਕੱਤਰ ਹੋਏ ਕਿਸਾਨਾਂ ’ਤੇ ਹਰਿਆਣਾ ਪੁਲਸ ਨੇ ਵੱਡੀ ਤਾਦਾਦ ’ਚ ਹੰਝੂ ਗੈਸ ਦੇ ਗੋਲ ਛੱਡੇ ਗਏ। ਇਸ ਤੋਂ ਬਾਅਦ ਕਿਸਾਨਾਂ ਨੇ ਇਕ-ਇਕ ਕਰ ਕੇ ਟਰੈਕਟਰਾਂ ਦੀ ਮਦਦ ਨਾਲ ਸੇਫਟੀ ਬੈਰੀਕੇਡਜ਼ ਨੂੰ ਤੋੜ ਦਿੱਤਾ। ਪੁਲਸ ਵੱਲੋਂ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਾਣੀ ਦੀਆਂ ਬੌਛਾਰਾਂ ਅਤੇ ਰਬੜ ਦੀਆਂ ਗੋਲੀਆਂ ਚਲਾਈ ਗਈ।

ਇਹ ਵੀ ਪੜ੍ਹੋ : ਦਿੱਲੀ ਚਲੋ ਕਿਸਾਨ ਅੰਦੋਲਨ : ਸਰਵਣ ਸਿੰਘ ਪੰਧੇਰ ਤੋਂ ਸੁਣੋ ਕਿਸਾਨਾਂ ਦੀ ਮੌਤ ਦਾ ਸੱਚ!

ਇਹ ਹਨ ਅਹਿਮ ਮੰਗਾਂ

ਦੱਸਣਯੋਗ ਹੈ ਕਿ ਲੰਘੇ ਦਿਨੀਂ ਕਿਸਾਨ ਆਗੂਆਂ ਦੀ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੀਟਿੰਗ ਵੀ ਬੇਸਿੱਟਾ ਰਹੀ। ਇਸ ਤੋਂ ਬਾਅਦ ਕਿਸਾਨਾਂ ਨੇ ਕੀਤੇ ਗਏ ਐਲਾਨ ਤਹਿਤ ਦਿੱਲੀ ਕੂਚ ਕਰ ਦਿੱਤਾ ਗਿਆ। ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਮਕਸਦ ਆਪਣੀਆਂ ਮੰਗਾਂ ’ਚ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਦੀ ਕਾਨੂੰਨੀ ਗਾਰੰਟੀ ਤੋਂ ਇਲਾਵਾ ਸਵਾਮੀਨਾਥਨ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਨ, ਕਿਸਾਨਾਂ ਤੇ ਖੇਤ ਮਜ਼ਦੂਰਾਂ ਲਈ ਪੈਨਸ਼ਨ, ਕਿਸਾਨੀ ਕਰਜ਼ੇ ਮੁਆਫ਼ ਕਰਨ, ਪੁਲਸ ਵੱਲੋਂ ਦਰਜ ਕੀਤੇ ਕੇਸ ਵਾਪਸ ਲੈਣ, ਲਖੀਮਪੁਰੀ ਦੇ ਪੀੜਤਾਂ ਨੂੰ ਰਾਹਤ ਦੇਣ ਆਦਿ ਸ਼ਾਮਲ ਹਨ। ਕਿਸਾਨ ‘ਨਿਆਂ’, ਭੂਮੀ ਗ੍ਰਹਿਣ ਕਾਨੂੰਨ 2013 ਨੂੰ ਬਹਾਲ ਕਰਨ ਅਤੇ ਪਿਛਲੇ ਅੰਦੋਲਨ ਦੌਰਾਨ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਲਈ ਮੁਆਵਜ਼ੇ ਦੀ ਮੰਗ ਕਰ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

DIsha

This news is Content Editor DIsha